ਨਜ਼ਮ: ਅਹਿ ਅਜ਼ਾਦੀ...

ਅਹਿ ਅਜ਼ਾਦੀ

ਅਹਿ ਅਜ਼ਾਦੀ!

ਸੁਣ!

ਤੈਨੂੰ ਭਾਰਤ ਆਈ ਨੂੰ ਅੱਜ,

ਭਾਵੇਂ ੬੦ ਸਾਲ ਹੋ ਗਏ ਨੇ

ਪਰ ਤੂੰ ਸਦਾ ਉਨ੍ਹਾਂ ਤੋਂ ਦੂਰ ਹੀ ਰਹੀ

ਜਿਨ੍ਹਾਂ ਨੇ ਤੇਰੇ ਰਾਹਾਂ ਵਿੱਚ ਆਪਣੇ ਸਾਹ,

ਫੁੱਲਾਂ ਦੀ ਥਾਵੇਂ ਵਿਛਾਏ ਸਨ

ਜਿਨ੍ਹਾਂ ਨੇ ਆਪਣੇ ਖ਼ੂਨ ਨਾਲ ਤੇਰੇ ਝੰਡੇ ਉੱਪਰ,

ਰੰਗ ਚੜ੍ਹਾਏ ਸਨ।

ਪਰ,

ਤੂੰ ਹਾਕਮ ਨਾਲ ਰਲ਼ ਕੇ ਪਤਾ ਨਹੀਂ,

ਕਿਹੜੇ ਨਸ਼ੇ ਵਿੱਚ ਮਗਰੂਰ ਹੀ ਰਹੀ?

ਤੂੰ ਆਈ ਸੀ ਮੁੱਹਬਤ ਹੋਰਾਂ ਦੀ ਬਣਕੇ,

ਪਰ ਹਾਕਮ ਦੀ ਬਣੀ ਹੂਰ ਹੀ ਰਹੀ

ਉਨ੍ਹਾਂ ਦੀ ਤੈਂ ਕਦੀ ਵੀ,

ਪਰਵਾਹ ਨਹੀਂ ਕੀਤੀ

ਜਿਨ੍ਹਾਂ ਦੇ ਖ਼ੂਨ ਨਾਲ ਲਬਰੇਜ਼ ਹੈ,

ਤੇਰੀ ਧਰਤੀ ਦੀ ਜ਼ਰਖੇਜ਼

ਤੇਰਾ ਕਣ ਕਣ, ਤੇਰਾ ਇਹ ਦੇਸ

ਤੇਰੇ ਇਹ ਵਣ, ਤੇਰੇ ਇਹ ਖੇਤ

ਜਰਾ ਜਰਾ ਤੇਰਾ,

ਗਵਾਹ ਹੈ ਉਨ੍ਹਾਂ ਦੀ ਵਫ਼ਦਾਰੀ ਦਾ।

ਕਦੇ ਤਾਂ ਆਪਣੀ ਬੁੱਕਲ ਦਾ ਨਿੱਘ,

ਉਨ੍ਹਾਂ ਨੂੰ ਦੇਹ,

ਜੋ ਇਸ ਦੇ ਅਸਲੀ ਹੱਕਦਾਰ ਨੇ

ਅੱਜ ਵੀ, ਆਹ ਵੇਖ,

ਤੇਰੀ ਛੋਹ ਲਈ ਤਰਸਦੇ ਨਿੱਕੇ ਨਿੱਕੇ ਹੱਥ,

ਜਿਨ੍ਹਾਂ ਹੱਥਾਂ ਵਿੱਚ ਅੱਖਰਾਂ ਦੀ ਥਾਂ ਤੇ

ਮਜਬੂਰੀਆਂ ਦੇ ਠੂਠੇ ਫੜੇ ਹੋਏ ਨੇ

ਤੇਰੇ ਮੋਹ ਲਈ ਤਰਸਦੇ ਨੇ

ਭੁੱਖੀਆਂ ਕਿਰਚਾਂ ਨਾਲ ਭਰੇ ਹੋਏ ਨੈਣ

ਜਿਹੜੇ ਤੇਰੇ ਰਾਹ ਵਿੱਚ ਸਾਲਾਂ ਤੋਂ

ਸਿਜਦੇ ਕਰਦੇ ਆ ਰਹੇ ਨੇ,

ਰੋਟੀ ਦੇ ਇੱਕ ਟੁੱਕ ਦੀ ਖਾਤਿਰ।

ਤੈਨੂੰ ਪਾਉਣ ਦੀ ਪਿਆਸ

ਅਜੇ ਅਧੂਰੀ ਹੈ ਉਨ੍ਹਾਂ ਦਿਲਾਂ ਦੀ,

ਜਿਹੜੇ ਤੇਰੀ ਲਾਟ ਉੱਤੇ ਲਟ ਲਟ ਕਰ ਕੇ

ਬਲ਼ ਗਏ ਸੀ ਇੱਕ ਦਿਨ।

ਸੱਚ ਹੈ ਸਦੀਆਂ ਦਾ ਕਿ,

ਭਾਵੇਂ ਪਰਵਾਨਿਆਂ ਨੇ ਸ਼ਮ੍ਹਾ ਲਈ ਹਮੇਸ਼ਾਂ

ਜਾਨ ਅਰਪਨ ਕੀਤੀ,

ਪਰ ਸ਼ਮ੍ਹਾ ਹਮੇਸ਼ਾਂ ਬਲ਼ਦੀ ਰੱਖੀ,

ਬੁਝਣ ਨਹੀਂ ਦਿੱਤੀ

ਐਪਰ ਇਹ ਗੱਲ ਹੋਰ ਹੈ ਕਿ,

ਸ਼ਮ੍ਹਾ ਦੀ ਲੋਅ ਦਾ ਸਰੂਰ ਹੋਰ ਹੀ ਮਾਣਦੇ ਰਹੇ,

ਅਤੇ ਮਾਣ ਰਹੇ ਹਨ!

ਅੱਜ ਵੀ, ਅਜੇ ਵੀ

ਕੁਝ ਨਹੀਂ ਵਿਗੜਿਆ!

ਏਨੇ ਸਾਲਾਂ ਬਾਅਦ ਹੀ ਆ ਜਾ,

ਘਰ ਮੁੜਿਆ!

ਅਹਿ ਅਜ਼ਾਦੀ!

ਸੁਣ,

ਤੈਨੂੰ ਭਾਰਤ ਆਈ ਨੂੰ ਅੱਜ,

ਭਾਵੇਂ ੬੦ ਸਾਲ ਹੋ ਗਏ ਨੇ।

ਪਰ ਤੂੰ ਸਦਾ ਉਨ੍ਹਾਂ ਤੋਂ ਦੂਰ ਹੀ ਰਹੀ,

ਜਿਨ੍ਹਾਂ ਨੇ ਤੇਰੇ ਰਾਹਾਂ ਵਿੱਚ ਆਪਣੇ ਸਾਹ,

ਫੁੱਲਾਂ ਦੀ ਥਾਵੇਂ ਵਿਛਾਏ ਸਨ!

ਜਿਨ੍ਹਾਂ ਨੇ ਆਪਣੇ ਖ਼ੂਨ ਨਾਲ ਤੇਰੇ ਝੰਡੇ ਉੱਪਰ,

ਰੰਗ ਚੜ੍ਹਾਏ ਸਨ!!

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....