ਕਵਿਤਾ: ਮਹਿਬੂਬਾ...

ਮਹਿਬੂਬਾ

ਜਦ ਕਦੀ ਉਹਦੀ ਜ਼ੁਲਫ ਦਾ ਕਾਲਾ ਸ਼ਾਹ ਵਾਲ ਟੁੱਟ ਕੇ

ਮੇਰੇ ਜ਼ਿਹਨ ਦੀਆਂ ਬਿਖਰੀਆਂ ਤੰਦਾਂ ’ਚ ਫਸ ਜਾਂਦਾ ਏ

ਮੈਂ ਉਦਾਸ ਹੋ ਜਾਂਦਾ ਹਾਂ

ਜਦ ਕਦੀ ਉਹਦੇ ਛਲਕਦੇ ਨੈਣਾਂ ਦੇ ਪਿਆਲਿਆਂ ’ਚੋਂ

ਸਵਾਂਤੀ ਬੂੰਦ ਜਿਹਾ ਹੰਝੂ ਸੋਚਾਂ ਦੀ ਹਥੇਲੀ ਤੇ ਡਿੱਗ ਪੈਂਦਾ ਏ

ਮੈਂ ਉਦਾਸ …

ਜਦ ਕਦੀ ਉਹਦੇ ਹੋਠਾਂ ਦਾ ਸੁਰਖ਼ ਰੰਗ,

ਲਹੂ ਵਾਂਗ ਸਰੀਰ ਦੇ ਜਰੇ ਜਰੇ ਵਿੱਚ ਦੌੜਦਾ ਜਾਪਦਾ ਏ

ਮੈਂ ਉਦਾਸ …

ਜਦ ਕਦੀ ਉਹਦੇ ਸਹਿਮੇ ਹੋਏ ਮਦਹੋਸ਼ ਅੰਗਾਂ ’ਚ

ਕੁਦਰਤ ਦੀ ਖੁਸ਼ਬੋਈ ਅਧਮੋਈ ਹੋਈ ਦਿਸਦੀ ਏ

ਮੈਂ ਉਦਾਸ …

ਜਦ ਕਦੀ ਓਸ ਦੀ ਇਬਾਦਤ ‘ਚ ਮੇਰੀ ਕਲਮ ਆਪ ਮੁਹਾਰੇ

ਕੋਰੇ ਕਾਗ਼ਜ਼ ਦੀ ਹਿੱਕ ਤੇ ਤਾਜ਼ੇ ਜ਼ਖ਼ਮਾਂ ਨੂੰ ਝਰੀਟਦੀ ਏ

ਮੈਂ ਉਦਾਸ …

ਜਦ ਕਦੀ ਮੈਂ ਸੜਦੇ ਸ਼ਹਿਰ ਦੇ ਬਲ਼ਦੇ ਸਿਵਿਆਂ ‘ਚੋਂ

ਉਸ ਨੂੰ ਧੂੰਆਂ ਬਣ ਕੇ ਉੱਡਦਾ ਹੋਇਆ ਤੱਕਦਾ ਹਾਂ

ਮੈਂ ਉਦਾਸ …

ਜਦ ਕਦੀ ਉਹਦੇ ਵਿਹੜੇ ਵਾਲੀ ਹਵਾ ‘ਚੋਂ ਵੈਣਾਂ ਦੀ ਵਾਸ਼ਨਾ

ਮੇਰੇ ਮਨ ਦੇ ਵਿਹੜੇ ਨੂੰ ਅਣਭੋਲ ਹੀ ਤੁਰੀ ਆਉਂਦੀ ਏ

ਮੈਂ ਉਦਾਸ …

ਜਦ ਕਦੀ ਗੁੰਮਨਾਮ ਖ਼ਾਮੋਸ਼ੀਆਂ ਦੇ ਦਰਦ ਦਾ ਦਰਿਆ

ਉਹਦੇ ਅਤੇ ਮੇਰੇ ਸੀਨੇ ਤੇ ਇੱਕ ਹੀ ਵਹਿਣ ‘ਚੇ ਵਗਦਾ ਏ

ਮੈਂ ਉਦਾਸ ਹੋ ਜਾਂਦਾ ਹਾਂ

ਹਰ ਵਕਤ ਉਸ ਦੀਆਂ ਯਾਦਾਂ ਦਾ ਆਲਮ ਮੇਰੇ ਸਾਹਵਾਂ ‘ਚ

ਭਟਕਦੀ ਜਿੰਦਗੀ ਦਾ ਯਮਰਾਜ ਬਣ ਬੈਠਾ ਏ,

ਕਿਉਂਕਿ,

ਉਦਾਸੀ ਨੂੰ ਮੇਰੀ ਮਹਿਬੂਬਾ ਹੋਣ ਦਾ ਭਰਮ,

ਸੱਚਾ ਖ਼ਾਬ ਬਣ ਬੈਠਾ ਏ।

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....