ਕਵਿਤਾ: ਨੀ ਮੇਰੀ ਹੋਣ ਵਾਲੀਏ ਮਾਂਏ ਨੀ...

ਨੀ ਮੇਰੀ ਹੋਣ ਵਾਲੀਏ ਮਾਂਏ ਨੀ

ਮੇਰੀ ਭੋਲ਼ੀ ਮਾਂ ਮੇਰੀ ਸੁਣ ਫਰਿਆਦ

ਤੂੰ ਭੁੱਲ ਜਏਂਗੀ ਮੈਨੂੰ ਕਰਕੇ ਯਾਦ

ਜਿਸ ਦੁਨੀਆਂ ਵਿੱਚ ਤੂੰ ਵਸਦੀ ਏਂ

ਜਿਹੜੇ ਚਮਨਾਂ ਵਿੱਚ ਤੂੰ ਹੱਸਦੀ ਏਂ

ਜਿਸ ਹਵਾ 'ਚ ਸਾਹ ਤੂੰ ਲੈਨੀਂ ਏਂ

ਜੀਹਨੂੰ ਬਾਗ ਬਹਾਰਾਂ ਕਹਿਨੀਂ ਏਂ

ਇਹ ਦੁਨੀਆਂ ਮੈਨੂੰ ਵੀ ਤਕ ਲੈਣ ਦੇ

ਮੈਨੂੰ ਕਦਮ ਧਰਤ ਤੇ ਰੱਖ ਲੈਣ ਦੇ

ਮੈਨੂੰ ਕੁੱਖ ਵਿੱਚ ਕਤਲ ਕਰਾਵੀਂ ਨਾ

ਨੀ ਮੈਂ ਜੀਣ ਜੋਗੀ ਮਰਵਾਵੀਂ ਨਾ

ਨੀ ਮੈਂ ਜੀਣ---

ਸੁਣ ਨੀ ਮੇਰੀ ਧੀਏ ਨੀ ਹਾਏ ਧੀਏ ਨੀ

ਨੀ ਤੂੰ ਤਾਂ ਕੁਝ ਨਾ ਜਾਣਦੀ ਧੀਏ ਨੀ

ਇਹ ਦੁਨੀਆਂ ਤੈਨੂੰ ਚਾਹੁੰਦੀ ਨਹੀਂ

ਤੈਨੂੰ ਸਮਝ ਕਿਉਂ ਹਾਏ ਆਉਂਦੀ ਨਹੀਂ

ਇਹ ਧੀਆਂ ਨੂੰ ਮਾਰ ਮੁਕਾਉਂਦੀ ਏ

ਮੇਰੀ ਸੋਚ ਤੇ ਵਾਰ ਚਲਾਉਂਦੀ ਏ

ਇਸ ਦੁਨੀਆਂ ਤੇ ਇੱਕ ਮਰਦ ਵੀ ਏ

ਉਹ ਨਰਮ ਵੀ ਏ ਬੇਦਰਦ ਵੀ ਏ

ਮੇਰੀ ਸੋਚ ਤੇ ਓਹਦਾ ਕਬਜ਼ਾ ਏ

ਮੇਰੇ ਮਨ ਵਿੱਚ ਓਹਦਾ ਜਜ਼ਬਾ ਏ

ਮੇਰੇ ਮਨ ਵਿੱਚ----

ਨੀ ਸੁਣ ਤਾਂ ਮੇਰੀ ਅੰਮੜੀਏ ਨੀ

ਮੇਰੀ ਹੋਣ ਵਾਲੀਏ ਅੰਮੜੀਏ ਨੀ

ਤੈਨੂੰ ਕਲੀ ਨੂੰ ਕਿਸੇ ਖਿਲਾਇਆ ਏ

ਕਿਸੇ ਮਾਂ ਵੀ ਤੈਨੂੰ ਜਾਇਆ ਏ

ਇਹ ਧਰਤੀ ਵੀ ਤਾਂ ਮਾਂ ਬਣਦੀ

ਕੀ ਇਹ ਵੀ ਸਾਰੇ ਪੁੱਤ ਜਣਦੀ?

ਇਹ ਧੀਆਂ ਵੀ ਤਾਂ ਜਣਦੀ ਏ

ਓਹਨਾਂ ਦੀ ਮਾਂ ਵੀ ਬਣਦੀ ਏ

ਤੇਰਾ ਮੇਰੇ ਤੇ ਉਪਕਾਰ ਹੋਊ

ਨਾਲੇ ਤੇਰਾ ਵੀ ਸਤਿਕਾਰ ਹੋਊ

ਹਾਂ ਰੱਬ ਦੇ ਘਰ---

ਨੀ ਮੇਰੀ ਅੱਧ ਖਿਲੀਏ ਕਲੀਏ ਨੀ

ਸੁਣ ਮੇਰੀ ਵੀ ਤਾਂ ਭਲੀਏ ਨੀ

ਮੇਰਾ ਇਹਦੇ 'ਚ ਨਾ ਕਸੂਰ ਕੋਈ

ਮੈਂ ਡਾਹਢੀ ਹੀ ਮਜ਼ਬੂਰ ਹੋਈ

ਇਸ ਸਮਾਜ ਤੇ ਚੌਧਰ ਮੇਰੀ ਨਹੀਂ

ਮੇਰੇ ਦਿਲ ਵਿੱਚ ਤਾਂ ਹੇਰਾ ਫੇਰੀ ਨਹੀਂ

ਤੇਰੇ ਬਾਪ ਦਾ ਸਾਰਾ ਦੋਸ਼ ਹੋਣਾ

ਓਹਦੇ ਸਾਹਵੇਂ ਮੈਂ ਖਾਮੋਸ਼ ਹੋਣਾ

ਉਹ ਜੋ ਆਖੇ ਮੈਨੂੰ ਕਰਨਾ ਪਊ

ਤੈਨੂੰ ਵਾਰ ਵਾਰ ਵੀ ਮਰਨਾ ਪਊ

ਤੈਨੂੰ ਵਾਰ ਵਾਰ----

ਸੁਣ ਮੇਰੀਏ ਸੋਹਣੀਏ ਮਾਈਏ ਨੀ

ਮੇਰੇ ਵੀਰਾਂ ਦੀਏ ਜਾਈਏ ਨੀ

ਮੈਨੂੰ ਵੀ ਜੱਗ ਵਿੱਚ ਆ ਲੈਣ ਦੇ

ਕੋਈ ਚਾਅ ਤੇ ਸ਼ਗਨ ਮਨਾ ਲੈਣ ਦੇ

ਵੀਰਾਂ ਦੀਆਂ ਘੋੜੀਆਂ ਗਾਵਾਂਗੀ

ਮੈਂ ਓਹਨਾਂ ਨੂੰ ਹੱਥੀਂ ਵਿਆਹਵਾਂਗੀ

ਨਾਲੇ ਚੰਦ ਜਹੀ ਰੱਖੜੀ ਬੰਨ੍ਹਾਂਗੀ

ਉਹਨਾਂ ਕੋਲੋ ਕੁਝ ਨਹੀਂ ਮੰਗਾਂਗੀ

ਕਿਸੇ ਗਰੀਬ ਦੇ ਘਰ ਮੈਨੂੰ ਵਿਆਹ ਦੇਈਂ

ਤਿੰਨੀਂ ਕੱਪੜੀਂ ਡੋਲ਼ੀ ਪਾ ਦੇਈਂ

ਤਿੰਨੀ ਕੱਪੜੀਂ----

ਨੀ ਸੁਣ ਤਾਂ ਸਹੀ ਪਟਰਾਣੀਏ ਨੀ

ਨੀ ਮਾੜੇ ਕਰਮਾਂ ਵਾਲੀਏ ਨੀ

ਇਹ ਸਾਇੰਸ ਵੀ ਵੈਰੀਆਂ ਦੀ ਸਾਥਣ ਏ

ਇੱਕ ਦਾਜ ਦੀ ਡੈਣ ਵੀ ਪਾਪਣ ਏ

ਔਰਤ ਵੀ ਔਰਤ ਦੀ ਵੈਰਨ ਏ

ਮਾਇਆ ਵੀ ਭੁੱਖੀ ਕਹਿਰਨ ਏ

ਮੇਰੀ ਕੁੱਖ ਦਾ ਕੋਈ ਦੋਸ਼ ਨਹੀਂ

ਇਸ ਭੈੜੇ ਸਮਾਜ ਨੂੰ ਹੋਸ਼ ਨਹੀਂ

ਮੇਰੇ ਮੋਢੇ ਰੱਖ ਚਲਾਉਂਦਾ ਏ

ਮੈਨੂੰ ਵੀ ਪਾਪਣ ਬਣਾਉਂਦਾ ਏ

ਮੈਨੂੰ ਵੀ ਪਾਪਣ---

ਨੀ ਸੁਣ ਮੇਰੀ ਡਰਦੀਏ ਅੰਮੜੀਏ ਨੀ

ਮੇਰੀ ਰੂਹ ਵਿੱਚ ਮਰਦੀਏ ਅੰਮੜੀਏ ਨੀ

ਜੇ ਮੈਂ ਨਾ ਜੱਗ ਵਿੱਚ ਆਵਾਂਗੀ

ਨੀ ਤੇਰੀ ਜਾਤ ਮੈਂ ਕਿਵੇਂ ਵਧਾਵਾਂਗੀ

ਮੇਰੇ ਬਾਬੁਲ ਨੂੰ ਸਮਝਾਇਆ ਕਰ

ਆਪਣੀ ਨਾ ਹੋਂਦ ਘਟਾਇਆ ਕਰ

ਜੇ ਖਿੜਦੀਆਂ ਕਲੀਆਂ ਵੱਢੂਗਾ

ਹੱਥੀਂ ਬੀਜ ਨਾਸ਼ ਕਰ ਛੱਡੂਗਾ

ਵੀਰਾਂ ਤਾਈਂ ਕਿੱਥੇ ਵਿਆਹੂਗਾ

ਜੇ ਆਪਣੀ ਸੋਚ ਖਿਲਾਰੂਗਾ

ਜੇ ਆਪਣੀ----

ਨੀ ਸੁਣ ਮੇਰੀ ਧੀਏ ਸਿਆਣੀਏ ਨੀ

ਮੇਰੀ ਲਾਡੋ ਨੀ ਮੇਰੀ ਰਾਣੀਏ ਨੀ

ਮੈਂ ਉਸ ਨੂੰ ਵੀ ਸਮਝਾਵਾਂਗੀ

ਤੈਨੂੰ ਦੁਨੀਆ ਤੇ ਵੀ ਲਿਆਵਾਂਗੀ

ਤੂੰ ਡਿੱਗਿਆ ਪਰਦਾ ਚੁੱਕ ਦਿੱਤਾ

ਮੇਰੇ ਸੀਨੇ ਵਿੱਚ ਰੱਬ ਰੱਖ ਦਿੱਤਾ

ਤੇਰੇ ਲਈ ਮੈਂ ਡੱਟ ਖਲੋਵਾਂਗੀ

ਤੈਨੂੰ ਦੁਨੀਆਂ ਦੇ ਬਾਗ 'ਚ ਪਰੋਵਾਂਗੀ

ਮੈਨੂੰ ਆਸ ਹੈ 'ਕੰਗ' ਵੀ ਮੰਨ ਜਾਊਗਾ

ਤਾਂਹੀ 'ਕਮਲ' ਵੀ ਧੀਆਂ ਦੇ ਸੁੱਖ ਪਾਊਗਾ

ਫੇਰ 'ਕਮਲ' ਵੀ ਧੀਆਂ ਦੇ ਸੁੱਖ ਪਾਊਗਾ।

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....