ਨਜ਼ਮ: ਸੱਚ ਦੀ ਲਾਸ਼....

ਸੱਚ ਦੀ ਲਾਸ਼

ਸ਼ਾਇਦ,

ਥੋੜੇ ਜਿਹੇ ਸਾਹ ਤਾਂ ਅਜੇ ਬਚੇ ਹੋਏ ਹੀ ਹੋਣਗੇ?

ਪਰ ਨਹੀਂ, ਮੈਂ ਗਲਤ ਹੀ ਸੋਚਦਾ ਸੀ!

‘ਸੱਚ ਮਰ ਗਿਆ ਹੈ’

ਪਰ ਫਿਰ ਵੀ,

ਪਤਾ ਨਹੀਂ ਕਿਉਂ?

ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ।

ਐਪਰ ‘ਝੂਠ’ ਉੱਚੀ ਉੱਚੀ ਚੀਕ ਰਿਹਾ ਹੈ ਕਿ

“ਮੈਥੋਂ ਸਿਵਾ ਕੋਈ ਨਹੀਂ ਹੈ ਇੱਥੇ ਹੁਣ,

ਸਭ ਨੂੰ ਹੱਥੀਂ ਮਾਰਿਆ ਹੈ ਮੈਂ,

ਮੁਹੱਬਤ, ਇਮਾਨ, ਯਕੀਨ, ਸੱਚ ਆਦਿ

ਸਭ ਕੁਝ ਹੋਰ ਵੀ,

ਜੋ ਇਨਸਾਨ ਬਣਨ ਲਈ ਲੋੜੀਂਦੇ ਨੇ,

ਤੂੰ ਕਿੰਨਾ ਵੀ ਕਿਸੇ ਨੂੰ ਇਹ ਸਿੱਧ ਕਰ ਕਿ

ਇਹ ਸਭ ਧਰਤੀ ਤੇ ਹੈ,

ਪਰ ਨਹੀਂ, ਤੇਰੀ ਗੱਲ ਕੋਈ ਨਹੀਂ ਸੁਣੇਗਾ।”

“ਮੇਰੀ ਗੱਲ ਮੰਨ”

‘ਝੂਠ’ ਅਜੇ ਵੀ ਆਪਣੀ ਤਕਰੀਰ ਜਾਰੀ ਰੱਖ ਰਿਹਾ ਹੈ,

“ਮੈਂ ਸੱਚ ਦੀ ਲਾਸ਼ ਆਪ ਆਪਣੇ ਹੱਥੀਂ ਦਫਨ ਕੀਤੀ ਹੈ।”

ਪਰ ਪਤਾ ਨਹੀਂ ਕਿਉਂ?

ਮੇਰੀ ਆਸ ਦੀ ਕਿਰਨ ਅਜੇ ਵੀ ਸਹਿਕਦੀ ਹੈ ਕਿ

ਸ਼ਾਇਦ, ਸੱਚ ਦਾ ਕਤਰਾ, ਸਮੁੰਦਰ ਬਣਨ ਲਈ

ਆਦਮੀ ਦੀ ਕੁੱਖ ਵਿੱਚ ਅਜੇ ਵੀ ਸ਼ਾਇਦ ਮਚਲ ਰਿਹਾ ਹੋਵੇ

ਆਪਣੀ ਲਾਸ਼ ਨੂੰ ਜਿੰਦਗੀ ਵਿੱਚ ਬਦਲਣ ਦੀ ਤਾਕਤ ਰੱਖਦਾ ਹੋਵੇ!

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....