ਨਜ਼ਮ: ਲਾਲ ਸਿੰਘ 'ਦਿਲ' ਨੂੰ ਸ਼ਰਧਾਂਜਲੀ...

ਮਹਾਨ ਕਵੀ ਲਾਲ ਸਿੰਘ 'ਦਿਲ' ਦੀ ਮਿੱਟੀ ਦੇ ਤੁਰ ਜਾਣ ਤੇ ਮੇਰੀ ਕਲਮ ਵਲੋਂ ਕੁਝ ਸ਼ਬਦ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ:

ਦਿਲ

ਤੂੰ ਗਿਆ!

ਘੋਰ ਚੁੱਪ ਛਾ ਗਈ ਲਗਦੀ ਏ

ਜਦ 'ਦਿਲ' ਹੀ ਧੜਕਣਾ ਬੰਦ ਕਰ ਦੇਵੇ

ਤਾਂ, ਚੁੱਪ ਦਾ ਪਸਰ ਜਾਣਾ ਯਕੀਨਨ ਹੈ।

ਹੁਣ,

ਇਸ ਵਿਰਾਨਗੀ 'ਚੋਂ

ਕਈ ਕਲਮਾਂ ਉਠਣਗੀਆਂ!

ਲੰਮੇ ਲੰਮੇ ਵੈਣ ਪੈਣਗੇ

ਜੁਦਾਈ ਦੇ ਨਾਂ ਤੇ।

ਲਹੂ ਦੀ ਲੋਅ

'ਕੈਸ਼' ਕਰਨ ਲਈ

ਕਾਗ਼ਜ਼ ਹੱਥ ਪੈਰ ਮਾਰਨਗੇ

ਤੇਰੀ ਸੋਚ ਨਾਲੋਂ ਆਪਣੀ ਸਿਆਹੀ ਦਾ ਰੰਗ

ਗੂੜ੍ਹਾ ਕਰਨ ਲਈ ਪੂਰਾ ਤਾਣ ਲਾਉਣਗੇ।

ਪਰ ਤੇਰੇ ਲਹੂ ਦੇ ਵਗਦਿਆਂ ਹੋਇਆਂ,

ਸ਼ਾਇਦ ਇਹ ਕਲਮਾਂ ਕਦੀ,

ਤੇਰੇ ਖੋਖੇ ਤੇ ਚਾਹ ਪੀਣ ਵੀ ਨਹੀਂ ਸਨ ਆਈਆਂ ਹੋਣੀਆਂ!

………………

ਮੈਂ ਤੈਨੂੰ ਸਾਹਵੇਂ ਖੜ੍ਹ ਕੇ ਵੇਖਿਆ ਤਾਂ ਨਹੀਂ,

ਪਰ ਤੇਰੇ ਕੁਝ ਅੱਖਰਾਂ ਨੂੰ ਜਰੂਰ ਵਾਚਿਆ ਸੀ,

ਤੇਰੀਆਂ ਭਾਵਨਾਵਾਂ 'ਚੋਂ ਉੱਠਦਾ ਧੂੰਆ ਜਰੂਰ ਤੱਕਿਆ ਸੀ,

ਲਹੂ ਦੇ ਜਲੌਅ ਵਿੱਚ ਕਿਰਚਾਂ ਮੱਚਦੀਆਂ ਮਹਿਸੂਸ ਕੀਤੀਆਂ ਸਨ!

………………

ਅੱਜ ਤੇਰੀ ਰੂਹ

ਆਹ ਵੇਖ!

ਮੇਰੇ ਸਾਹਵੇਂ ਖਲੋਤੀ,

ਮੈਨੂੰ ਲਿਖਦੇ ਨੂੰ ਵੇਖ ਰਹੀ ਏ,

'ਕਲਮ' ਦਾ ਫ਼ਰਜ਼ ਕੀ ਏ?

ਯਾਦ ਕਰਾ ਰਹੀ ਏ!

ਯਾਦ ਕਰਾ ਰਹੀ ਏ!!

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....