ਨਜ਼ਮ: ਜੀਉਣ ਦਾ ਖਿਆਲ....

ਜੀਉਣ ਦਾ ਖਿਆਲ

ਅੱਜ ਫੇਰ,

ਦਿਲ ਕੀਤਾ,

ਕਿ ਤੈਨੂੰ ਕੁਝ ਕਹਾਂ,

ਜੋ ਚਿਰਾਂ ਦਾ ਅੰਦਰ ਹੀ ਅੰਦਰ

ਮੇਰਾ ਆਪਾ ਖੋਰਦਾ ਰਿਹਾ ਸੀ!

ਯਾਦ ਹੈ ਕਦੇ

ਆਪਣਾ ਇਕੱਠਿਆਂ ਦਾ,

ਸੁਪਨੇ ਨੂੰ ਅੱਖ ਦੇ ਕੈਮਰੇ 'ਚ ਕੈਦ ਕਰਨਾ

ਖਲਾਅ ਵਿੱਚ ਬਿਨ ਪਰਾਂ ਤੋਂ ਤਰਨਾ

ਨੀਂਦ ਨੂੰ ਅੱਖਾਂ 'ਚ ਭਰ ਕੇ ਖਰਨਾ

ਜੀਂਦੇ ਜੀਅ ਕਦੀ ਕਦੀ ਮਰਨਾ

ਕਦੀ ਬਹੁਤ ਦੂਰ ਆਪੇ ਤੋਂ

ਚਲੇ ਜਾਣਾ, ਵਾਪਸ ਆ ਕੇ

ਖਾਲੀ ਖਾਲੀ ਆਪੇ ਨੂੰ ਟੋਹਣਾ,

ਅਧੂਰੇਪਣ ਜਿਹੇ ਨਾਲ

ਭਖਦੇ ਜਿਸਮ ਨੂੰ ਛੋਹਣਾ।

ਕਦੀ ਕਦੀ ਮਨ ਦਾ

ਦੂਰ ਦਿਸਦੇ ਰੁੱਖ ਦੀ ਛਾਵੇਂ,

ਬਹਿਣਾ ਲੋਚਣਾ

ਕੱਲੇ ਹੋ ਕੁਝ ਸੋਚਣਾ

'ਕੱਠੇ ਹੋ ਕੁਝ ਸੋਚਣਾ

ਪਰ

ਦਿਲ ਦਾ ਰਾਜ਼

ਦਫ਼ਨ ਕਰਨਾ ਸਾਹਾਂ ਦੇ ਹੇਠਾਂ।

ਕਦਮ ਨਾਲ ਕਦਮ ਮਿਲਾ,

ਵਗਦੀ ਨਦੀ ਦੇ

ਕੰਢੇ ਕੰਢੇ ਤੁਰਨਾ,

ਤੁਰਨਾ ਜਾਂ ਭੁਰਨਾ,

ਨੈਣਾਂ 'ਚ ਨੈਣ ਪਾ,

ਵਾਪਸ ਮੁੜਨਾ।

ਹਾਂ, ਯਾਦ ਆਇਆ,

ਸੱਚ ਦੱਸੀਂ!

ਤੂੰ ਉਸ ਦਿਨ

ਮੇਰੇ ਤੋਂ ਓਹਲੇ ਹੋ ਕੇ

ਏਸ ਨਦੀ ਨੂੰ ਕੀ ਕਿਹਾ ਸੀ?

ਇਹ ਸੁੱਕ ਕਿਉਂ ਰਹੀ ਏ?

ਇਹ ਮੁੱਕ ਕਿਉਂ ਰਹੀ ਏ?

ਇਹ ਸਾਡੇ ਦੋਵਾਂ ਦੇ

ਅੱਜ ਫੇਰ ਇੱਥੇ ਆਉਣ ਤੇ

ਲੁਕ ਕਿਉਂ ਰਹੀ ਏ?

ਸ਼ਾਇਦ

ਤੇਰੇ ਬੋਲਣ ਤੋਂ ਪਹਿਲਾਂ,

ਮਰਦੀ ਹੋਈ ਨਦੀ ਹੀ ਬੋਲ ਪਵੇ।

ਜੇ ਆਪਾਂ ਆਪਣਾ ਸੁਪਨਾ ਇਸ ਨੂੰ ਦੇ ਦਈਏ,

ਸ਼ਾਇਦ ਇਹਨੂੰ ਕੁਝ ਚਿਰ ਹੋਰ

ਜੀਉਣ ਦਾ ਖਿਆਲ ਆ ਜਾਵੇ,

ਹਾਂ ਸੱਚ, ਸ਼ਾਇਦ ਇਸਨੂੰ ਵੀ

ਸੁਪਨੇ ਨੂੰ ਕੈਦ ਕਰਨ ਦਾ

ਅਣਮੁੱਲਾ,

ਅਣਛੋਹਿਆ,

ਅਣਹੋਇਆ,

ਅਨੋਖਾ ਕਮਾਲ ਆ ਜਾਵੇ!

ਜੀਉਣ ਦਾ ਖਿਆਲ ਆ ਜਾਵੇ!!

5 comments

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!