ਨਜ਼ਮ: ਸਾਜ਼ਸ਼ (ਪਾਸ਼ ਨੂੰ ਸਮਰਪਿਤ)......

ਸਾਜ਼ਸ਼ (ਪਾਸ਼ ਨੂੰ ਸਮਰਪਿਤ)

“ਪਾਸ਼ ਨੂੰ ਪੜ੍ਹਿਆ?”

ਜਦ ਮੇਰੇ ਦੋਸਤ ਨੇ ਪੁੱਛਿਆ ਸੀ, ਤਾਂ

ਮੇਰੀ ਪੜ੍ਹਾਈ ਦੀ ਕਾਲਜ ਜਾਣ ਤੋਂ

ਪਹਿਲਾਂ ਹੀ ਮੌਤ ਹੋ ਜਾਣ ਕਰਕੇ,

ਹੈਰਾਨੀ ਭਰੇ ਹਾਵ ਭਾਵ

ਮੇਰੇ ਚਿਹਰੇ ਉਤੇ ਉਭਰੇ ਵੇਖ,

ਉਹ ਸਮਝ ਗਿਆ ਸੀ ਕਿ ਜਵਾਬ

“ਨਹੀਂ” ਹੈ.

-------------

ਇਸ ਗੱਲ ਤੋਂ ਬਾਅਦ

ਮੈਂ ‘ਪਾਸ਼L’

ਲੱਭਿਆ!

ਪੜ੍ਹਿਆ!!

ਫਿਰ ਸਮਝ ਆਈ,

ਕਿ ਕਿਉਂ,

ਨਹੀਂ ਸੀ ਪਤਾ 'ਤੇਰੇ' ਵਾਰੇ।

੧੦ + ੨ ਤੱਕ ਕਦੀ

ਕਿਸੇ ਸਲੇਬਸ ਦੀ ਕਿਤਾਬ 'ਚੋਂ

ਤੇਰੀ ਨਜ਼ਮ ਦਾ ਮੁੱਖ

ਕਿਉਂ ਨਹੀਂ ਸੀ ਤੱਕਿਆ?

ਤੇਰੀ ਤਿੱਖੀ ਸੋਚ ਦੀ ਮਹਿਕ

ਕਿਉਂ ਨਹੀਂ ਸੀ ਆਈ?

ਮੁਰਦੇ ਵਿੱਚ ਜਾਨ ਪਾਉਣ ਵਾਲੇ

ਸ਼ਬਦਾਂ ਦਾ ਤੀਰ

ਮੇਰੀ ਹਿੱਕ ਵਿੱਚ ਕਿਉਂ ਨਹੀਂ ਸੀ ਖੁੱਭਿਆ?

-----------------

ਹਾਂ, ਹੁੰਦਾ ਵੀ ਕਿਵੇਂ?

ਜਿਸ ‘ਸੋਚ’ ਖਿਲਾਫ ਤੇਰੀ ਲੜਾਈ ਸੀ

ਓਸ ਸੋਚ ਦੇ ਪੈਰਾਂ ਵਿੱਚ ਹੀ ਤਾਂ

ਸਕੂਲਾਂ ਦੇ ਸਲੇਬਸ ਦੀਆਂ ਕਿਤਾਬਾਂ

ਰੁਲ਼ਦੀਆਂ ਫਿਰਦੀਆਂ ਹਨ!

ਜਿਹੜੀਆਂ ਜੰਮਦੀਆਂ ਕਲੀਆਂ ਨੂੰ

ਮਹਿਕ ਵਿਹੂਣਾ ਹੀ ਰੱਖਣਾ

ਲੋਚਦੀਆਂ ਨੇ!

ਸਿਰਫ਼

ਕੁਰਸੀ ਦੀਆਂ ਲੱਤਾਂ ਵਾਰੇ ਹੀ

ਸੋਚਦੀਆਂ ਨੇ!!

-----------------

ਅੱਜ ਫਿਰ ਓਸ ਗੱਲ ਤੋਂ ਬਾਅਦ

ਤੇਰੇ ਜਨਮ ਦਿਨ ਤੇ

ਮੇਰੀਆਂ ਸੋਚਾਂ ਦੇ ਝਰਨੇ 'ਚੋਂ

ਇਹ ਖਿਆਲ ਕਿਰਿਆ ਕਿ

ਪਤਾ ਨਹੀਂ,

ਐਨੇ ਸਾਲਾਂ ਬਾਅਦ

ਅੱਜ ਵੀ

ਤੇਰਾ ਨਾਮ

ਪੁੰਗਰਦੇ ਪੱਤਿਆਂ ਤੇ

ਤ੍ਰੇਲ ਦੀਆਂ ਬੂੰਦਾਂ ਵਾਂਗ

ਚਮਕਦਾ ਹੋਵੇਗਾ ਕਿ ਨਹੀਂ?

ਜੰਮਦੀਆਂ ਕਿਰਨਾਂ ਦੇ ਮੁੱਖ ਤੇ

ਤੇਰੇ ਮੱਚਦੇ ਸ਼ਬਦਾਂ ਦਾ ਗੀਤ

ਰੁਮਕਦਾ ਹੋਵੇਗਾ ਕਿ ਨਹੀਂ??

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....