Posts

Showing posts from October, 2007

ਗ਼ਜ਼ਲ: ਸਾਨੂੰ ਤਾਂ ਉਹ....

ਗ਼ਜ਼ਲ
ਸਾਨੂੰ ਤਾਂ ਉਹ ਪਿਆਰ, ਵਫ਼ਾ ਦੀ ਗੱਲ ਸਮਝਾਉਂਦੇ ਨੇ।
ਆਪ ਨਵੇਂ ਨਿੱਤ ਸੱਜਰੇ ਸੱਜਰੇ ਦਿਲ ਭਰਮਾਉਂਦੇ ਨੇ।

ਕਹਿ ਜਾਂਦੇ ਨੇ ਜੋ ਕਿ ਪਿੱਛੇ ਪਿੱਛੇ ਆ ਜਾਣਾ,
ਪਹੁੰਚ ਕੇ ਆਪ ਟਿਕਾਣੇ ਪਿੱਛੋਂ ਪੈੜ ਮਿਟਾਉਂਦੇ ਨੇ।

ਜੋ ਗੱਲ ਸਾਨੂੰ ਰਾਸ, ਉਨ੍ਹਾਂ ਨੂੰ ਰਾਸ ਨਹੀਂ ਆਉਂਦੀ,
ਕੈਸੇ ਦਰਦੀ ਖ਼ੁਦ ਦੁਖ ਦੇ ਕੇ ਮਰਹਮ ਲਾਉਂਦੇ ਨੇ।

ਜੋ ਰਸਤਾ ਮੰਜਿ਼ਲ ਨੂੰ ਜਾਂਦੈ ਉਹ, ਉਹ ਨਹੀਂ ਦੱਸਦੇ,
ਰਹਿਬਰ ਪੁੱਠੇ ਰਾਹਾਂ ਵਿੱਚ ਰਾਹੀ ਉਲਝਾਉਂਦੇ ਨੇ।

ਮੈਲ਼ੇ ਹੋ ਜਾਂਦੇ ਨੇ ਸੁੱਚੇ ਹਰਫ਼ ਮੁਹੱਬਤ ਦੇ,
ਇਸ਼ਕ ਮੇਰਾ ਜਦ ਖ਼ੁਦ ਹੀ ਉਹ ਬਦਨਾਮ ਕਰਾਉਂਦੇ ਨੇ।

ਧੂੜ ਉਨ੍ਹਾਂ ਰਾਹਾਂ ਦੀ ‘ਕੰਗ’ ਛੁਹਾਇਆ ਕਰ ਮੱਥੇ,
ਜੋ ਰਾਹ ਤੈਨੂੰ ਮਹਿਰਮ ਦੇ ਦਰ ਤੇ ਪਹੁੰਚਾਉਂਦੇ ਨੇ।

ਕਵਿਤਾ: ਪਿਆਰ....

ਪਿਆਰ
ਪਿਆਰ ਕੀ ਹੁੰਦਾ ਹੈ?
ਕਦੇ ਪਤਾ ਹੀ ਨਹੀਂ ਸੀ ਲੱਗਣਾ,
ਜੇ ਤੂੰ ਨਾ ਮਿਲੀ ਹੁੰਦੀ!
-----
ਅਹਿ
ਕਵਿਤਾ!!
--------
ਸ਼ਾਇਦ ਤੈਨੂੰ ਅਹਿਸਾਸ ਨਹੀਂ,
ਮੈਂ ਤੇਰੀ ਉਡੀਕ ਵਿੱਚ,
ਜਨਮਾਂ ਤੋਂ ਜਾਗ ਰਿਹਾ ਸੀ,
ਹਰ ਪਲ ਹੀ ਮੇਰਾ,
ਵੈਰਾਗ ਜਿਹਾ ਸੀ।
---------------
ਹੁਣ ਮੇਰੇ ਕੋਲ
ਕੁਝ ਕਹਿਣ ਲਈ
ਬਚਿਆ ਨਹੀਂ
ਕਿਉਂਕਿ ਅਜੇ ਮੈਂ
ਤੇਰੇ ਜਿਹਾ ਕੁਝ
ਰਚਿਆ ਨਹੀਂ
ਕਿਉਂਕਿ
ਤੇਰੇ ਬਿਨ
ਅੱਜ ਤੱਕ ਮੈਨੂੰ
ਕੋਈ ਹੋਰ
ਜਚਿਆ ਨਹੀਂ।
..................
੨੫ ਅਕਤੂਬਰ ੨੦੦੭

ਗ਼ਜ਼ਲ: ਨਾ ਆਦਤ ਹੀ ਜਾਂਦੀ.....

ਗ਼ਜ਼ਲ
ਨਾ ਆਦਤ ਹੀ ਜਾਂਦੀ, ਨਾ ਮਨ ਹੀ ਹੈ ਭਰਦਾ।
ਹੈ ਕਹਿਣੀ ਤੇ ਕਰਨੀ ’ਚ, ਇੱਕ ਮੇਰੇ ਪਰਦਾ।

ਮੈਂ ਕਹਿੰਦਾ ਤਾਂ ਰਹਿੰਨਾ, ਕਿ ਸੱਚ ਦਾ ਹਾਂ ਸਾਥੀ,
ਇਹ ਦੱਸਿਆ ਕਦੇ ਨਹੀਂ, ਕਿ ‘ਅੰਦਰ’ ਹੈ ਡਰਦਾ।

ਮੈਂ ਇਨਸਾਨ ਬਣਕੇ ਵਿਖਾਇਆ ਕਦੇ ਨਾ,
ਕਰਾਂ ਸਿੱਖ, ਹਿੰਦੂ ਜਾਂ ਮੁਸਲਿਮ ਦਾ ਪਰਦਾ।

ਰਹਾਂ ਸਭ ਤੋਂ ਅੱਗੇ ਇਹ ਖਾਹਿਸ਼ ਨਾ ਜਾਵੇ,
ਸਦਾ ਕਤਲ ਇਸ ਲਈ ਮੈਂ ਸੱਚ ਦਾ ਹਾਂ ਕਰਦਾ।

ਮੈਂ ਆਪੇ ਦੀ ਦਲਦਲ ’ਚਿ, ਸਿਰ ਤੀਕ ਡੁੱਬਿਆ,
ਐਪਰ ਆਕਾਸ਼ਾਂ ’ਤੇ, ਕਬਜ਼ਾ ਹਾਂ ਕਰਦਾ।

ਅਜਬ ਨੇ ਮੇਰੇ ਦਿਲ ਦੇ ਹਾਲਾਤ ਯਾਰੋ,
ਇਹ ਖਾਰਾਂ ਦਾ ਸਾਥੀ ਹੈ ਫੁੱਲਾਂ ਤੋਂ ਡਰਦਾ।

ਅਸਰ ਇਸ ਤੇ ਕੋਈ ਵੀ ਹੁੰਦਾ ਨਹੀਂ ਹੈ,
ਇਹ ਮਨ ਹੈ ਕਿ ਪੱਥਰ ਨਾ ਭੁਰਦਾ ਨਾ ਖਰਦਾ।

ਜੋ ਸੱਚ ਦੇ ਨੇ ਸਾਥੀ ਭੁਲਾ ਕੇ ਹਾਂ ਬੈਠਾ,
ਅਜੇ ਝੂਠ ਨਾ' ਮੇਰਾ ਰਹਿੰਦਾ ਹੈ ਸਰਦਾ।

ਤੇਰਾ ਨਾਂ ਹੈ ਸੂਲੀ ਤੇ ‘ਕੰਗ’ ਸੋਚ ਨਾ ਹੁਣ,
ਕਿਸੇ ਦੀ ਜਗ੍ਹਾ ਇੱਥੇ ਕੋਈ ਨੀ ਮਰਦਾ।

ਕਵਿਤਾ: ਅਹਿਸਾਸ...

ਅਹਿਸਾਸ
ਇਹ ਜ਼ਿੰਦਗੀ
ਇਹ ਰਸਤਾ
ਸਭ ਕੁਝ ਕੀ ਹੈ?
ਇਕ ਤਾਣਾ-ਬਾਣਾ
ਜਿਸ ਨੂੰ ਖੁਦ ਹੀ
ਬੁਣਦਾ ਹਾਂ,
ਆਪ ਹੀ
ਚੁਣਦਾ ਹਾਂ,
ਅੰਦਰੋਂ ਵੀ
ਖੁਰਦਾ ਹਾਂ,
ਬਾਹਰੋਂ ਵੀ
ਭੁਰਦਾ ਹਾਂ,
ਕਦੀ ਕਦੀ
ਰੁਕਦਾ ਹਾਂ,
ਪਲ ਪਿੱਛੋਂ
ਤੁਰਦਾ ਹਾਂ.....
ਅਹਿਸਾਸ ਨਾ ਹੋਵੇ ਤਾਂ,
ਕੀ ਬਚਣਾ ਹੈ?
ਜਜ਼ਬਾਤ ਨਾ ਹੋਵੇ ਤਾਂ,
ਕੀ ਰਚਣਾ ਹੈ?
------------
(੧੮ ਅਕਤੂਬਰ ੨੦੦੭)

ਨਜ਼ਮ: ਸਾਹਸ...

ਸਾਹਸ
ਤੇਰੇ ਦਿਲ ਨਾਲ ਜਦ
ਦਿਲ ਵਟਾਇਆ ਸੀ,
'ਮੈਂ' ਤੋਂ 'ਤੂੰ' ਹੋ ਗਿਆ ਸੀ,
ਉਸ ਦਿਨ ਤੋਂ ਹੀ
ਤੇਰਾ ਖ਼ਾਦਿਮ,
ਅੱਜ ਆਪਣੇ ਆਪ ਨੂੰ
ਕੀ ਆਖਾਂ?
ਮੇਰੀ ਸਮਝ ਤੋਂ ਬਾਹਰਾ ਹੈ ਸਭ ਕੁਝ,
ਜੇ ਤੂੰ ਮੇਰੇ ਕੋਲ ਹੁੰਦੀ ਤਾਂ,
ਸ਼ਾਇਦ ਆਪਣੀ ਹੋਂਦ ਦਾ ਮੈਨੂੰ ਵੀ
ਕੁਝ ਅਹਿਸਾਸ ਹੁੰਦਾ!
ਮੁੜ 'ਤੂੰ' ਤੋਂ 'ਮੈਂ' ਹੋਣ ਦਾ,
ਸ਼ਾਇਦ ਮੇਰੇ ਵਿੱਚ ਵੀ,
ਕੁਝ ਸਾਹਸ ਹੁੰਦਾ!!

ਕਵਿਤਾ: ਦੁਨੀਆਂ ਤੇ ਪਰਛਾਵਾਂ...

ਦੁਨੀਆਂ ਤੇ ਪਰਛਾਵਾਂ
ਤੇਰੇ ਨੈਣਾਂ 'ਚਿ ਅੱਜ ਉਤਰ ਜਾਣ ਨੂੰ ਦਿਲ ਕਰਦਾ,
ਤੇਰੇ ਬਾਝੋਂ ਸੱਜਣਾ ਮੇਰਾ ਜੀਅ ਮਰਦਾ
ਜ਼ਿੰਦਗੀ ਵਾਂਗ ਝਨਾਂ ਦੇ ਮੈਨੂੰ ਅੱਜ ਲੱਗਦੀ,
ਦਿਲ ਮੇਰਾ ਤਾਂ ਡੁੱਬਦਾ, ਡੁੱਬਦਾ ਹੈ ਤਰਦਾ
ਮਨ ਚਾਹੁੰਦਾ ਏ ਤੈਨੂੰ ਬੱਸ ਵੇਖੀਂ ਜਾਵਾਂ,
ਤੇਰੇ ਦਿਲ ਵਿੱਚ ਬਣ ਕੇ ਪੰਛੀ ਘਰ ਪਾਵਾਂ

ਇਸ ਦੁਨੀਆਂ ਤੋਂ ਦੂਰ ਕਿਤੇ ਚਲ ਜਾ ਵਸੀਏ,
ਦੋ ਦਿਲਾਂ ਦਾ ਝੱਲਦੀ ਨਾ ਇਹ ਪਰਛਾਵਾਂ।

ਕਵਿਤਾ: ਨੈਣ...

ਨੈਣ
ਨੈਣ ਨਸ਼ੀਲੇ,
ਰੰਗ-ਰੰਗੀਲੇ
ਜਾਪਣ ਖ਼ੂਨੀ,
ਪਰ ਸ਼ਰਮੀਲੇ
ਜ਼ੁਲਫ਼ਾਂ ਨਾਗਣ,
ਵਾਂਗ ਫੁੰਕਾਰਨ
ਚੁਣ ਕੇ ਚੋਬਰ,
ਗੱਭਰੂ ਮਾਰਨ
ਹੋਂਠ ਗੁਲਾਬੀ,
ਰੰਗ ਬਿਖ਼ੇਰਨ
ਬੋਲਾਂ ਵਿੱਚੋਂ,
ਹਾਸੇ ਕੇਰਨ
ਮੁਖੜਾ ਜਾਪੇ,
ਸੁਰਖ਼ ਗੁਲਾਬ
ਸੂਹੇ ਰੰਗ ਤੋਂ,
ਵਰ੍ਹੇ ਸ਼ਬਾਬ
ਯਾਰ ਮੇਰਾ ਏ,
ਮੇਰੀ ਆਬ
ਨੈਣਾਂ ਵਿੱਚੋਂ,
ਕਰੇ ਅਦਾਬ
ਹੁਸਨਾਂ ਲੱਦੀ,
ਨਿਰੀ ਸ਼ਰਾਬ
ਮਿਲਿਆ ਮੈਨੂੰ,
ਸੀ ਆਫ਼ਤਾਬ।
ਮਿਲਿਆ ਮੈਨੂੰ,
ਸੀ ਆਫ਼ਤਾਬ।।

ਕਵਿਤਾ: ਇੱਕ ਕਿਸਮਤ ਵੀ...

ਇੱਕ ਕਿਸਮਤ ਵੀ
ਇੱਕ ਕਿਸਮਤ ਵੀ ਮੇਰੀ ਵੈਰਨ ਏ
ਦੂਜਾ ਰੱਬ ਵੀ ਮੇਰਾ ਯਾਰ ਨਹੀਂ
ਤੀਜਾ ਦੁਨੀਆਂ ਮੈਨੂੰ ਚਾਹੁੰਦੀ ਨਹੀਂ
ਬਾਕੀ ਤੂੰ ਵੀ ਤਾਂ ਵਫਾਦਾਰ ਨਹੀਂ
ਹਰ ਚੀਜ਼ ਨੇ ਮੈਨੂੰ ਡੰਗਿਆ ਏ
ਕੋਈ ਖਾਲੀ ਵੀ ਗਿਆ ਵਾਰ ਨਹੀਂ
ਪਰ ਫੇਰ ਵੀ ਹੌਂਸਲਾ ਕੀਤਾ ਏ
'ਕੰਗ' ਸਮਾਂ ਕਿਸੇ ਲਈ ਖਾਰ ਨਹੀਂ
ਫੁੱਲ, ਖਾਰ ਦੇ ਸੰਗ ਖਿੜਾਉਂਦਾ ਏ
ਇੱਥੇ ਮਰਦੀ ਕਦੇ ਬਹਾਰ ਨਹੀਂ
ਨਫਰਤ ਜੇ ਖੁੱਲੀ ਫਿਰਦੀ ਏ
ਫਿਰ ਕੈਦੀ ਵੀ ਇਹ ਪਿਆਰ ਨਹੀਂ!

ਕਵਿਤਾ: ਦਿਲ ਮੇਰੇ 'ਚੋਂ...

ਦਿਲ ਮੇਰੇ 'ਚੋਂ
ਦਿਲ ਮੇਰੇ 'ਚੋਂ ਲਾਟ ਜੋ ਉੱਠਦੀ,
ਤੇਰੇ ਨਾਮ ਦੀ ਲੋਅ ਕਰਦੀ
ਫੱਟ ਹਿਜਰ ਦਾ ਡੂੰਘਾ ਦਿਲ ਤੇ,
ਜ਼ਿੰਦ ਨਈਂ ਮੇਰੀ ਹੁਣ ਜਰਦੀ

ਗ਼ਜ਼ਲ: ਜੋ ਆਪਣਾ ਇਤਿਹਾਸ...

ਗ਼ਜ਼ਲ
ਜੋ ਆਪਣਾ ਇਤਿਹਾਸ ਭੁਲਾਈ ਜਾਂਦੇ ਨੇ।
ਉਂਗਲ਼ਾਂ ਉੱਤੇ ਗ਼ੈਰ ਨਚਾਈ ਜਾਂਦੇ ਨੇ।

ਜੋ ਫਿਰਦੇ ਨੇ ਗੈਰਾਂ ਦੇ ਅੱਜ ਪਿੱਛੇ ਪਿੱਛੇ,

ਉਹ ਆਪਣੀ ਪਹਿਚਾਣ ਗਵਾਈ ਜਾਂਦੇ ਨੇ।

ਇਕ ਤਾਂ ਡੂੰਘੇ ਜ਼ਖ਼ਮ ਸੀ ਦਿੱਤੇ ਦੁਸ਼ਮਣ ਨੇ,

ਆਪਣੇ ਵੀ ਉੱਤੋਂ ਲੂਣ ਹੀ ਪਾਈ ਜਾਂਦੇ ਨੇ।

ਨ੍ਹੇਰ ਕਰੇਗਾ ਦੂਰ ਦਿਲਾਂ ਦਾ ਵੀ ਇਕ ਦਿਨ,

ਸਭ ਸੂਰਜ ਤੋਂ ਆਸ ਲਗਾਈ ਜਾਂਦੇ ਨੇ।

ਸੱਚ ਦਾ ਕਾਤਿਲ ਤੁਰਿਆ ਫਿਰਦਾ ਨੰਗੇਧੜ,

ਬੇਦੋਸ਼ੇ ਨੂੰ ਫਾਂਸੀ ਲਾਈ ਜਾਂਦੇ ਨੇ।

ਇੰਨਾ ਖ਼ੌਫ਼ ਕਿ ਸਭ ਕੁਝ ਅੱਖੀਂ ਤੱਕ ਕੇ ਵੀ,

ਲੋਕੀਂ ਮੂੰਹ ਤੇ ਤਾਲਾ ਲਾਈ ਜਾਂਦੇ ਨੇ।

ਮੈਂ ਤਾਂ ਜੋ ਤੱਕਿਆ ਸੀ ਦੱਸਣ ਲੱਗਾ ਸਾਂ,

ਯਾਰ ਹੀ ਮੈਨੂੰ ਚੁੱਪ ਕਰਾਈ ਜਾਂਦੇ ਨੇ।

ਲੋਕੀਂ ਕਿੰਨੇ ਬੇਦਸਤੂਰੇ ਹੋ ਗਏ ਨੇ,

ਮਾਲਿਕ ਨੂੰ ਹੀ ਚੋਰ ਬਣਾਈ ਜਾਂਦੇ ਨੇ।

ਕੱਲਾ ਕੱਲੇ ਨਾਲ ਲੜੇ ਇਹ ਗੱਲ ਗਈ,

ਇਕ ਸੱਚ ਨਾ' ਲੱਖ ਝੂਠ ਲੜਾਈ ਜਾਂਦੇ ਨੇ।

ਬਿਰਖਾਂ ਦੀ ਆਹ ਸੁਣ ਕੇ ਪੌਣਾਂ ਰੋਂਦੀਆਂ ਪਰ,

ਲੱਕੜਹਾਰੇ ਜਸ਼ਨ ਮਨਾਈ ਜਾਂਦੇ ਨੇ!

'ਕੰਗ' ਚਮਕਦੇ ਰਹਿਣ ਮੁੱਹਬਤ ਦੇ ਤਾਰੇ,

ਜਿਹੜੇ ਹਰ ਚਿਰਾਗ ਰੁਸ਼ਨਾਈ ਜਾਂਦੇ ਨੇ।

ਕਵਿਤਾ: ਤੇਰੀ ਯਾਦ ਆਈ...

ਤੇਰੀ ਯਾਦ ਆਈ
ਹਾਂ, ਅੱਜ ਫੇਰ ਤੇਰੀ ਯਾਦ ਆਈ।
ਹੌਕੇ ਬਿਨ, ਕੁਝ ਨਹੀਂ ਲਿਆਈ।
ਹਾਂ, ਸੱਚੀਂ ਅੱਜ ਤੇਰੀ ਯਾਦ ਆਈ,
ਰੁੱਸ ਗਈ ਸੀ, ਮੈਂ ਮਸਾਂ ਮਨਾਈ।
ਕਿੰਨਾ ਹੀ ਚਿਰ ਵੇਂਹਦੀ ਰਹੀ ਸੀ,
ਥੋੜਾ ਸੰਗ ਕੇ, ਜਦ ਸੀ ਸ਼ਰਮਾਈ।
ਚਿਰ ਤੋਂ ਪਿਆਸਾ ਤੇਰੀ ਦੀਦ ਦਾ,
ਅੱਜ ਫਿਰ ਤੂੰ ਆ ਮੇਰੇ ਮੂੰਹ ਲਾਈ।
ਖੈਰ, ਤੂੰ ਅੱਜ ਮੁਦੱਤ ਬਾਅਦ ਸਹੀ,
ਹਾਂ ਮੁੜ ਕੇ ਤਾਂ ਆਈ, ਹਾਂ ਤੂੰ ਆਈ।।