ਗ਼ਜ਼ਲ: ਜੋ ਆਪਣਾ ਇਤਿਹਾਸ...

ਗ਼ਜ਼ਲ
ਜੋ ਆਪਣਾ ਇਤਿਹਾਸ ਭੁਲਾਈ ਜਾਂਦੇ ਨੇ।
ਉਂਗਲ਼ਾਂ ਉੱਤੇ ਗ਼ੈਰ ਨਚਾਈ ਜਾਂਦੇ ਨੇ।

ਜੋ ਫਿਰਦੇ ਨੇ ਗੈਰਾਂ ਦੇ ਅੱਜ ਪਿੱਛੇ ਪਿੱਛੇ,

ਉਹ ਆਪਣੀ ਪਹਿਚਾਣ ਗਵਾਈ ਜਾਂਦੇ ਨੇ।

ਇਕ ਤਾਂ ਡੂੰਘੇ ਜ਼ਖ਼ਮ ਸੀ ਦਿੱਤੇ ਦੁਸ਼ਮਣ ਨੇ,

ਆਪਣੇ ਵੀ ਉੱਤੋਂ ਲੂਣ ਹੀ ਪਾਈ ਜਾਂਦੇ ਨੇ।

ਨ੍ਹੇਰ ਕਰੇਗਾ ਦੂਰ ਦਿਲਾਂ ਦਾ ਵੀ ਇਕ ਦਿਨ,

ਸਭ ਸੂਰਜ ਤੋਂ ਆਸ ਲਗਾਈ ਜਾਂਦੇ ਨੇ।

ਸੱਚ ਦਾ ਕਾਤਿਲ ਤੁਰਿਆ ਫਿਰਦਾ ਨੰਗੇਧੜ,

ਬੇਦੋਸ਼ੇ ਨੂੰ ਫਾਂਸੀ ਲਾਈ ਜਾਂਦੇ ਨੇ।

ਇੰਨਾ ਖ਼ੌਫ਼ ਕਿ ਸਭ ਕੁਝ ਅੱਖੀਂ ਤੱਕ ਕੇ ਵੀ,

ਲੋਕੀਂ ਮੂੰਹ ਤੇ ਤਾਲਾ ਲਾਈ ਜਾਂਦੇ ਨੇ।

ਮੈਂ ਤਾਂ ਜੋ ਤੱਕਿਆ ਸੀ ਦੱਸਣ ਲੱਗਾ ਸਾਂ,

ਯਾਰ ਹੀ ਮੈਨੂੰ ਚੁੱਪ ਕਰਾਈ ਜਾਂਦੇ ਨੇ।

ਲੋਕੀਂ ਕਿੰਨੇ ਬੇਦਸਤੂਰੇ ਹੋ ਗਏ ਨੇ,

ਮਾਲਿਕ ਨੂੰ ਹੀ ਚੋਰ ਬਣਾਈ ਜਾਂਦੇ ਨੇ।

ਕੱਲਾ ਕੱਲੇ ਨਾਲ ਲੜੇ ਇਹ ਗੱਲ ਗਈ,

ਇਕ ਸੱਚ ਨਾ' ਲੱਖ ਝੂਠ ਲੜਾਈ ਜਾਂਦੇ ਨੇ।

ਬਿਰਖਾਂ ਦੀ ਆਹ ਸੁਣ ਕੇ ਪੌਣਾਂ ਰੋਂਦੀਆਂ ਪਰ,

ਲੱਕੜਹਾਰੇ ਜਸ਼ਨ ਮਨਾਈ ਜਾਂਦੇ ਨੇ!

'ਕੰਗ' ਚਮਕਦੇ ਰਹਿਣ ਮੁੱਹਬਤ ਦੇ ਤਾਰੇ,

ਜਿਹੜੇ ਹਰ ਚਿਰਾਗ ਰੁਸ਼ਨਾਈ ਜਾਂਦੇ ਨੇ।

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....