Posts

Showing posts from November, 2007

ਕਵਿਤਾ: ਹੁਣ ਗੈਰ ਤਾਂ....

ਹੁਣ ਗੈਰ ਤਾਂ ਇਕ ਪਾਸੇ

ਹੁਣ ਗੈਰ ਤਾਂ ਇਕ ਪਾਸੇ, ਆਪਣੇ ਵੀ ਯਾਦ ਨਹੀਂ।
ਜੋ ਦਿਲ ਵਿੱਚ ਸਾਂਭ ਲਵਾਂ, ਐਸਾ ਕੋਈ ਰਾਜ਼ ਨਹੀਂ।

ਹਰ ਰਾਤ ਨੂੰ ਤੂੰ ਆਇਆ, ਲੈ ਕੇ ਸਲੀਬ ਜਦ ਵੀ
ਜਦ ਡਰਿਆ ਮੈਂ ਹੋਵਾਂ, ਐਸਾ ਕੋਈ ਖਾਬ ਨਹੀਂ।

ਮੈਂ ਤੇਰੇ ਤੋਂ ਸਦਾ ਹੀ, ਆਪਾ ਹੈ ਵਾਰਿਆ
ਤੂੰ ਸਮਝਦਾ ਹੈ ਜੈਸਾ, ਮੈਂ ਐਸਾ 'ਪੰਜਾਬ' ਨਹੀਂ।

ਜਿਨ੍ਹਾਂ ਚਿੜੀਆਂ ਨੂੰ ਸੀ ਕੋਹਿਆ, ਵਸਦੇ ਹੀ ਜੰਗਲ 'ਚੇ
ਕੁਝ ਵੀ ਨਹੀਂ ਸਾਨੂੰ ਭੁੱਲਿਆ, ਕੀ ਤੁਸੀਂ ਉਹ ਬਾਜ਼ ਨਹੀਂ?

ਛੱਡ ਹੋਰ ਹੁਣ ਉਲਝਣਾ, ਮੇਰੀ ਜ਼ੁਲਫ਼ ਨਾਗਣ ਨਾਲ
ਇਹਦੇ ਜ਼ਹਿਰ ਨੂੰ ਜੋ ਮਾਰੇ, ਕੋਈ ਲੱਭਿਆ ਰਾਜ਼ ਨਹੀਂ।

ਭਾਵੇਂ ਹਰ ਇਕ ਚਿਹਰਾ ਇੱਥੇ, ਹੈ ਚਿਹਰੇ ਥੱਲੇ ਲੁਕਿਆ
ਜੋ ਜਮ ਤੋਂ ਮੁੱਖ ਛੁਪਾਏ, ਅਜਿਹਾ ਨਕਾਬ ਨਹੀਂ!

ਛੱਡ ਕਾਗ਼ਜ਼ਾਂ ਨੂੰ ਐਂਵੇ, ਹੁਣ ਦੁੱਖੜੇ ਤੂੰ ਸੁਣਾਉਣਾ
ਤੇਰੇ ਸ਼ਿਅਰਾਂ ਲਈ ਤਾਂ ਸ਼ਾਇਰ, ਕੋਈ ਦਿੰਦਾ ਦਾਦ ਨਹੀਂ।

ਜਿਸ ਸ਼ਖ਼ਸ ਦੀ ਸੀ ਖ਼ਾਤਰ, ਕਦੀ ਆਪਣਾ ਆਪ ਮਿਟਾਇਆ
ਉਹ ਆਖੇ 'ਕੰਗ' ਦੇ ਨਾਂ ਦੀ, ਕੋਈ ਪੁੱਛਦਾ ਬਾਤ ਨਹੀਂ।

ਗ਼ਜ਼ਲ: ਚੱਲ ਚਿਰਾਗ ਜਗਾਈਏ....

ਗ਼ਜ਼ਲ
ਚੱਲ ਚਿਰਾਗ ਜਗਾਈਏ, ਜੋ ਕਰ ਦੇਵੇ ਦੂਰ ਹਨ੍ਹੇਰਾ।
ਦਿਲ ਵਿੱਚ ਐਸਾ ਚਾਨਣ ਹੋਵੇ ਮੁੱਕ ਜਾਏ ਤੇਰਾ ਮੇਰਾ।

ਆਪਣੀ ਬੁੱਕਲ਼ ਦੇ ਵਿੱਚ ਬੈਠੇ, ਵੈਰੀ ਨੂੰ ਪਹਿਚਾਣੋ,
ਤੇਲ ਜੜੀਂ ਜੋ ਸਾਡੇ ਪਾ ਕੇ, ਫੇਰ ਲੁਕਾਵੇ ਚਿਹਰਾ।

ਘਰ ਵੀ ਹੁਣ ਤਾਂ ਘਰ ਨੀਂ ਲਗਦਾ, ਜਾਪੇ ਜਿਉਂ ਸ਼ਮਸ਼ਾਨ,
ਚੁੱਲੇ ਅੱਗ ਨਾ, ਵਿਹੜੇ ਲਾਬੂੰ, ਜ਼ਖ਼ਮੀ ਪਿਆ ਬਨੇਰਾ।

ਰੂਹ ਵੀ ਛਲਣੀ ਸਾਹ ਵੀ ਬਿਖੜੇ, ਕੀ ਏ ਜੀਣ ਅਸਾਡਾ,
ਰਾਤ ਅਖ਼ੀਰੀ ਸਾਹਵਾਂ ਉੱਤੇ, ਧੁੰਦਲਾ ਜਿਹਾ ਸਵੇਰਾ।

ਮੁੱਕ ਜਾਏਗੀ ਰਾਤ ਕਲਿਹਣੀ, ਜੋ ਬੇਦੋਸ਼ੇ ਖਾਵੇ,
ਜਿੱਦਣ ਬਲਿ਼ਆ ਸੋਚ ’ਚ ਸੂਰਜ, ਮਿਟ ਜਾਣੈ ਹਰ ਨ੍ਹੇਰਾ।

ਤੇਜ਼ ਤਰਾਰ ਇਹ ਖ਼ੂਨੀ ਖੰਜਰ, ਖੂਨ ਬਿਗਾਨਾ ਪੀਵੇ,
ਇਕ ਦਿਨ ਐ ਕਾਤਲ! ਇਹ ਦੇਖੀਂ ਖ਼ੂਨ ਪੀਏਗਾ ਤੇਰਾ।

ਪੈਰਾਂ ਥੱਲੇ ਦਰੜ ਨਾ ਰੋੜੇ, ਦਰਦ ਉਹਨਾਂ ਨੂੰ ਹੁੰਦੈ,
‘ਕੰਗ’ ਤੇਰਾ ਕਿਉਂ ਬੇਦਰਦਾ, ਦੱਸ ਚੀਸ ਨਾ ਭਰਦਾ ਜੇਰਾ?