ਗ਼ਜ਼ਲ: ਮੈਂ ਨੂਰੋਂ ...

ਮੈਂ ਨੂਰੋਂ

ਮੈਂ ਨੂਰੋਂ ਬੇ ਨੂਰ ਹੋ ਗਿਆ।
ਜਦ ਦਾ ਹੈ ਉਹ ਦੂਰ ਹੋ ਗਿਆ।

ਸੂਰਜ ਅੱਗੇ ਰਾਤ ਟਿਕੀ ਨਾ,
ਹਰ ਪਾਸੇ ਹੀ ਨੂਰ ਹੋ ਗਿਆ।

ਦੁਸ਼ਮਣ ਨੂੰ ਕੀ ਦੋਸ਼ ਦਿਆਂ ਮੈਂ?
ਯਾਰ ਹੀ ਜਦ ਨਾਸੂਰ ਹੋ ਗਿਆ।

ਕੀ ਲੱਭਦਾਂ ਏਂ ਭੁੱਲ ਜਾ ਓਹਨੂੰ,
ਉਹ ਤਾਰਾ ਸੀ ਚੂਰ ਹੋ ਗਿਆ।

ਨਾਲ ਗਮਾਂ ਦੇ ਕਰ ਲਈ ਯਾਰੀ,
ਦਿਲ ਕਿੰਨਾ ਮਜ਼ਬੂਰ ਹੋ ਗਿਆ!

ਪਰਦੇਸਾਂ ਵਿੱਚ ਕਾਹਦੇ ਆਏ,
ਰੋਣਾ ਹੀ ਦਸਤੂਰ ਹੋ ਗਿਆ।

ਮਹਿਫ਼ਲ ਦੇ ਵਿੱਚ ਵੱਧ ਸ਼ਮ੍ਹਾ ਤੋਂ,
ਉਸਦੇ ਮੁੱਖ ਦਾ ਨੂਰ ਹੋ ਗਿਆ।

ਦਿਲ ਕਿੰਨਾ ਨਾਜ਼ੁਕ ਸੀ ਮੇਰਾ,
ਇਕ ਠੋਕਰ ਨਾ' ਚੂਰ ਹੋ ਗਿਆ।

ਇਹ ਜੱਗ ਸਾਰਾ ਮਿੱਤਰਾਂ ਦਾ ਏ,
ਵਹਿਮ ਬੜਾ ਸੀ ਦੂਰ ਹੋ ਗਿਆ।

ਜਿਸ ਦਿਨ ਦਾ ਉਹ ਮਿਲਿਆ ਮੈਨੂੰ,
ਮੈਂ ਕਿੰਨਾ ਮਸ਼ਹੂਰ ਹੋ ਗਿਆ।

'ਕੰਗ' ਤੂੰ ਕਾਹਦਾ ਸ਼ਿਕਵਾ ਕਰਦੈਂ,
ਕਿਹੜਾ ਦੱਸ ਕਸੂਰ ਹੋ ਗਿਆ।

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....