ਕਵਿਤਾ: ਔਰਤ...

ਔਰਤ
ਕਦਮ ਕਦਮ ਤੇ ਨਾ ਅਜ਼ਮਾ ਤੂੰ, ਮੈਂ ਸ਼ਕਤੀ ਸਾਕਾਰ ਹਾਂ।
ਸਦੀਆਂ ਦੀ ਮੈਂ ਜ਼ਹਿਰ ਹੈ ਪੀਤੀ, ਫਿਰ ਵੀ ਜ਼ਿੰਦਾ ਨਾਰ ਹਾਂ।

ਕਿੰਨਾ ਚਿਰ ਹੁਣ ਹੋਰ ਤੂੰ ਮੈਨੂੰ, ਪੈਰਾਂ ਹੇਠ ਲਿਤਾੜੇਂਗਾ?
ਤੇਰੇ ਪੈਰ ਦੀ ਜੁੱਤੀ ਨਹੀਂ ਹੁਣ, ਮੈਂ ਤੇਰੀ ਦਸਤਾਰ ਹਾਂ।

ਅੱਜ ਵੀ ਬਾਪ ਦੀ ਚਿੱਟੀ ਪੱਗ ‘ਤੇ, ਮਾਂ ਦੀ ਸੁੱਚੀ ਚੁੰਨੀ ਹਾਂ,
ਵੀਰੇ ਤੋਂ ਵੱਧ ਪਹਿਲਾਂ ਵਾਗੂੰ, ਇੱਜ਼ਤ ਦਾ ਸ਼ਿੰਗਾਰ ਹਾਂ!

ਮੈਂ ਉਹ ਸੁੰਦਰ ਵੇਲ ਜੋ ਸੁੱਕ ਸੁੱਕ, ਮੁੜ ਮੁੜ ਕੇ ਹਾਂ ਫੁੱਟੀ,
ਬੀਜ ਹਾਂ ਮੈਂ ਕਾਇਨਾਤ ਦਾ, ਰੱਬ ਦੀ ਨਿਰੀ ਨੁਹਾਰ ਹਾਂ।

ਪਿਆਰ ਬਿਨਾਂ ਮੈਂ ਕੁਝ ਨਾ ਲੋੜਾਂ, ਖ਼ਿਜ਼ਾਂ ਤੋਂ ਪਿੱਛੋਂ ਜੰਮਦੀ ਹਾਂ,
ਕਰਨਾ ਸਿੱਖ ਸਵਾਗਤ ਮੇਰਾ, ਮੈਂ ਤਾਂ ਨਵੀਂ ਬਹਾਰ ਹਾਂ।

ਤਾਰਾਂ ਨੂੰ ਹੈ ਇਸ਼ਕ ਧੁਨਾਂ ਦਾ, ਲੋੜ ਹੈ ਸਾਬਤ ਹੱਥਾਂ ਦੀ,
ਮੈਂ ਅਧੂਰੀ ਹੱਥਾਂ ਬਾਝੋਂ, ਕਿਉਂਕਿ ਮੈਂ ਸਿਤਾਰ ਹਾਂ।

ਰੱਤ ਰੰਗੇ ਹੱਥ ਲੱਖਾਂ ਮੇਰੇ, ਮੇਰੇ ਸਿਰ ਇਲਜ਼ਾਮ ਖੂਨ ਦਾ,
ਆਪਣੀ ਇਸ ਦਰਿੰਦਗੀ ਤੋਂ ਮੈਂ, ‘ਧੀਏ’ ਸ਼ਰਮਸਾਰ ਹਾਂ।

ਔਕੜ ਵਿੱਚੋਂ ਲੰਘ ਜਾਣਾ ਹੀ, ਬਣ ਰਹੀ ਮੇਰੀ ਫਿਤਰਤ ਹੁਣ,
ਤੇਰੇ ‘ਕੰਗ’ ਬਰਾਬਰ ਖੜਨਾ, ਪਾਉਂਦੀ ਮੈਂ ਵੰਗਾਰ ਹਾਂ!
-------------------------------------------------
(ਇਹ ਕਵਿਤਾ 'ਸੀਰਤ.ਸੀ ਏ' ਪਰਚੇ ਵਿੱਚ ਜਨਵਰੀ ੨੦੦੮ ਦੇ ਅੰਕ ਵਿੱਚ ਛਪ ਚੁੱਕੀ ਹੈ)
Post a Comment

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!