ਨਜ਼ਮ: ਜੰਗ ਤੋਂ ਬਾਅਦ.....

ਜੰਗ ਤੋਂ ਬਾਅਦ
ਕਈ ਘਰਾਂ ਦੇ ਚੁੱਲ੍ਹੇ ਅਜੇ ਵੀ ਠੰਢੇ

ਧੁਖਦੇ ਦਿਲਾਂ ‘ਚੋਂ ਦੁਧੀਆ ਰੰਗੇ ਧੂੰਏਂ ਦੇ ਫੰਭੇ
ਫਸਲਾਂ ਦੀ ਮਾਂ ਹੋ ਗਈ ਏ ਬਾਂਝ
ਨਾ ਸੁਰ ਰਹੀ ਤੇ ਨਾ ਹੀ ਕੋਈ ਸਾਂਝ
ਚੜ੍ਹਦੀ ਸਵੇਰ ਰੌਸ਼ਨੀ ਨਾਲ ਨਰਾਜ਼
ਇਹ ਕਿਉਂ ?
ਜੰਗ ਤਾਂ ਖਤਮ ਹੋ ਗਈ ਸੀ
ਰੇਤ ਨੇ ਖੂਨ ਦੀ ਨਦੀ ਪੀ ਲਈ ਸੀ
ਅਤੇ
ਦੁਸ਼ਮਣ ਦੇਸ਼ਾਂ ‘ਚ ਭੇਂਟ ਵਾਰਤਾ ਚਲ ਰਹੀ ਹੈ
ਮਾਹੌਲ ਸੁਖਾਵੇਂ ਹੋਣ ਦੀ ਸਲਾਹ ਚਲ ਰਹੀ ਹੈ
ਦੋਵਾਂ ਦੇਸ਼ਾਂ ਦੇ ਆਗੂ,
ਮਿੱਤਰਤਾ ਦਾ ਮਖੌਟਾ ਪਹਿਨੀ,
ਗੱਲਬਾਤ ਦਾ ਹਥਿਆਰ, ਹੱਥਾਂ ‘ਚ ਲਈ
ਗੋਲ ਮੇਜ਼ ਕਾਨਫਰੰਸ ਵਿੱਚ ਬੈਠੇ ਹਨ
ਚੰਗੀ ਗੱਲ ਹੈ,
ਪਰ ਜੰਗ ਦੇ ਜੁਝਾਰੂ
ਦੁਸ਼ਮਣ ਦੇਸ਼ਾਂ ਦੀਆਂ ਜੇਲ੍ਹਾਂ ‘ਚ ਬੈਠੇ
ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ,
ਅਣਮਨੁੱਖੀ ਮੌਤ ਨਾਲ
ਸੜ ਰਹੇ ਨੇ।
ਜਿਨ੍ਹਾਂ ਦਾ ਚੇਤਾ ਸਾਲਾਂ ਸਾਲਾਂ ਤੱਕ,
ਉਨ੍ਹਾਂ ਦੇ ਵਾਰਿਸਾਂ ਤੋਂ ਬਿਨਾਂ,
ਹਾਕਮਾਂ ਨੂੰ ਕਦੇ ਨਹੀਂ ਆਉਂਦਾ
ਤੇ ਜੰਗੀ ਕੈਦੀਆਂ ਲਈ
ਜੰਗ ਤੋਂ ਬਾਅਦ ਵੀ
ਜੰਗ ਜਾਰੀ ਰਹਿੰਦੀ ਏ...

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....