ਨਜ਼ਮ: ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ....

ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ
ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ....
ਅੱਜ ਤੋਂ
ਨਹੀਂ
ਹੁਣ ਤੋਂ ਹੀ...
ਕੀ ਕਰਾਂ ਗਾ ਮੈਂ ਕਵਿਤਾ ਦਾ?
ਕਿਸ ਨੂੰ ਲੋੜ ਹੈ ਇਹਨਾਂ ਚੁੱਪ ਚਾਪ ਕਾਗਜ਼ ਤੇ ਬੈਠੇ,
ਸ਼ਬਦਾਂ ਦੀ।
ਕਿੰਨੀ ਵਾਰ ਸਮਝਾਇਆ ਸੀ...

ਏਸ ਮਨ ਨੂੰ
ਏਸ ਕਲਮ ਨੂੰ
ਏਸ ਕਾਗਜ਼ ਨੂੰ
ਕਿ ਕਵਿਤਾ ਨਾਲ ਕਿਸੇ ਦਾ ਭੁੱਖਾ ਢਿੱਡ ਨਹੀਂਓ ਹੈ ਰੱਜਦਾ,
ਕਵਿਤਾ ਨਾਲ ਕਿਸੇ ਦੇ ਸੀਨੇ 'ਚ ਕੱਚ ਵਾਂਗ ਉਤਰ ਚੁੱਕਾ ਦਰਦ
ਕਦੋਂ ਨਿੱਕਲਦਾ ਹੈ?
ਕਦੋਂ ਤੱਕ ਕਵਿਤਾ ਦੇ ਸਹਾਰੇ ਕੋਈ ਸਾਹ ਲੈਂਦਾ ਰਹੇਗਾ?
ਕਵਿਤਾ ਕਿੰਨਾ ਕੁ ਚਿਰ ਸੱਚ ਦਾ ਸਾਥ ਦੇਵੇਗੀ?
ਝੂਠ ਦੇ ਸ਼ਹਿਰ ਵਿੱਚ ਰਹਿ ਕੇ।
ਕੀ ਕਰੇਗਾ ਕੋਈ ਏਸ ਕਵਿਤਾ ਦਾ?
ਜੇਸ ਨੂੰ ਨਾ ਤਾਂ ਖਾਧਾ ਜਾ ਸਕਦਾ ਏ,
ਅਤੇ ਨਾ ਹੀ ਪੀਤਾ,
ਸ਼ਰਾਬ ਦੇ ਘੁੱਟ ਵਾਂਗ,
ਕਵਿਤਾ ਜ਼ਹਿਰ ਥੋੜ੍ਹੋ ਹੈ ਜਿਹੜੀ ਸੁਖਾਲੀ ਪੀਤੀ ਜਾ ਸਕੇ।
ਹੁਣ ਮੈਂ ਕਵਿਤਾ ਉਦੋਂ ਲਿਖਾਂਗਾ
ਜਦੋਂ ਬੋਲੇ ਕੰਨ ਸੁਣਨ ਲੱਗ ਪਏ
ਜਦੋਂ ਅੰਨ੍ਹੇ ਨੈਣ ਵੇਖਣ ਲੱਗ ਪਏ
ਜਦੋਂ ਕੋਮੇ ਵਿੱਚ ਪਏ ਉੱਠ ਕੇ ਦੌੜਨ ਲੱਗ ਪਏ।
ਜਦ ਤੱਕ ਅਸੰਭਵ ਸੰਭਵ ਨਹੀਂ ਹੁੰਦਾ,
ਮੈਂ ਕਵਿਤਾ ਲਿਖਣੀ ਮੁਲਤਵੀ ਕਰ ਦਿੱਤੀ ਹੈ।
ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ.....

-----------------------------
(੧੮ ਅਪ੍ਰੈਲ ੨੦੦੮ ਸਵੇਰ ੦੨:੦੦)

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....