Posts

Showing posts from August, 2008

ਨਜ਼ਮ: ਇਸ਼ਕ ਅਤੇ ਦੇਰੀ...

ਤੇਰੇ ਮਹਿਲਾਂ 'ਚੋਂ ਖੈਰ ਮਿਲਣੀ,
ਤਾਂ ਖੈਰ,
ਮੇਰੇ ਵੱਸ ਵਿੱਚ ਨਹੀਂ
ਪਰ
ਤੇਰੇ ਦਿਲ ਦੀ ਦਹਿਲੀਜ਼ ਟੱਪ ਕੇ ਅੰਦਰ ਆਉਣਾ
ਤਾਂ ਮੇਰੇ ਵੱਸ ਵਿੱਚ ਹੀ ਹੈ।
ਤੂੰ ਕਿੰਨੀ ਵੀ ਕੋਸ਼ਿਸ਼ ਕਰ,
ਨੈਣਾਂ ਦੇ ਦਰਬਾਨ
ਦਿਲ ਦੇ ਦਰਵਾਜੇ ਤੇ
ਪਹਿਰੇਦਾਰ ਬਣਾ ਕੇ
ਖੜ੍ਹੇ ਕਰ ਛੱਡ...
ਹੁਸਨ ਦੇ ਘੋੜਿਆਂ ਨੂੰ
ਮੇਰੀਆਂ ਸੋਚਾਂ ਦੇ ਤਬੇਲੇ 'ਚ ਆਉਣੋਂ
ਭਾਵੇਂ ਵਰਜ ਦੇ....
ਆਸ਼ਕ, ਇਸ਼ਕ 'ਚ
ਤਬਾਹੀਆਂ, ਬਰਬਾਦੀਆਂ ਕਦ ਵੇਖਦੇ ਨੇ?
ਦਹਿਲੀਜ਼ਾਂ ਤਾਂ ਇਕ ਪਾਸੇ ਸਰਹੱਦਾਂ ਦੀ ਪਰਵਾਹ ਨਹੀਂ ਕਰਦੇ ਇਹ ਜੀਣ-ਜੋਗੇ
ਜਾਂ ਕਦੇ ਕਦਾਈਂ ਸ਼ਾਇਦ ਮੌਤ ਦੇ ਹਾਣੀ ਬਣਨੋਂ ਵੀ,
ਨਹੀਂ ਟਲ਼ਦੇ...!
ਤੂੰ ਬੇਸ਼ੱਕ,
ਮਹਿਲਾਂ ਦੇ ਮੋਤੀ ਲੁਕਾ ਕੇ ਰੱਖੀਂ,
ਮੈਂ ਤੇਰੇ ਬਖ਼ਸ਼ੇ ਹੋਏ ਸਾਹਾਂ ਦੇ ਮੋਤੀਆਂ ਦੀ ਮਾਲ਼ਾ,
ਬਣਾ ਕੇ ਹੀ ਪਹਿਨ ਲੈਣੀ ਏਂ!
ਤੂੰ ਤਾਂ ਇਸ਼ਕ ਦੀ ਗੱਲ ਅੱਜ
ਪਹਿਲੀ ਵਾਰ ਕੀਤੀ ਏ,
ਮੈਂ ਇਸ਼ਕ ਤੋਂ ਸਿਵਾ ਹੋਰ ਗੱਲ ਕਰਦਾ ਹੀ ਨਹੀਂ,
ਤੇਰੇ ਨਾਮ ਤੋਂ ਬਿਨਾਂ ਹੋਰ ਸਾਹ ਭਰਦਾ ਹੀ ਨਹੀਂ।
ਤੇਰੇ ਮਹਿਲਾਂ 'ਚੋਂ ਖੈਰ ਮਿਲਣੀ
ਸ਼ਾਇਦ ਮੇਰੇ ਵੱਸ ਵਿੱਚ ਹੋ ਹੀ ਜਾਵੇ
ਪਰ
ਫਿਰ ਮੈਂ ਮੰਗਣ ਦਾ ਸ਼ਾਇਦ ਹੱਕਦਾਰ ਹੀ ਨਾ ਹੋਵਾਂ
ਤੇ ਤੂੰ ਸ਼ਾਇਦ
ਖੈਰ
ਪਾਉਣ ਦੇ ਯੋਗ ਹੀ ਨਾ ਹੋਵੇਂ,
ਕੀ ਪਤਾ ਜਦੋਂ ਤੱਕ ਤੂੰ ਹੌਂਸਲਾਂ ਕਰੇਂ
ਬਹੁਤ ਦੇਰ ਹੋ ਚੁੱਕੀ ਹੋਵੇ!!
---
੨੪ ਅਗਸਤ ੨੦੦੮

ਕਵਿਤਾ: ਜਦ ਮੈਂ ਤੈਨੂੰ ਮਿਲ਼ਿਆ....

ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਤੂੰ ਪਿੰਜਰੇ 'ਚ ਕੈਦ ਹੋ ਕੇ
ਜੀਅ ਨਹੀਂ ਸਕਦੀ
ਪਰ ਅਜ਼ਾਦ, ਮਰ ਸਕਦੀ ਏਂ!
ਮਹਿਕਦੀ ਫਿਜ਼ਾ ਵਿੱਚ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਤੂੰ ਪੈਰੀਂ ਝਾਂਜਰਾਂ ਪਾ ਕੇ
ਬੈਠ ਨਹੀਂ ਸਕਦੀ
ਪਰ ਮੇਰੇ ਨਾਲ਼ ਤੁਰ ਸਕਦੀ ਏਂ!
ਸਾਰੀ ਉਮਰ ਤੱਕ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਤੂੰ ਮੌਨ ਵਰਤ ਰੱਖਿਐ!
ਬੋਲ ਨਹੀਂ ਸਕਦੀ
ਪਰ ਚੁੱਪ-ਚਾਪ ਸੁਣ ਸਕਦੀ ਏਂ!
ਨਾਦ ਦੀ ਧੁਨੀ ਵਾਂਗ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਖ਼ਾਬ ਕਹਿੰਦੇ ਝੂਠਾ ਹੁੰਦੈ!
ਸਹਿ ਨਹੀਂ ਸਕਦੀ
ਪਰ ਸੱਚ ਨਾਲ਼ ਜੁੜ ਸਕਦੀ ਏਂ!
ਮੰਜ਼ਿਲ ਪਾਉਣ ਲਈ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਸਦੀਆਂ ਤੋਂ ਤੂੰ ਕੀ ਲੈਣਾ
ਦੱਸ ਨਹੀਂ ਸਕਦੀ
ਪਰ ਪਲ ਪਲ ਗਿਣ ਸਕਦੀ ਏਂ!
ਉਂਗਲ਼ਾਂ ਦੇ ਪੋਟਿਆਂ ਤੇ....
.....
ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ
ਤੂੰ ਪਿੰਜਰੇ 'ਚ ਕੈਦ ਹੋ ਕੇ
ਜੀਅ ਨਹੀਂ ਸਕਦੀ
ਪਰ ਅਜ਼ਾਦ, ਮਰ ਸਕਦੀ ਏਂ!
ਮਹਿਕਦੀ ਫਿਜ਼ਾ ਵਿੱਚ....।

ਨਜ਼ਮ: ਅਜ਼ਾਦੀ ਦਾ ਨਿੱਘ...

ਦਿਨ 15, ਮਹੀਨਾ ਅਗਸਤ ਅਤੇ ਸੰਨ 1947
ਭਾਰਤ ਦੀ ਅਜ਼ਾਦੀ ਦਾ
ਪਹਿਲਾ ਦਿਨ ਸੀ
ਸੂਰਜ ਦੀ ਪਹਿਲੀ ਕਿਰਨ
ਓਸ ਦਿਨ ਭੈ ‘ਚ ਡਰੀ ਹੋਈ,
ਦਹਿਸ਼ਤ ਨਾਲ ਮਰੀ ਹੋਈ,
ਅੱਗ 'ਚ ਸੜੀ ਹੋਈ,
ਜ਼ਖ਼ਮਾਂ ਨਾਲ ਭਰੀ ਹੋਈ,
ਖੂਨੀ ਹਨੇਰੇ ਨੂੰ ਪੈਰਾਂ ‘ਚ ਲਿਤਾੜਦੀ ਹੋਈ,
ਖੂਨ ਨਾਲ ਲੱਥ-ਪੱਥ ਭਿੱਜੀ ਹੋਈ,
ਨੁੱਚੜਦੀ ਹੋਈ ਸਾਡੇ ਤੀਕ ਪਹੁੰਚੀ ਸੀ
ਹਾਂ, ਉਹ ਸਾਡੇ ਲਈ
ਅਜ਼ਾਦੀ ਦਾ ਸੁਨੇਹਾ ਲੈ ਕੇ ਆਈ ਸੀ।
ਤੇ ਸਾਡੇ ਲੀਡਰ ਓਸ ਦਿਨ
ਸਾਡੇ ਦੇਸ਼ ਵਾਸੀਆਂ ਦੀਆਂ
ਕੁਰਬਾਨੀਆਂ ਨੂੰ ਭੁੱਲ ਕੇ,
ਹਜ਼ਾਰਾਂ ਲਾਸ਼ਾਂ ਉੱਤੇ ਕੁਰਸੀ ਡਾਹ ਕੇ,
ਨਿਸ਼ਚਿੰਤ ਹੋ ਕੇ,
ਆਪਣੇ ਘਰਾਂ 'ਚ
ਪਰਿਵਾਰ ਨਾਲ਼ ਬੈਠੇ
ਸੂਰਜ ਦੀ ਪਹਿਲੀ ਕਿਰਨ ਦਾ
ਨਿੱਘ ਮਾਣ ਰਹੇ ਸੀ
ਤੇ ਅਸੀਂ?
ਨਮ ਅੱਖੀਆਂ ਦੇ ਨਾਲ
ਆਪਣੇ ਮਾਪਿਆਂ, ਭਰਾਵਾਂ,
ਭੈਣਾਂ, ਪਤਨੀਆਂ, ਪੁੱਤਰਾਂ, ਧੀਆਂ
ਦੀਆਂ ਲਾਸ਼ਾਂ ਨੂੰ ਮਿੱਟੀ ਵਿੱਚ ਰਲ਼ਾ ਕੇ
ਓਸ ਅਜ਼ਾਦੀ ਦੇ ਪਹਿਲੇ ਦਿਨ ਦੀ,
ਸੂਰਜ ਦੀ ਪਹਿਲੀ ਕਿਰਨ ਦਾ
ਨਿੱਘ ਮਾਣ ਰਹੇ ਸੀ....?
(15 ਅਗਸਤ 2003)

ਦੋ ਸ਼ਿਅਰ....

ਮੈਂ ਓਹਨੂੰ ਕਦੇ ਨਹੀਂ ਕਹਿਣਾ,
ਕਿ ਤੈਨੂੰ ਪਿਆਰ ਕਰਦਾ ਹਾਂ,
ਜੇ ਇਸ਼ਕ ਵਿੱਚ ਅੱਗ ਹੋਈ,
ਤਾਂ ਓਹ ਵੀ ਜਲ਼ ਹੀ ਜਾਵੇਗੀ!
*
ਇੰਨਾ ਕਰੀਂ ਯਕੀਨ ਨਾ ਸੱਜਣਾ ਮੇਰੇ ਤੇ,
ਕਿ ਸ਼ਰਮਿੰਦਾ ਹੋਵਾਂ, ਇਕ ਦਿਨ ਮੈਂ ਤੈਥੋਂ
ਰੱਬ ਨਹੀਂ ਹਾਂ, ਮੈਂ ਤਾਂ ਮਿੱਤਰਾ ਬੰਦਾ ਹਾਂ,
ਖੁਦਗਰਜ਼ੀ ਦਾ ਪੱਲੜਾ ਭਾਰਾ ਹੈ ਮੈਥੋਂ!

ਕਵਿਤਾ: ਤੈਨੂੰ ਮਿਲ਼ਾਂਗਾ ਤਾਂ ਕਹਾਂਗਾ....

ਤੈਨੂੰ ਮਿਲ਼ਾਗਾਂ ਤਾਂ ਕਹਾਂਗਾ,
ਆਜਾ 'ਕੱਠੇ ਜੀਅ ਲਈਏ
ਕੱਠੇ ਮਰਨ ਲਈ ਮੇਰੇ ਕੋਲ਼,
ਅਜੇ ਵਕਤ ਨਹੀਂ ਹੈ!
.....
ਤੈਨੂੰ ਮਿਲ਼ਾਂਗਾ ਤਾਂ ਕਹਾਂਗਾ,
ਆਜਾ ਕਿਤੇ ਬਹਿ ਲਈਏ,
ਹੋਰ ਤੁਰਨ ਲਈ ਮੇਰੇ ਕੋਲ਼,
ਅਜੇ ਵਕਤ ਨਹੀਂ ਹੈ!
.....
ਤੈਨੂੰ ਮਿਲਾਂਗਾ ਤਾਂ ਕਹਾਂਗਾ,
ਆਜਾ ਗੱਲਾਂ ਕਰ ਲਈਏ,
ਚੁੱਪ ਰਹਿਣ ਲਈ ਮੇਰੇ ਕੋਲ਼,
ਅਜੇ ਵਕਤ ਨਹੀਂ ਹੈ!
.....
ਤੈਨੂੰ ਮਿਲ਼ਾਂਗਾ ਤਾਂ ਕਹਾਂਗਾ,
ਆਜਾ ਖ਼ਾਬ ਕੋਈ ਬੁਣੀਏ,
ਹੋਰ ਟੁੱਟਣ ਲਈ ਮੇਰੇ ਕੋਲ਼,
ਅਜੇ ਵਕਤ ਨਹੀਂ ਹੈ!
.....
ਤੈਨੂੰ ਮਿਲ਼ਾਂਗਾ ਤਾਂ ਕਹਾਂਗਾ,
ਆਜਾ ਸਾਲ, ਸਦੀ ਬਣਾਈਏ,
ਸਾਲ ਗਿਣਨ ਲਈ ਮੇਰੇ ਕੋਲ਼,
ਅਜੇ ਵਕਤ ਨਹੀਂ ਹੈ!
.....
ਤੈਨੂੰ ਮਿਲ਼ਾਗਾਂ ਤਾਂ ਕਹਾਂਗਾ,
ਆਜਾ 'ਕੱਠੇ ਜੀਅ ਲਈਏ
ਕੱਠੇ ਮਰਨ ਲਈ ਮੇਰੇ ਕੋਲ਼,
ਅਜੇ ਵਕਤ ਨਹੀਂ ਹੈ!
***
੦੭ ਅਗਸਤ ੨੦੦੮

ਸ਼ਿਅਰ.....

Image
ਸਾਂਭ ਕੇ ਰੱਖੀਂ ਜਿਗਰ ਮੇਰੇ ਨੂੰ,
ਤੇਰੇ ਹੱਥ ਫੜਾ ਚੱਲਿਆ ਹਾਂ,
'ਕੰਗ' ਨੂੰ ਤੈਥੋਂ ਖੁਦ ਮਰਵਾ ਕੇ,
ਖੁਦ ਨੂੰ ਮੈਂ ਦਫ਼ਨਾ ਚੱਲਿਆ ਹਾਂ
ਮੇਰਾ ਦਿਲ ਜੇ ਤੈਥੋਂ ਝੱਲੀਏ,
ਮੇਰੇ ਵਾਂਗਰ ਕਤਲ ਨਾ ਹੋਇਆ
ਚੇਤੇ ਰੱਖੀਂ ਇਕ ਸੁਪਨਾ ਮੈਂ,
ਤੇਰੇ ਨੈਣੀਂ ਪਾ ਚੱਲਿਆ ਹਾਂ....।।