ਨਜ਼ਮ: ਇਸ਼ਕ ਅਤੇ ਦੇਰੀ...

ਤੇਰੇ ਮਹਿਲਾਂ 'ਚੋਂ ਖੈਰ ਮਿਲਣੀ,
ਤਾਂ ਖੈਰ,
ਮੇਰੇ ਵੱਸ ਵਿੱਚ ਨਹੀਂ
ਪਰ
ਤੇਰੇ ਦਿਲ ਦੀ ਦਹਿਲੀਜ਼ ਟੱਪ ਕੇ ਅੰਦਰ ਆਉਣਾ
ਤਾਂ ਮੇਰੇ ਵੱਸ ਵਿੱਚ ਹੀ ਹੈ।
ਤੂੰ ਕਿੰਨੀ ਵੀ ਕੋਸ਼ਿਸ਼ ਕਰ,
ਨੈਣਾਂ ਦੇ ਦਰਬਾਨ
ਦਿਲ ਦੇ ਦਰਵਾਜੇ ਤੇ
ਪਹਿਰੇਦਾਰ ਬਣਾ ਕੇ
ਖੜ੍ਹੇ ਕਰ ਛੱਡ...
ਹੁਸਨ ਦੇ ਘੋੜਿਆਂ ਨੂੰ
ਮੇਰੀਆਂ ਸੋਚਾਂ ਦੇ ਤਬੇਲੇ 'ਚ ਆਉਣੋਂ
ਭਾਵੇਂ ਵਰਜ ਦੇ....
ਆਸ਼ਕ, ਇਸ਼ਕ 'ਚ
ਤਬਾਹੀਆਂ, ਬਰਬਾਦੀਆਂ ਕਦ ਵੇਖਦੇ ਨੇ?
ਦਹਿਲੀਜ਼ਾਂ ਤਾਂ ਇਕ ਪਾਸੇ ਸਰਹੱਦਾਂ ਦੀ ਪਰਵਾਹ ਨਹੀਂ ਕਰਦੇ ਇਹ ਜੀਣ-ਜੋਗੇ
ਜਾਂ ਕਦੇ ਕਦਾਈਂ ਸ਼ਾਇਦ ਮੌਤ ਦੇ ਹਾਣੀ ਬਣਨੋਂ ਵੀ,
ਨਹੀਂ ਟਲ਼ਦੇ...!
ਤੂੰ ਬੇਸ਼ੱਕ,
ਮਹਿਲਾਂ ਦੇ ਮੋਤੀ ਲੁਕਾ ਕੇ ਰੱਖੀਂ,
ਮੈਂ ਤੇਰੇ ਬਖ਼ਸ਼ੇ ਹੋਏ ਸਾਹਾਂ ਦੇ ਮੋਤੀਆਂ ਦੀ ਮਾਲ਼ਾ,
ਬਣਾ ਕੇ ਹੀ ਪਹਿਨ ਲੈਣੀ ਏਂ!
ਤੂੰ ਤਾਂ ਇਸ਼ਕ ਦੀ ਗੱਲ ਅੱਜ
ਪਹਿਲੀ ਵਾਰ ਕੀਤੀ ਏ,
ਮੈਂ ਇਸ਼ਕ ਤੋਂ ਸਿਵਾ ਹੋਰ ਗੱਲ ਕਰਦਾ ਹੀ ਨਹੀਂ,
ਤੇਰੇ ਨਾਮ ਤੋਂ ਬਿਨਾਂ ਹੋਰ ਸਾਹ ਭਰਦਾ ਹੀ ਨਹੀਂ।
ਤੇਰੇ ਮਹਿਲਾਂ 'ਚੋਂ ਖੈਰ ਮਿਲਣੀ
ਸ਼ਾਇਦ ਮੇਰੇ ਵੱਸ ਵਿੱਚ ਹੋ ਹੀ ਜਾਵੇ
ਪਰ
ਫਿਰ ਮੈਂ ਮੰਗਣ ਦਾ ਸ਼ਾਇਦ ਹੱਕਦਾਰ ਹੀ ਨਾ ਹੋਵਾਂ
ਤੇ ਤੂੰ ਸ਼ਾਇਦ
ਖੈਰ
ਪਾਉਣ ਦੇ ਯੋਗ ਹੀ ਨਾ ਹੋਵੇਂ,
ਕੀ ਪਤਾ ਜਦੋਂ ਤੱਕ ਤੂੰ ਹੌਂਸਲਾਂ ਕਰੇਂ
ਬਹੁਤ ਦੇਰ ਹੋ ਚੁੱਕੀ ਹੋਵੇ!!
---
੨੪ ਅਗਸਤ ੨੦੦੮
Post a Comment

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!