ਨਜ਼ਮ: ਆਪਾ ਅਤੇ ਆਪਣੇ

ਤੇਰੇ ਮਹਿਲ ਦੇ ਗੁੰਬਦ ਤੇ,
ਜਿਹੜਾ ਕਾਲ਼ੀ ਅੱਖਾ,
ਹੱਥ ਲਾਇਆ ਮੈਲ਼ਾ ਹੋਣ ਵਾਲ਼ਾ
ਬੱਗਾ ਕਬੂਤਰ ਬੈਠਾ ਹੈ,
ਏਹਦੇ ਪੈਰਾਂ 'ਚ
ਸੋਨੇ ਰੰਗੀਆਂ ਝਾਂਜਰਾਂ
ਮੈਂ ਪਾਈਆਂ ਸਨ
'ਮੰਡਾਲ਼ੀ' ਦੇ ਮੇਲੇ ਤੋਂ ਲਿਆ ਕੇ।
ਏਹੀ ਕਬੂਤਰ
ਜਦੋਂ ਮੇਰੇ ਘਰ ਦੇ ਉੱਤੇ ਉੱਡਦਾ ਹੈ,
ਅਸਮਾਨ 'ਚ 'ਤਾਰਾ' ਬਣ ਕੇ
ਤਾਂ ਮੈਨੂੰ ਨਿੱਕਾ ਜਿਹਾ ਦਿਖਾਈ ਦਿੰਦਾ ਹੈ,
ਪਰ
ਅੱਜ ਤੇਰੇ ਮਹਿਲ ਦੇ
ਗੋਲ਼, ਨੁਕੀਲੇ, ਵੱਡੇ, ਵਿਸ਼ਾਲ
ਗੁੰਬਦ ਤੇ ਬੈਠਾ
ਓਹੀ ਕਬੂਤਰ
'ਚੰਦ' ਲੱਗਦਾ ਹੈ।
ਇਹਦੀ ਕਾਲ਼ੀ ਅੱਖ 'ਚੋਂ
ਮੈਂ ਆਪਣੀ ਰੂਹ ਤੇ ਸਦੀਆਂ ਤੋਂ ਜੰਮੇ ਹੋਏ
ਕਾਲ਼ੇ ਦਾਗ਼ ਨੂੰ ਜਦੋਂ ਤੱਕਿਆ ਸੀ,
ਤਾਂ ਬੱਗਾ ਕਬੂਤਰ
ਮੇਰੇ ਵੱਲ ਵੇਖ
ਹੰਝੂ ਕੇਰਦਾ ਹੋਇਆ,
ਮੈਨੂੰ ਕੁਝ ਬੋਲਦਾ ਜਾਪਿਆ,
ਜਿਵੇਂ ਕਹਿ ਰਿਹਾ ਹੋਵੇ,
ਕਦੇ ਮੈਂ ਵੀ 'ਮੰਡਾਲ਼ੀ' ਦੇ ਮੇਲੇ ਤੋਂ,
'ਸਾਂਈ' ਦੇ ਪੈਰਾਂ ਦੀ ਮਿੱਟੀ ਲੈ ਕੇ ਆਵਾਂ,
ਤੇਰੇ ਕਾਲ਼ੇ ਦਾਗ਼ ਨੂੰ ਮਿਟਾਉਣ ਲਈ!
ਕਦੀ ਕਦੀ,
ਜਦੋਂ ਏਹਦੀ ਸੰਦਲੀ ਰੰਗ ਦੀ ਚੁੰਝ
ਮੇਰੀ ਤਲ਼ੀ ਤੋਂ
ਚੋਗ ਚੁਗਦੀ ਹੈ ਤਾਂ
ਮੈਨੂੰ ਲੱਗਦਾ ਹੈ
ਜਿਵੇਂ ਇਹ ਮੇਰਾ ਭਾਰ,
ਹੌਲ਼ਾ ਕਰ ਰਿਹਾ ਹੋਵੇ!!
Post a Comment

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!