ਬਦਲ ਦਿੱਤਾ ਤੈਨੂੰ ਵੀ...........ਕਵਿਤਾ


ਬਦਲ ਦਿੱਤਾ ਤੈਨੂੰ ਵੀ

ਬਦਲ ਦਿੱਤਾ ਤੈਨੂੰ ਵੀ,
ਬਦਲਦੇ ਹਾਲਾਤਾਂ ਨੇ
ਕਰ 'ਤੇ ਪਰਾਏ ਯਾਰ,
ਮੋਏ ਜਜ਼ਬਾਤਾਂ ਨੇ
ਬਦਲ ਦਿੱਤਾ ਤੈਨੂੰ ਵੀ, ਬਦਲਦੇ ਹਾਲਾਤਾਂ ਨੇ

ਨਾਲ਼ ਰਹਿੰਦਾ ਪਰਛਾਵਾਂ,
ਬੀਤੇ ਦੀਆਂ ਯਾਦਾਂ ਦਾ
ਪਿਆ ਨਾ ਫਰਕ ਕੁਝ,
ਕਾਲ਼ੀਆਂ ਵੀ ਰਾਤਾਂ ਨੇ
ਬਦਲ ਦਿੱਤਾ ਤੈਨੂੰ ਵੀ, ਬਦਲਦੇ ਹਾਲਾਤਾਂ ਨੇ

ਅਜੇ ਵੀ ਜ਼ਿਹਨ ਵਿੱਚ,
ਪੈੜ ਬਚੇ ਟਾਵੀਂ ਟਾਵੀਂ
ਨੈਣਾਂ 'ਚੋਂ ਹੜ੍ਹਾਏ ਨਕਸ਼,
ਐਪਰ ਬਰਸਾਤਾਂ ਨੇ
ਬਦਲ ਦਿੱਤਾ ਤੈਨੂੰ ਵੀ, ਬਦਲਦੇ ਹਾਲਾਤਾਂ ਨੇ

ਚਾਨਣ ਚੁਰਾ ਕੇ ਗਿਓਂ,
ਦੂਰ ਮੇਰੇ ਹਿੱਸੇ ਦਾ
ਰਾਤਾਂ ਜੇਹੀਆਂ ਹੋਈਆਂ ਹੁਣ,
ਯਾਰਾ ਪਰਭਾਤਾਂ ਨੇ
ਬਦਲ ਦਿੱਤਾ ਤੈਨੂੰ ਵੀ, ਬਦਲਦੇ ਹਾਲਾਤਾਂ ਨੇ

ਦਿਲ ਵਾਲ਼ੇ ਬੂਹੇ ਉੱਤੇ,
ਜਿੰਦੇ ਅਸੀਂ ਮਾਰ ਲਏ
ਚੁੱਪ ਨਾਲ਼ ਚੁੱਪ-ਚਾਪ,
ਨਿੱਤ ਮੁਲਾਕਾਤਾਂ ਨੇ
ਬਦਲ ਦਿੱਤਾ ਤੈਨੂੰ ਵੀ, ਬਦਲਦੇ ਹਾਲਾਤਾਂ ਨੇ

ਰੁੜੀਆਂ ਇਛਾਵਾਂ ਉਦੋਂ,
ਖਾਰੇ ਖਾਰੇ ਪਾਣੀ ਵਿੱਚ
ਦੋਸਤਾਂ ਤੋਂ ਜਦੋਂ ਦੀਆਂ,
ਮਿਲੀਆਂ ਸੌਗਾਤਾਂ ਨੇ
ਬਦਲ ਦਿੱਤਾ ਤੈਨੂੰ ਵੀ, ਬਦਲਦੇ ਹਾਲਾਤਾਂ ਨੇ

ਖਿੰਡ-ਪੁੰਡ ਗਈਆਂ ਰੀਝਾਂ,
ਸੱਧਰਾਂ ਨੂੰ ਪਿਆ ਸੋਕਾ
ਕੀਤਾ ਏ ਹੈਰਾਨ 'ਕੰਗ',
ਇਨ੍ਹਾਂ ਕਰਾਮਾਤਾਂ ਨੇ
ਬਦਲ ਦਿੱਤਾ ਤੈਨੂੰ ਵੀ, ਬਦਲਦੇ ਹਾਲਾਤਾਂ ਨੇ
ਕਰ 'ਤੇ ਪਰਾਏ ਯਾਰ, ਮੋਏ ਜਜ਼ਬਾਤਾਂ ਨੇ
ਬਦਲ ਦਿੱਤਾ ਤੈਨੂੰ ਵੀ

੦੨ ਫਰਵਰੀ ੨੦੧੨ ਕਮਲ ਕੰਗ

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....