Posts

ਕਵਿਤਾ: ਹੁਣ ਗੈਰ ਤਾਂ....

ਹੁਣ ਗੈਰ ਤਾਂ ਇਕ ਪਾਸੇ ਹੁਣ ਗੈਰ ਤਾਂ ਇਕ ਪਾਸੇ, ਆਪਣੇ ਵੀ ਯਾਦ ਨਹੀਂ। ਜੋ ਦਿਲ ਵਿੱਚ ਸਾਂਭ ਲਵਾਂ, ਐਸਾ ਕੋਈ ਰਾਜ਼ ਨਹੀਂ। ਹਰ ਰਾਤ ਨੂੰ ਤੂੰ ਆਇਆ, ਲੈ ਕੇ ਸਲੀਬ ਜਦ ਵੀ ਜਦ ਡਰਿਆ ਮੈਂ ਹੋਵਾਂ, ਐਸਾ ਕੋਈ ਖਾਬ ਨਹੀਂ। ਮੈਂ ਤੇਰੇ ਤੋਂ ਸਦਾ ਹੀ, ਆਪਾ ਹੈ ਵਾਰਿਆ ਤੂੰ ਸਮਝਦਾ ਹੈ ਜੈਸਾ, ਮੈਂ ਐਸਾ 'ਪੰਜਾਬ' ਨਹੀਂ। ਜਿਨ੍ਹਾਂ ਚਿੜੀਆਂ ਨੂੰ ਸੀ ਕੋਹਿਆ, ਵਸਦੇ ਹੀ ਜੰਗਲ 'ਚੇ ਕੁਝ ਵੀ ਨਹੀਂ ਸਾਨੂੰ ਭੁੱਲਿਆ, ਕੀ ਤੁਸੀਂ ਉਹ ਬਾਜ਼ ਨਹੀਂ? ਛੱਡ ਹੋਰ ਹੁਣ ਉਲਝਣਾ, ਮੇਰੀ ਜ਼ੁਲਫ਼ ਨਾਗਣ ਨਾਲ ਇਹਦੇ ਜ਼ਹਿਰ ਨੂੰ ਜੋ ਮਾਰੇ, ਕੋਈ ਲੱਭਿਆ ਰਾਜ਼ ਨਹੀਂ। ਭਾਵੇਂ ਹਰ ਇਕ ਚਿਹਰਾ ਇੱਥੇ, ਹੈ ਚਿਹਰੇ ਥੱਲੇ ਲੁਕਿਆ ਜੋ ਜਮ ਤੋਂ ਮੁੱਖ ਛੁਪਾਏ, ਅਜਿਹਾ ਨਕਾਬ ਨਹੀਂ! ਛੱਡ ਕਾਗ਼ਜ਼ਾਂ ਨੂੰ ਐਂਵੇ, ਹੁਣ ਦੁੱਖੜੇ ਤੂੰ ਸੁਣਾਉਣਾ ਤੇਰੇ ਸ਼ਿਅਰਾਂ ਲਈ ਤਾਂ ਸ਼ਾਇਰ, ਕੋਈ ਦਿੰਦਾ ਦਾਦ ਨਹੀਂ। ਜਿਸ ਸ਼ਖ਼ਸ ਦੀ ਸੀ ਖ਼ਾਤਰ, ਕਦੀ ਆਪਣਾ ਆਪ ਮਿਟਾਇਆ ਉਹ ਆਖੇ 'ਕੰਗ' ਦੇ ਨਾਂ ਦੀ, ਕੋਈ ਪੁੱਛਦਾ ਬਾਤ ਨਹੀਂ।

ਗ਼ਜ਼ਲ: ਚੱਲ ਚਿਰਾਗ ਜਗਾਈਏ....

ਗ਼ਜ਼ਲ ਚੱਲ ਚਿਰਾਗ ਜਗਾਈਏ, ਜੋ ਕਰ ਦੇਵੇ ਦੂਰ ਹਨ੍ਹੇਰਾ। ਦਿਲ ਵਿੱਚ ਐਸਾ ਚਾਨਣ ਹੋਵੇ ਮੁੱਕ ਜਾਏ ਤੇਰਾ ਮੇਰਾ। ਆਪਣੀ ਬੁੱਕਲ਼ ਦੇ ਵਿੱਚ ਬੈਠੇ, ਵੈਰੀ ਨੂੰ ਪਹਿਚਾਣੋ, ਤੇਲ ਜੜੀਂ ਜੋ ਸਾਡੇ ਪਾ ਕੇ, ਫੇਰ ਲੁਕਾਵੇ ਚਿਹਰਾ। ਘਰ ਵੀ ਹੁਣ ਤਾਂ ਘਰ ਨੀਂ ਲਗਦਾ, ਜਾਪੇ ਜਿਉਂ ਸ਼ਮਸ਼ਾਨ, ਚੁੱਲੇ ਅੱਗ ਨਾ, ਵਿਹੜੇ ਲਾਬੂੰ, ਜ਼ਖ਼ਮੀ ਪਿਆ ਬਨੇਰਾ। ਰੂਹ ਵੀ ਛਲਣੀ ਸਾਹ ਵੀ ਬਿਖੜੇ, ਕੀ ਏ ਜੀਣ ਅਸਾਡਾ, ਰਾਤ ਅਖ਼ੀਰੀ ਸਾਹਵਾਂ ਉੱਤੇ, ਧੁੰਦਲਾ ਜਿਹਾ ਸਵੇਰਾ। ਮੁੱਕ ਜਾਏਗੀ ਰਾਤ ਕਲਿਹਣੀ, ਜੋ ਬੇਦੋਸ਼ੇ ਖਾਵੇ, ਜਿੱਦਣ ਬਲਿ਼ਆ ਸੋਚ ’ਚ ਸੂਰਜ, ਮਿਟ ਜਾਣੈ ਹਰ ਨ੍ਹੇਰਾ। ਤੇਜ਼ ਤਰਾਰ ਇਹ ਖ਼ੂਨੀ ਖੰਜਰ, ਖੂਨ ਬਿਗਾਨਾ ਪੀਵੇ, ਇਕ ਦਿਨ ਐ ਕਾਤਲ! ਇਹ ਦੇਖੀਂ ਖ਼ੂਨ ਪੀਏਗਾ ਤੇਰਾ। ਪੈਰਾਂ ਥੱਲੇ ਦਰੜ ਨਾ ਰੋੜੇ, ਦਰਦ ਉਹਨਾਂ ਨੂੰ ਹੁੰਦੈ, ‘ਕੰਗ’ ਤੇਰਾ ਕਿਉਂ ਬੇਦਰਦਾ, ਦੱਸ ਚੀਸ ਨਾ ਭਰਦਾ ਜੇਰਾ?

ਗ਼ਜ਼ਲ: ਸਾਨੂੰ ਤਾਂ ਉਹ....

ਗ਼ਜ਼ਲ ਸਾਨੂੰ ਤਾਂ ਉਹ ਪਿਆਰ, ਵਫ਼ਾ ਦੀ ਗੱਲ ਸਮਝਾਉਂਦੇ ਨੇ। ਆਪ ਨਵੇਂ ਨਿੱਤ ਸੱਜਰੇ ਸੱਜਰੇ ਦਿਲ ਭਰਮਾਉਂਦੇ ਨੇ। ਕਹਿ ਜਾਂਦੇ ਨੇ ਜੋ ਕਿ ਪਿੱਛੇ ਪਿੱਛੇ ਆ ਜਾਣਾ, ਪਹੁੰਚ ਕੇ ਆਪ ਟਿਕਾਣੇ ਪਿੱਛੋਂ ਪੈੜ ਮਿਟਾਉਂਦੇ ਨੇ। ਜੋ ਗੱਲ ਸਾਨੂੰ ਰਾਸ, ਉਨ੍ਹਾਂ ਨੂੰ ਰਾਸ ਨਹੀਂ ਆਉਂਦੀ, ਕੈਸੇ ਦਰਦੀ ਖ਼ੁਦ ਦੁਖ ਦੇ ਕੇ ਮਰਹਮ ਲਾਉਂਦੇ ਨੇ। ਜੋ ਰਸਤਾ ਮੰਜਿ਼ਲ ਨੂੰ ਜਾਂਦੈ ਉਹ, ਉਹ ਨਹੀਂ ਦੱਸਦੇ, ਰਹਿਬਰ ਪੁੱਠੇ ਰਾਹਾਂ ਵਿੱਚ ਰਾਹੀ ਉਲਝਾਉਂਦੇ ਨੇ। ਮੈਲ਼ੇ ਹੋ ਜਾਂਦੇ ਨੇ ਸੁੱਚੇ ਹਰਫ਼ ਮੁਹੱਬਤ ਦੇ, ਇਸ਼ਕ ਮੇਰਾ ਜਦ ਖ਼ੁਦ ਹੀ ਉਹ ਬਦਨਾਮ ਕਰਾਉਂਦੇ ਨੇ। ਧੂੜ ਉਨ੍ਹਾਂ ਰਾਹਾਂ ਦੀ ‘ਕੰਗ’ ਛੁਹਾਇਆ ਕਰ ਮੱਥੇ, ਜੋ ਰਾਹ ਤੈਨੂੰ ਮਹਿਰਮ ਦੇ ਦਰ ਤੇ ਪਹੁੰਚਾਉਂਦੇ ਨੇ।

ਕਵਿਤਾ: ਪਿਆਰ....

ਪਿਆਰ ਪਿਆਰ ਕੀ ਹੁੰਦਾ ਹੈ? ਕਦੇ ਪਤਾ ਹੀ ਨਹੀਂ ਸੀ ਲੱਗਣਾ, ਜੇ ਤੂੰ ਨਾ ਮਿਲੀ ਹੁੰਦੀ! ----- ਅਹਿ ਕਵਿਤਾ!! -------- ਸ਼ਾਇਦ ਤੈਨੂੰ ਅਹਿਸਾਸ ਨਹੀਂ, ਮੈਂ ਤੇਰੀ ਉਡੀਕ ਵਿੱਚ, ਜਨਮਾਂ ਤੋਂ ਜਾਗ ਰਿਹਾ ਸੀ, ਹਰ ਪਲ ਹੀ ਮੇਰਾ, ਵੈਰਾਗ ਜਿਹਾ ਸੀ। --------------- ਹੁਣ ਮੇਰੇ ਕੋਲ ਕੁਝ ਕਹਿਣ ਲਈ ਬਚਿਆ ਨਹੀਂ ਕਿਉਂਕਿ ਅਜੇ ਮੈਂ ਤੇਰੇ ਜਿਹਾ ਕੁਝ ਰਚਿਆ ਨਹੀਂ ਕਿਉਂਕਿ ਤੇਰੇ ਬਿਨ ਅੱਜ ਤੱਕ ਮੈਨੂੰ ਕੋਈ ਹੋਰ ਜਚਿਆ ਨਹੀਂ। .................. ੨੫ ਅਕਤੂਬਰ ੨੦੦੭

ਗ਼ਜ਼ਲ: ਨਾ ਆਦਤ ਹੀ ਜਾਂਦੀ.....

ਗ਼ਜ਼ਲ ਨਾ ਆਦਤ ਹੀ ਜਾਂਦੀ, ਨਾ ਮਨ ਹੀ ਹੈ ਭਰਦਾ। ਹੈ ਕਹਿਣੀ ਤੇ ਕਰਨੀ ’ਚ, ਇੱਕ ਮੇਰੇ ਪਰਦਾ। ਮੈਂ ਕਹਿੰਦਾ ਤਾਂ ਰਹਿੰਨਾ, ਕਿ ਸੱਚ ਦਾ ਹਾਂ ਸਾਥੀ, ਇਹ ਦੱਸਿਆ ਕਦੇ ਨਹੀਂ, ਕਿ ‘ਅੰਦਰ’ ਹੈ ਡਰਦਾ। ਮੈਂ ਇਨਸਾਨ ਬਣਕੇ ਵਿਖਾਇਆ ਕਦੇ ਨਾ, ਕਰਾਂ ਸਿੱਖ, ਹਿੰਦੂ ਜਾਂ ਮੁਸਲਿਮ ਦਾ ਪਰਦਾ। ਰਹਾਂ ਸਭ ਤੋਂ ਅੱਗੇ ਇਹ ਖਾਹਿਸ਼ ਨਾ ਜਾਵੇ, ਸਦਾ ਕਤਲ ਇਸ ਲਈ ਮੈਂ ਸੱਚ ਦਾ ਹਾਂ ਕਰਦਾ। ਮੈਂ ਆਪੇ ਦੀ ਦਲਦਲ ’ਚਿ, ਸਿਰ ਤੀਕ ਡੁੱਬਿਆ, ਐਪਰ ਆਕਾਸ਼ਾਂ ’ਤੇ, ਕਬਜ਼ਾ ਹਾਂ ਕਰਦਾ। ਅਜਬ ਨੇ ਮੇਰੇ ਦਿਲ ਦੇ ਹਾਲਾਤ ਯਾਰੋ, ਇਹ ਖਾਰਾਂ ਦਾ ਸਾਥੀ ਹੈ ਫੁੱਲਾਂ ਤੋਂ ਡਰਦਾ। ਅਸਰ ਇਸ ਤੇ ਕੋਈ ਵੀ ਹੁੰਦਾ ਨਹੀਂ ਹੈ, ਇਹ ਮਨ ਹੈ ਕਿ ਪੱਥਰ ਨਾ ਭੁਰਦਾ ਨਾ ਖਰਦਾ। ਜੋ ਸੱਚ ਦੇ ਨੇ ਸਾਥੀ ਭੁਲਾ ਕੇ ਹਾਂ ਬੈਠਾ, ਅਜੇ ਝੂਠ ਨਾ' ਮੇਰਾ ਰਹਿੰਦਾ ਹੈ ਸਰਦਾ। ਤੇਰਾ ਨਾਂ ਹੈ ਸੂਲੀ ਤੇ ‘ਕੰਗ’ ਸੋਚ ਨਾ ਹੁਣ, ਕਿਸੇ ਦੀ ਜਗ੍ਹਾ ਇੱਥੇ ਕੋਈ ਨੀ ਮਰਦਾ।

ਕਵਿਤਾ: ਅਹਿਸਾਸ...

ਅਹਿਸਾਸ ਇਹ ਜ਼ਿੰਦਗੀ ਇਹ ਰਸਤਾ ਸਭ ਕੁਝ ਕੀ ਹੈ? ਇਕ ਤਾਣਾ-ਬਾਣਾ ਜਿਸ ਨੂੰ ਖੁਦ ਹੀ ਬੁਣਦਾ ਹਾਂ, ਆਪ ਹੀ ਚੁਣਦਾ ਹਾਂ, ਅੰਦਰੋਂ ਵੀ ਖੁਰਦਾ ਹਾਂ, ਬਾਹਰੋਂ ਵੀ ਭੁਰਦਾ ਹਾਂ, ਕਦੀ ਕਦੀ ਰੁਕਦਾ ਹਾਂ, ਪਲ ਪਿੱਛੋਂ ਤੁਰਦਾ ਹਾਂ..... ਅਹਿਸਾਸ ਨਾ ਹੋਵੇ ਤਾਂ, ਕੀ ਬਚਣਾ ਹੈ? ਜਜ਼ਬਾਤ ਨਾ ਹੋਵੇ ਤਾਂ, ਕੀ ਰਚਣਾ ਹੈ? ------------ (੧੮ ਅਕਤੂਬਰ ੨੦੦੭)

ਨਜ਼ਮ: ਸਾਹਸ...

ਸਾਹਸ ਤੇਰੇ ਦਿਲ ਨਾਲ ਜਦ ਦਿਲ ਵਟਾਇਆ ਸੀ, 'ਮੈਂ' ਤੋਂ 'ਤੂੰ' ਹੋ ਗਿਆ ਸੀ, ਉਸ ਦਿਨ ਤੋਂ ਹੀ ਤੇਰਾ ਖ਼ਾਦਿਮ, ਅੱਜ ਆਪਣੇ ਆਪ ਨੂੰ ਕੀ ਆਖਾਂ? ਮੇਰੀ ਸਮਝ ਤੋਂ ਬਾਹਰਾ ਹੈ ਸਭ ਕੁਝ, ਜੇ ਤੂੰ ਮੇਰੇ ਕੋਲ ਹੁੰਦੀ ਤਾਂ, ਸ਼ਾਇਦ ਆਪਣੀ ਹੋਂਦ ਦਾ ਮੈਨੂੰ ਵੀ ਕੁਝ ਅਹਿਸਾਸ ਹੁੰਦਾ! ਮੁੜ 'ਤੂੰ' ਤੋਂ 'ਮੈਂ' ਹੋਣ ਦਾ, ਸ਼ਾਇਦ ਮੇਰੇ ਵਿੱਚ ਵੀ, ਕੁਝ ਸਾਹਸ ਹੁੰਦਾ!!