Posts

ਕਵਿਤਾ: ਨਵਾਂ ਸਾਲ...

ਨਵਾਂ ਸਾਲ ਨਵਾਂ ਇਹ ਸਾਲ ਮੁਬਾਰਕ ਸਭ ਨੂੰ ਰੱਖੀਏ ਯਾਦ ਉਹ ਸੋਹਣੇ ਰੱਬ ਨੂੰ ਜਿਸਨੇ ਬਖਸ਼ੀ ਸਾਨੂੰ ਕਾਇਆ ਜਿਸਦੇ ਅਸੀਂ ਹਾਂ ਸੱਭੇ ਸਾਇਆ ਜਿਹੜਾ ਕਣ ਕਣ ਵਿੱਚ ਸਮਾਇਆ ਜਿਸਨੇ ਸਭ ਵਿੱਚ ਰੂਪ ਵਟਾਇਆ ਉਸ ਦੀ ਕੁਦਰਤ ਨੂੰ ਸਭ ਮਾਣੋ ਆਪਣਾ ਆਪਣਾ ਮੂਲ਼ ਪਛਾਣੋ ਰੋਸੇ ਛੱਡ ਕੇ ਪਿਆਰ ਵਧਾਈਏ ਕੁਦਰਤ ਨੂੰ ਆਓ ਗਲ਼ ਲਗਾਈਏ ਦੁੱਖ ਸੁੱਖ ਵਿੱਚ ਵੀ ਸਾਥ ਨਿਭਾਈਏ ਏਦਾਂ ਆਓ ਨਵਾਂ ਸਾਲ ਚੜ੍ਹਾਈਏ ਏਦਾਂ ਆਓ ਨਵਾਂ ਸਾਲ ਮਨਾਈਏ ਏਦਾਂ ‘ਕੰਗ‘ ਨਵਾਂ ਸਾਲ ਲੰਘਾਈਏ...

ਗ਼ਜ਼ਲ: ਮੈਂ ਨੂਰੋਂ ...

ਮੈਂ ਨੂਰੋਂ ਮੈਂ ਨੂਰੋਂ ਬੇ ਨੂਰ ਹੋ ਗਿਆ। ਜਦ ਦਾ ਹੈ ਉਹ ਦੂਰ ਹੋ ਗਿਆ। ਸੂਰਜ ਅੱਗੇ ਰਾਤ ਟਿਕੀ ਨਾ, ਹਰ ਪਾਸੇ ਹੀ ਨੂਰ ਹੋ ਗਿਆ। ਦੁਸ਼ਮਣ ਨੂੰ ਕੀ ਦੋਸ਼ ਦਿਆਂ ਮੈਂ? ਯਾਰ ਹੀ ਜਦ ਨਾਸੂਰ ਹੋ ਗਿਆ। ਕੀ ਲੱਭਦਾਂ ਏਂ ਭੁੱਲ ਜਾ ਓਹਨੂੰ, ਉਹ ਤਾਰਾ ਸੀ ਚੂਰ ਹੋ ਗਿਆ। ਨਾਲ ਗਮਾਂ ਦੇ ਕਰ ਲਈ ਯਾਰੀ, ਦਿਲ ਕਿੰਨਾ ਮਜ਼ਬੂਰ ਹੋ ਗਿਆ! ਪਰਦੇਸਾਂ ਵਿੱਚ ਕਾਹਦੇ ਆਏ, ਰੋਣਾ ਹੀ ਦਸਤੂਰ ਹੋ ਗਿਆ। ਮਹਿਫ਼ਲ ਦੇ ਵਿੱਚ ਵੱਧ ਸ਼ਮ੍ਹਾ ਤੋਂ, ਉਸਦੇ ਮੁੱਖ ਦਾ ਨੂਰ ਹੋ ਗਿਆ। ਦਿਲ ਕਿੰਨਾ ਨਾਜ਼ੁਕ ਸੀ ਮੇਰਾ, ਇਕ ਠੋਕਰ ਨਾ' ਚੂਰ ਹੋ ਗਿਆ। ਇਹ ਜੱਗ ਸਾਰਾ ਮਿੱਤਰਾਂ ਦਾ ਏ, ਵਹਿਮ ਬੜਾ ਸੀ ਦੂਰ ਹੋ ਗਿਆ। ਜਿਸ ਦਿਨ ਦਾ ਉਹ ਮਿਲਿਆ ਮੈਨੂੰ, ਮੈਂ ਕਿੰਨਾ ਮਸ਼ਹੂਰ ਹੋ ਗਿਆ। 'ਕੰਗ' ਤੂੰ ਕਾਹਦਾ ਸ਼ਿਕਵਾ ਕਰਦੈਂ, ਕਿਹੜਾ ਦੱਸ ਕਸੂਰ ਹੋ ਗਿਆ।

ਕਵਿਤਾ: ਪਰਵਾਜ਼....

ਪਰਵਾਜ਼ ਪਿੰਜਰੇ ਵੀ ਪਾ ਕੇ ਭਾਵੇਂ, ਤੂੰ ਰੱਖ ਲਈ ਹੁਣ ਪਰਵਾਜ਼। ਦੱਸ ਕੈਦ ਕਿੰਝ ਕਰੇਂਗਾ? ਹੁਣ ਤੂੰ ਉਸ ਦੀ ਅਵਾਜ਼। ਹੁਣ ਏਥੇ ਹਰ ਜਿਸਮ ਹੀ, ਬੇ-ਪਰਦ ਹੋ ਰਿਹਾ, ਕੀ ਮੁੱਕ ਜਾਊ ਮੇਰੀ ਹੋਂਦ? ਭੈ ਖਾਂਦਾ ਹੈ ਅੱਜ ਰਾਜ਼। ਤੂੰ ਪਿੱਛੇ ਮੁੜ ਕੇ ਵੇਖੀਂ, ਜਦ ਦੂਰ ਜਾਵੇਂ ਗਾ, ਤੇਰੇ ਨੈਣਾਂ ‘ਚੋਂ ਚਿਰਾਗ , ਲੈ ਲਊ ਗੀ ਤੇਰੀ ਯਾਦ। “ਕੀ ਤੇਰਾ ਵੀ ਲਹੂ ਲਾਲ? ਹਾਂ ਮੇਰਾ ਵੀ ਲਹੂ ਲਾਲ”, ਅੱਜ ‘ਗੋਰਾ’ ਮਾਸ ਪੁੱਛਦਾ, ਹੈ ਦੱਸਦਾ ‘ਕਾਲਾ’ ਮਾਸ! ਹੁਣ ਪੈਸਾ ਹੀ ਪਿਆਰਾ, ਲੱਗਦਾ ਹੈ ਹੋ ਗਿਆ, ਪਰ ਭੁੱਲਦਾ ਜਾ ਰਿਹਾ ਹਾਂ, ਮੈਂ ਇਨਸਾਂ ਦੀ ਜਾਤ। ਮੋਤੀ ਤਾਂ ਸਾਗਰ ਵਿੱਚੋਂ, ਖੁਦ ਹੀ ਲੱਭਣੇ ਪੈਣੇ, ਨਾ ਕਰ ਹੁਣ ਪਰੇਸ਼ਾਂ, ਤੂੰ ਕੋਈ ਕਰਾਮਾਤ। ਜਿਨ੍ਹਾਂ ਰਾਖੀ ਦਾ ਭਰਮ ਹੈ, ਮੇਰੇ ਦਿਲ ਵਿੱਚ ਪਾਲਿ਼ਆ, ਉਹ ਕੰਡੇ ਖਾ ਰਹੇ ਨੇ, ਅੱਜ ਮੇਰਾ ਗੁਲਾਬ। ਜਿਸ ਸਾਜ਼ ਨੇ ਕਦੇ ਵੀ, ਅਵਾਜ਼ ਉੱਚੀ ਕੀਤੀ, ਸਜ਼ਾ ਫਿਰ ਹਾਕਮ ਹੱਥੋਂ, ਸਦਾ ਹੀ ਪਾਈ ਸਾਜ਼। ਏਥੇ ਚਿੜੀਆਂ ਤਾਂਈ ਸਾਰੇ, ਫੜ ਫੜ ਕੇ ਮਾਰਦੇ, ‘ਕੰਗ’ ਛੋਹ ਕੇ ਵੀ ਵੇਖੋ, ਕਦੀ ਤਾਂ ਜ਼ਾਲਿਮ ਬਾਜ਼।

ਸ਼ਿਅਰ: ਰੋਕੀ ਬਹੁਤ ਮੈਂ ...

ਰੋਕੀ ਬਹੁਤ ਮੈਂ ਜਾਨ ਨਾ ਮੰਨੀਂ, ਕਰ ਗਈ ਤੋੜ ਵਿਛੋੜਾ, ਰੂਹ ਬਾਝੋਂ ਹੁਣ ਜਿਸਮ ਹੈ ਖਾਲੀ, ਲਾ ਗਈ ਦਿਲ ਨੂੰ ਝੋਰਾ, ਕਿਰਨ ਆਸ ਦੀ ਧੁੰਦਲੀ ਧੁੰਦਲੀ, ਸੋਚ ਨੂੰ ਲੱਗਿਆ ਖੋਰਾ, ਕੌਣ ਜਾਣੇ 'ਕੰਗ' ਦਿਲ ਦੀਆਂ ਗੱਲਾਂ, ਕਦ ਪਾਉਣਾ ਉਸ ਮੋੜਾ...।

ਨਜ਼ਮ: ਮਨੁੱਖੀ ਹੱਕ

ਮਨੁੱਖੀ ਹੱਕ ਮਨੁੱਖੀ ਹੱਕ ਏਥੇ ਰੱਖ .......... ਏਨਾ ਸੌਖਾ ਨਹੀਂ, ਜਿੰਨਾ ਕਹਿਣਾ ਲੱਗਦਾ ਹੈ। ਮਨਾਓ, ਇਹ ਦਿਨ ਮਨਾਓ ਦਸ ਦਸੰਬਰ ਹਰ ਸਾਲ ਆਉਂਦਾ ਹੈ, ਆਉਂਦਾ ਹੀ ਰਹਿਣਾ ਹੈ। ਪਰ ਮਨੁੱਖੀ ਹੱਕ? ਅਸੀਂ ਵੀ ਤਾਂ ਮੰਗਦੇ ਹੀ ਰਹਿਣਾ ਹੈ! ਸ਼ਰਮ ਜਿਹੀ ਆਉਂਦੀ ਹੈ, ਮਨੁੱਖ ਕੋਲੋਂ ਹੀ ਮਨੁੱਖੀ ਹੱਕ ਮੰਗਦੇ ਹੋਏ। ਕੀ ਮਨੁੱਖ ਮਨੁੱਖ ਵਿੱਚ ਵੀ ਫਰਕ ਹੈ? ਹਾਂ, ਤਾਂ ਹੀ ਤਾਂ ਕਈ ਹੱਸਦੇ ਹਨ ਕਈ ਰੋਂਦੇ ਹਨ ਕਈ ਜਾਗਦੇ ਹਨ ਕਈ ਸੌਂਦੇ ਹਨ .................. ਅੱਜ ਮਨ ਪਰੇਸ਼ਾਨ ਹੈ ਆਇਆ ਕੋਈ ਤੂਫ਼ਾਨ ਹੈ ਅੱਖਰ ਖਿੱਲਰ ਖਿੱਲਰ ਜਾਂਦੇ ਹਨ ਪਤਝੜ ਤਾਂ ਕਦੋਂ ਦੀ ਚਲੇ ਗਈ ਫਿਰ ਇਹ ਹਨੇਰੀ ਕਿਸ ਨੂੰ ਲੈ ਕੇ ਜਾ ਰਹੀ ਹੈ ਆਪਣੇ ਨਾਲ? ਸੋਚਦਾ ਹਾਂ...... ਸ਼ਾਇਦ ਮਨੁੱਖੀ ਹੱਕ ਹੋਣਗੇ! ਤੁਸੀਂ ਕੀ ਸੋਚਣ ਲੱਗ ਪਏ? ਚਲੋ ਜਾਰੀ ਰੱਖੋ ਦਸ ਦਸੰਬਰ ਦਾ ਦਿਨ ਮਨਾਉਣਾ .............. ਮਨੁੱਖੀ ਹੱਕ ਏਥੇ ਰੱਖ। (੧੦ ਦਸੰਬਰ ੨੦੦੭)

ਕਵਿਤਾ: ਹੁਣ ਗੈਰ ਤਾਂ....

ਹੁਣ ਗੈਰ ਤਾਂ ਇਕ ਪਾਸੇ ਹੁਣ ਗੈਰ ਤਾਂ ਇਕ ਪਾਸੇ, ਆਪਣੇ ਵੀ ਯਾਦ ਨਹੀਂ। ਜੋ ਦਿਲ ਵਿੱਚ ਸਾਂਭ ਲਵਾਂ, ਐਸਾ ਕੋਈ ਰਾਜ਼ ਨਹੀਂ। ਹਰ ਰਾਤ ਨੂੰ ਤੂੰ ਆਇਆ, ਲੈ ਕੇ ਸਲੀਬ ਜਦ ਵੀ ਜਦ ਡਰਿਆ ਮੈਂ ਹੋਵਾਂ, ਐਸਾ ਕੋਈ ਖਾਬ ਨਹੀਂ। ਮੈਂ ਤੇਰੇ ਤੋਂ ਸਦਾ ਹੀ, ਆਪਾ ਹੈ ਵਾਰਿਆ ਤੂੰ ਸਮਝਦਾ ਹੈ ਜੈਸਾ, ਮੈਂ ਐਸਾ 'ਪੰਜਾਬ' ਨਹੀਂ। ਜਿਨ੍ਹਾਂ ਚਿੜੀਆਂ ਨੂੰ ਸੀ ਕੋਹਿਆ, ਵਸਦੇ ਹੀ ਜੰਗਲ 'ਚੇ ਕੁਝ ਵੀ ਨਹੀਂ ਸਾਨੂੰ ਭੁੱਲਿਆ, ਕੀ ਤੁਸੀਂ ਉਹ ਬਾਜ਼ ਨਹੀਂ? ਛੱਡ ਹੋਰ ਹੁਣ ਉਲਝਣਾ, ਮੇਰੀ ਜ਼ੁਲਫ਼ ਨਾਗਣ ਨਾਲ ਇਹਦੇ ਜ਼ਹਿਰ ਨੂੰ ਜੋ ਮਾਰੇ, ਕੋਈ ਲੱਭਿਆ ਰਾਜ਼ ਨਹੀਂ। ਭਾਵੇਂ ਹਰ ਇਕ ਚਿਹਰਾ ਇੱਥੇ, ਹੈ ਚਿਹਰੇ ਥੱਲੇ ਲੁਕਿਆ ਜੋ ਜਮ ਤੋਂ ਮੁੱਖ ਛੁਪਾਏ, ਅਜਿਹਾ ਨਕਾਬ ਨਹੀਂ! ਛੱਡ ਕਾਗ਼ਜ਼ਾਂ ਨੂੰ ਐਂਵੇ, ਹੁਣ ਦੁੱਖੜੇ ਤੂੰ ਸੁਣਾਉਣਾ ਤੇਰੇ ਸ਼ਿਅਰਾਂ ਲਈ ਤਾਂ ਸ਼ਾਇਰ, ਕੋਈ ਦਿੰਦਾ ਦਾਦ ਨਹੀਂ। ਜਿਸ ਸ਼ਖ਼ਸ ਦੀ ਸੀ ਖ਼ਾਤਰ, ਕਦੀ ਆਪਣਾ ਆਪ ਮਿਟਾਇਆ ਉਹ ਆਖੇ 'ਕੰਗ' ਦੇ ਨਾਂ ਦੀ, ਕੋਈ ਪੁੱਛਦਾ ਬਾਤ ਨਹੀਂ।

ਗ਼ਜ਼ਲ: ਚੱਲ ਚਿਰਾਗ ਜਗਾਈਏ....

ਗ਼ਜ਼ਲ ਚੱਲ ਚਿਰਾਗ ਜਗਾਈਏ, ਜੋ ਕਰ ਦੇਵੇ ਦੂਰ ਹਨ੍ਹੇਰਾ। ਦਿਲ ਵਿੱਚ ਐਸਾ ਚਾਨਣ ਹੋਵੇ ਮੁੱਕ ਜਾਏ ਤੇਰਾ ਮੇਰਾ। ਆਪਣੀ ਬੁੱਕਲ਼ ਦੇ ਵਿੱਚ ਬੈਠੇ, ਵੈਰੀ ਨੂੰ ਪਹਿਚਾਣੋ, ਤੇਲ ਜੜੀਂ ਜੋ ਸਾਡੇ ਪਾ ਕੇ, ਫੇਰ ਲੁਕਾਵੇ ਚਿਹਰਾ। ਘਰ ਵੀ ਹੁਣ ਤਾਂ ਘਰ ਨੀਂ ਲਗਦਾ, ਜਾਪੇ ਜਿਉਂ ਸ਼ਮਸ਼ਾਨ, ਚੁੱਲੇ ਅੱਗ ਨਾ, ਵਿਹੜੇ ਲਾਬੂੰ, ਜ਼ਖ਼ਮੀ ਪਿਆ ਬਨੇਰਾ। ਰੂਹ ਵੀ ਛਲਣੀ ਸਾਹ ਵੀ ਬਿਖੜੇ, ਕੀ ਏ ਜੀਣ ਅਸਾਡਾ, ਰਾਤ ਅਖ਼ੀਰੀ ਸਾਹਵਾਂ ਉੱਤੇ, ਧੁੰਦਲਾ ਜਿਹਾ ਸਵੇਰਾ। ਮੁੱਕ ਜਾਏਗੀ ਰਾਤ ਕਲਿਹਣੀ, ਜੋ ਬੇਦੋਸ਼ੇ ਖਾਵੇ, ਜਿੱਦਣ ਬਲਿ਼ਆ ਸੋਚ ’ਚ ਸੂਰਜ, ਮਿਟ ਜਾਣੈ ਹਰ ਨ੍ਹੇਰਾ। ਤੇਜ਼ ਤਰਾਰ ਇਹ ਖ਼ੂਨੀ ਖੰਜਰ, ਖੂਨ ਬਿਗਾਨਾ ਪੀਵੇ, ਇਕ ਦਿਨ ਐ ਕਾਤਲ! ਇਹ ਦੇਖੀਂ ਖ਼ੂਨ ਪੀਏਗਾ ਤੇਰਾ। ਪੈਰਾਂ ਥੱਲੇ ਦਰੜ ਨਾ ਰੋੜੇ, ਦਰਦ ਉਹਨਾਂ ਨੂੰ ਹੁੰਦੈ, ‘ਕੰਗ’ ਤੇਰਾ ਕਿਉਂ ਬੇਦਰਦਾ, ਦੱਸ ਚੀਸ ਨਾ ਭਰਦਾ ਜੇਰਾ?