Posts

ਕਵਿਤਾ: ਦੀਵਾਨਗੀ....

ਦੀਵਾਨਗੀ ਇਹ ਨਾਮ ਵੀ ਕੁਝ ਐਸਾ ਹੈ ਕਿ ਥੋੜਾ ਬਦਨਾਮ ਹੈ, ਦੂਜਾ ਇਹ ਗੁਨਾਹ ਹੈ ਕਿ ਹੱਥ ਵਿੱਚ ਮੇਰੇ ਜਾਮ ਹੈ। ਤੇਰਾ ਹਾਂ ਗੁਨਾਹਗਾਰ ਤੂੰ ਸਜ਼ਾ ਤਾਂ ਕੋਈ ਸੁਣਾ ਮੈਨੂੰ, ਸੁਣਿਐ ਤੇਰੇ ਸ਼ਹਿਰ ਵਿੱਚ ਮੇਰਾ ਵੀ ਬੜਾ ਨਾਮ ਹੈ।

ਕਵਿਤਾ: ਔਰਤ...

ਔਰਤ ਕਦਮ ਕਦਮ ਤੇ ਨਾ ਅਜ਼ਮਾ ਤੂੰ, ਮੈਂ ਸ਼ਕਤੀ ਸਾਕਾਰ ਹਾਂ। ਸਦੀਆਂ ਦੀ ਮੈਂ ਜ਼ਹਿਰ ਹੈ ਪੀਤੀ, ਫਿਰ ਵੀ ਜ਼ਿੰਦਾ ਨਾਰ ਹਾਂ। ਕਿੰਨਾ ਚਿਰ ਹੁਣ ਹੋਰ ਤੂੰ ਮੈਨੂੰ, ਪੈਰਾਂ ਹੇਠ ਲਿਤਾੜੇਂਗਾ? ਤੇਰੇ ਪੈਰ ਦੀ ਜੁੱਤੀ ਨਹੀਂ ਹੁਣ, ਮੈਂ ਤੇਰੀ ਦਸਤਾਰ ਹਾਂ। ਅੱਜ ਵੀ ਬਾਪ ਦੀ ਚਿੱਟੀ ਪੱਗ ‘ਤੇ, ਮਾਂ ਦੀ ਸੁੱਚੀ ਚੁੰਨੀ ਹਾਂ, ਵੀਰੇ ਤੋਂ ਵੱਧ ਪਹਿਲਾਂ ਵਾਗੂੰ, ਇੱਜ਼ਤ ਦਾ ਸ਼ਿੰਗਾਰ ਹਾਂ! ਮੈਂ ਉਹ ਸੁੰਦਰ ਵੇਲ ਜੋ ਸੁੱਕ ਸੁੱਕ, ਮੁੜ ਮੁੜ ਕੇ ਹਾਂ ਫੁੱਟੀ, ਬੀਜ ਹਾਂ ਮੈਂ ਕਾਇਨਾਤ ਦਾ, ਰੱਬ ਦੀ ਨਿਰੀ ਨੁਹਾਰ ਹਾਂ। ਪਿਆਰ ਬਿਨਾਂ ਮੈਂ ਕੁਝ ਨਾ ਲੋੜਾਂ, ਖ਼ਿਜ਼ਾਂ ਤੋਂ ਪਿੱਛੋਂ ਜੰਮਦੀ ਹਾਂ, ਕਰਨਾ ਸਿੱਖ ਸਵਾਗਤ ਮੇਰਾ, ਮੈਂ ਤਾਂ ਨਵੀਂ ਬਹਾਰ ਹਾਂ। ਤਾਰਾਂ ਨੂੰ ਹੈ ਇਸ਼ਕ ਧੁਨਾਂ ਦਾ, ਲੋੜ ਹੈ ਸਾਬਤ ਹੱਥਾਂ ਦੀ, ਮੈਂ ਅਧੂਰੀ ਹੱਥਾਂ ਬਾਝੋਂ, ਕਿਉਂਕਿ ਮੈਂ ਸਿਤਾਰ ਹਾਂ। ਰੱਤ ਰੰਗੇ ਹੱਥ ਲੱਖਾਂ ਮੇਰੇ, ਮੇਰੇ ਸਿਰ ਇਲਜ਼ਾਮ ਖੂਨ ਦਾ, ਆਪਣੀ ਇਸ ਦਰਿੰਦਗੀ ਤੋਂ ਮੈਂ, ‘ਧੀਏ’ ਸ਼ਰਮਸਾਰ ਹਾਂ। ਔਕੜ ਵਿੱਚੋਂ ਲੰਘ ਜਾਣਾ ਹੀ, ਬਣ ਰਹੀ ਮੇਰੀ ਫਿਤਰਤ ਹੁਣ, ਤੇਰੇ ‘ਕੰਗ’ ਬਰਾਬਰ ਖੜਨਾ, ਪਾਉਂਦੀ ਮੈਂ ਵੰਗਾਰ ਹਾਂ! ------------------------------------------------- (ਇਹ ਕਵਿਤਾ 'ਸੀਰਤ.ਸੀ ਏ' ਪਰਚੇ ਵਿੱਚ ਜਨਵਰੀ ੨੦੦੮ ਦੇ ਅੰਕ ਵਿੱਚ ਛਪ ਚੁੱਕੀ ਹੈ)

ਕਵਿਤਾ: ਫੁੱਲਾਂ 'ਚ ਮਹਿਕ...

ਫੁੱਲਾਂ 'ਚ ਮਹਿਕ ਫੁੱਲਾਂ ‘ਚ ਮਹਿਕ, ਮਹਿਕ ਵਿੱਚ ਸ਼ੋਖੀ ਕੁਝ ਤੇਰੇ ਲਈ, ਕੁਝ ਮੇਰੇ ਲਈ ਸੂਰਜ ਦੀ ਤਪਸ਼, ਤਪਸ਼ ਵਿੱਚ ਗਰਮੀ ਕੁਝ ਤੇਰੇ ਲਈ, ਕੁਝ ਮੇਰੇ ਲਈ ਪਾਣੀ ‘ਚ ਲਹਿਰ, ਲਹਿਰ ‘ਚ ਰਵਾਨੀ ਕੁਝ ਤੇਰੇ ਲਈ, ਕੁਝ ਮੇਰੇ ਲਈ ਹਵਾ ‘ਚ ਜੀਵਨ, ਜੀਵਨ ‘ਚ ਜ਼ਿੰਦਗੀ ਕੁਝ ਤੇਰੇ ਲਈ, ਕੁਝ ਮੇਰੇ ਲਈ

ਕਵਿਤਾ: ਨਵਾਂ ਸਾਲ...

ਨਵਾਂ ਸਾਲ ਨਵਾਂ ਇਹ ਸਾਲ ਮੁਬਾਰਕ ਸਭ ਨੂੰ ਰੱਖੀਏ ਯਾਦ ਉਹ ਸੋਹਣੇ ਰੱਬ ਨੂੰ ਜਿਸਨੇ ਬਖਸ਼ੀ ਸਾਨੂੰ ਕਾਇਆ ਜਿਸਦੇ ਅਸੀਂ ਹਾਂ ਸੱਭੇ ਸਾਇਆ ਜਿਹੜਾ ਕਣ ਕਣ ਵਿੱਚ ਸਮਾਇਆ ਜਿਸਨੇ ਸਭ ਵਿੱਚ ਰੂਪ ਵਟਾਇਆ ਉਸ ਦੀ ਕੁਦਰਤ ਨੂੰ ਸਭ ਮਾਣੋ ਆਪਣਾ ਆਪਣਾ ਮੂਲ਼ ਪਛਾਣੋ ਰੋਸੇ ਛੱਡ ਕੇ ਪਿਆਰ ਵਧਾਈਏ ਕੁਦਰਤ ਨੂੰ ਆਓ ਗਲ਼ ਲਗਾਈਏ ਦੁੱਖ ਸੁੱਖ ਵਿੱਚ ਵੀ ਸਾਥ ਨਿਭਾਈਏ ਏਦਾਂ ਆਓ ਨਵਾਂ ਸਾਲ ਚੜ੍ਹਾਈਏ ਏਦਾਂ ਆਓ ਨਵਾਂ ਸਾਲ ਮਨਾਈਏ ਏਦਾਂ ‘ਕੰਗ‘ ਨਵਾਂ ਸਾਲ ਲੰਘਾਈਏ...

ਗ਼ਜ਼ਲ: ਮੈਂ ਨੂਰੋਂ ...

ਮੈਂ ਨੂਰੋਂ ਮੈਂ ਨੂਰੋਂ ਬੇ ਨੂਰ ਹੋ ਗਿਆ। ਜਦ ਦਾ ਹੈ ਉਹ ਦੂਰ ਹੋ ਗਿਆ। ਸੂਰਜ ਅੱਗੇ ਰਾਤ ਟਿਕੀ ਨਾ, ਹਰ ਪਾਸੇ ਹੀ ਨੂਰ ਹੋ ਗਿਆ। ਦੁਸ਼ਮਣ ਨੂੰ ਕੀ ਦੋਸ਼ ਦਿਆਂ ਮੈਂ? ਯਾਰ ਹੀ ਜਦ ਨਾਸੂਰ ਹੋ ਗਿਆ। ਕੀ ਲੱਭਦਾਂ ਏਂ ਭੁੱਲ ਜਾ ਓਹਨੂੰ, ਉਹ ਤਾਰਾ ਸੀ ਚੂਰ ਹੋ ਗਿਆ। ਨਾਲ ਗਮਾਂ ਦੇ ਕਰ ਲਈ ਯਾਰੀ, ਦਿਲ ਕਿੰਨਾ ਮਜ਼ਬੂਰ ਹੋ ਗਿਆ! ਪਰਦੇਸਾਂ ਵਿੱਚ ਕਾਹਦੇ ਆਏ, ਰੋਣਾ ਹੀ ਦਸਤੂਰ ਹੋ ਗਿਆ। ਮਹਿਫ਼ਲ ਦੇ ਵਿੱਚ ਵੱਧ ਸ਼ਮ੍ਹਾ ਤੋਂ, ਉਸਦੇ ਮੁੱਖ ਦਾ ਨੂਰ ਹੋ ਗਿਆ। ਦਿਲ ਕਿੰਨਾ ਨਾਜ਼ੁਕ ਸੀ ਮੇਰਾ, ਇਕ ਠੋਕਰ ਨਾ' ਚੂਰ ਹੋ ਗਿਆ। ਇਹ ਜੱਗ ਸਾਰਾ ਮਿੱਤਰਾਂ ਦਾ ਏ, ਵਹਿਮ ਬੜਾ ਸੀ ਦੂਰ ਹੋ ਗਿਆ। ਜਿਸ ਦਿਨ ਦਾ ਉਹ ਮਿਲਿਆ ਮੈਨੂੰ, ਮੈਂ ਕਿੰਨਾ ਮਸ਼ਹੂਰ ਹੋ ਗਿਆ। 'ਕੰਗ' ਤੂੰ ਕਾਹਦਾ ਸ਼ਿਕਵਾ ਕਰਦੈਂ, ਕਿਹੜਾ ਦੱਸ ਕਸੂਰ ਹੋ ਗਿਆ।

ਕਵਿਤਾ: ਪਰਵਾਜ਼....

ਪਰਵਾਜ਼ ਪਿੰਜਰੇ ਵੀ ਪਾ ਕੇ ਭਾਵੇਂ, ਤੂੰ ਰੱਖ ਲਈ ਹੁਣ ਪਰਵਾਜ਼। ਦੱਸ ਕੈਦ ਕਿੰਝ ਕਰੇਂਗਾ? ਹੁਣ ਤੂੰ ਉਸ ਦੀ ਅਵਾਜ਼। ਹੁਣ ਏਥੇ ਹਰ ਜਿਸਮ ਹੀ, ਬੇ-ਪਰਦ ਹੋ ਰਿਹਾ, ਕੀ ਮੁੱਕ ਜਾਊ ਮੇਰੀ ਹੋਂਦ? ਭੈ ਖਾਂਦਾ ਹੈ ਅੱਜ ਰਾਜ਼। ਤੂੰ ਪਿੱਛੇ ਮੁੜ ਕੇ ਵੇਖੀਂ, ਜਦ ਦੂਰ ਜਾਵੇਂ ਗਾ, ਤੇਰੇ ਨੈਣਾਂ ‘ਚੋਂ ਚਿਰਾਗ , ਲੈ ਲਊ ਗੀ ਤੇਰੀ ਯਾਦ। “ਕੀ ਤੇਰਾ ਵੀ ਲਹੂ ਲਾਲ? ਹਾਂ ਮੇਰਾ ਵੀ ਲਹੂ ਲਾਲ”, ਅੱਜ ‘ਗੋਰਾ’ ਮਾਸ ਪੁੱਛਦਾ, ਹੈ ਦੱਸਦਾ ‘ਕਾਲਾ’ ਮਾਸ! ਹੁਣ ਪੈਸਾ ਹੀ ਪਿਆਰਾ, ਲੱਗਦਾ ਹੈ ਹੋ ਗਿਆ, ਪਰ ਭੁੱਲਦਾ ਜਾ ਰਿਹਾ ਹਾਂ, ਮੈਂ ਇਨਸਾਂ ਦੀ ਜਾਤ। ਮੋਤੀ ਤਾਂ ਸਾਗਰ ਵਿੱਚੋਂ, ਖੁਦ ਹੀ ਲੱਭਣੇ ਪੈਣੇ, ਨਾ ਕਰ ਹੁਣ ਪਰੇਸ਼ਾਂ, ਤੂੰ ਕੋਈ ਕਰਾਮਾਤ। ਜਿਨ੍ਹਾਂ ਰਾਖੀ ਦਾ ਭਰਮ ਹੈ, ਮੇਰੇ ਦਿਲ ਵਿੱਚ ਪਾਲਿ਼ਆ, ਉਹ ਕੰਡੇ ਖਾ ਰਹੇ ਨੇ, ਅੱਜ ਮੇਰਾ ਗੁਲਾਬ। ਜਿਸ ਸਾਜ਼ ਨੇ ਕਦੇ ਵੀ, ਅਵਾਜ਼ ਉੱਚੀ ਕੀਤੀ, ਸਜ਼ਾ ਫਿਰ ਹਾਕਮ ਹੱਥੋਂ, ਸਦਾ ਹੀ ਪਾਈ ਸਾਜ਼। ਏਥੇ ਚਿੜੀਆਂ ਤਾਂਈ ਸਾਰੇ, ਫੜ ਫੜ ਕੇ ਮਾਰਦੇ, ‘ਕੰਗ’ ਛੋਹ ਕੇ ਵੀ ਵੇਖੋ, ਕਦੀ ਤਾਂ ਜ਼ਾਲਿਮ ਬਾਜ਼।

ਸ਼ਿਅਰ: ਰੋਕੀ ਬਹੁਤ ਮੈਂ ...

ਰੋਕੀ ਬਹੁਤ ਮੈਂ ਜਾਨ ਨਾ ਮੰਨੀਂ, ਕਰ ਗਈ ਤੋੜ ਵਿਛੋੜਾ, ਰੂਹ ਬਾਝੋਂ ਹੁਣ ਜਿਸਮ ਹੈ ਖਾਲੀ, ਲਾ ਗਈ ਦਿਲ ਨੂੰ ਝੋਰਾ, ਕਿਰਨ ਆਸ ਦੀ ਧੁੰਦਲੀ ਧੁੰਦਲੀ, ਸੋਚ ਨੂੰ ਲੱਗਿਆ ਖੋਰਾ, ਕੌਣ ਜਾਣੇ 'ਕੰਗ' ਦਿਲ ਦੀਆਂ ਗੱਲਾਂ, ਕਦ ਪਾਉਣਾ ਉਸ ਮੋੜਾ...।