Posts

ਨਜ਼ਮ: ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ....

ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ.... ਅੱਜ ਤੋਂ ਨਹੀਂ ਹੁਣ ਤੋਂ ਹੀ... ਕੀ ਕਰਾਂ ਗਾ ਮੈਂ ਕਵਿਤਾ ਦਾ? ਕਿਸ ਨੂੰ ਲੋੜ ਹੈ ਇਹਨਾਂ ਚੁੱਪ ਚਾਪ ਕਾਗਜ਼ ਤੇ ਬੈਠੇ, ਸ਼ਬਦਾਂ ਦੀ। ਕਿੰਨੀ ਵਾਰ ਸਮਝਾਇਆ ਸੀ... ਏਸ ਮਨ ਨੂੰ ਏਸ ਕਲਮ ਨੂੰ ਏਸ ਕਾਗਜ਼ ਨੂੰ ਕਿ ਕਵਿਤਾ ਨਾਲ ਕਿਸੇ ਦਾ ਭੁੱਖਾ ਢਿੱਡ ਨਹੀਂਓ ਹੈ ਰੱਜਦਾ, ਕਵਿਤਾ ਨਾਲ ਕਿਸੇ ਦੇ ਸੀਨੇ 'ਚ ਕੱਚ ਵਾਂਗ ਉਤਰ ਚੁੱਕਾ ਦਰਦ ਕਦੋਂ ਨਿੱਕਲਦਾ ਹੈ? ਕਦੋਂ ਤੱਕ ਕਵਿਤਾ ਦੇ ਸਹਾਰੇ ਕੋਈ ਸਾਹ ਲੈਂਦਾ ਰਹੇਗਾ? ਕਵਿਤਾ ਕਿੰਨਾ ਕੁ ਚਿਰ ਸੱਚ ਦਾ ਸਾਥ ਦੇਵੇਗੀ? ਝੂਠ ਦੇ ਸ਼ਹਿਰ ਵਿੱਚ ਰਹਿ ਕੇ। ਕੀ ਕਰੇਗਾ ਕੋਈ ਏਸ ਕਵਿਤਾ ਦਾ? ਜੇਸ ਨੂੰ ਨਾ ਤਾਂ ਖਾਧਾ ਜਾ ਸਕਦਾ ਏ, ਅਤੇ ਨਾ ਹੀ ਪੀਤਾ, ਸ਼ਰਾਬ ਦੇ ਘੁੱਟ ਵਾਂਗ, ਕਵਿਤਾ ਜ਼ਹਿਰ ਥੋੜ੍ਹੋ ਹੈ ਜਿਹੜੀ ਸੁਖਾਲੀ ਪੀਤੀ ਜਾ ਸਕੇ। ਹੁਣ ਮੈਂ ਕਵਿਤਾ ਉਦੋਂ ਲਿਖਾਂਗਾ ਜਦੋਂ ਬੋਲੇ ਕੰਨ ਸੁਣਨ ਲੱਗ ਪਏ ਜਦੋਂ ਅੰਨ੍ਹੇ ਨੈਣ ਵੇਖਣ ਲੱਗ ਪਏ ਜਦੋਂ ਕੋਮੇ ਵਿੱਚ ਪਏ ਉੱਠ ਕੇ ਦੌੜਨ ਲੱਗ ਪਏ। ਜਦ ਤੱਕ ਅਸੰਭਵ ਸੰਭਵ ਨਹੀਂ ਹੁੰਦਾ, ਮੈਂ ਕਵਿਤਾ ਲਿਖਣੀ ਮੁਲਤਵੀ ਕਰ ਦਿੱਤੀ ਹੈ। ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ..... ----------------------------- (੧੮ ਅਪ੍ਰੈਲ ੨੦੦੮ ਸਵੇਰ ੦੨:੦੦)

ਨਜ਼ਮ: ਜੰਗ ਤੋਂ ਬਾਅਦ.....

ਜੰਗ ਤੋਂ ਬਾਅਦ ਕਈ ਘਰਾਂ ਦੇ ਚੁੱਲ੍ਹੇ ਅਜੇ ਵੀ ਠੰਢੇ ਧੁਖਦੇ ਦਿਲਾਂ ‘ਚੋਂ ਦੁਧੀਆ ਰੰਗੇ ਧੂੰਏਂ ਦੇ ਫੰਭੇ ਫਸਲਾਂ ਦੀ ਮਾਂ ਹੋ ਗਈ ਏ ਬਾਂਝ ਨਾ ਸੁਰ ਰਹੀ ਤੇ ਨਾ ਹੀ ਕੋਈ ਸਾਂਝ ਚੜ੍ਹਦੀ ਸਵੇਰ ਰੌਸ਼ਨੀ ਨਾਲ ਨਰਾਜ਼ ਇਹ ਕਿਉਂ ? ਜੰਗ ਤਾਂ ਖਤਮ ਹੋ ਗਈ ਸੀ ਰੇਤ ਨੇ ਖੂਨ ਦੀ ਨਦੀ ਪੀ ਲਈ ਸੀ ਅਤੇ ਦੁਸ਼ਮਣ ਦੇਸ਼ਾਂ ‘ਚ ਭੇਂਟ ਵਾਰਤਾ ਚਲ ਰਹੀ ਹੈ ਮਾਹੌਲ ਸੁਖਾਵੇਂ ਹੋਣ ਦੀ ਸਲਾਹ ਚਲ ਰਹੀ ਹੈ ਦੋਵਾਂ ਦੇਸ਼ਾਂ ਦੇ ਆਗੂ, ਮਿੱਤਰਤਾ ਦਾ ਮਖੌਟਾ ਪਹਿਨੀ, ਗੱਲਬਾਤ ਦਾ ਹਥਿਆਰ, ਹੱਥਾਂ ‘ਚ ਲਈ ਗੋਲ ਮੇਜ਼ ਕਾਨਫਰੰਸ ਵਿੱਚ ਬੈਠੇ ਹਨ ਚੰਗੀ ਗੱਲ ਹੈ, ਪਰ ਜੰਗ ਦੇ ਜੁਝਾਰੂ ਦੁਸ਼ਮਣ ਦੇਸ਼ਾਂ ਦੀਆਂ ਜੇਲ੍ਹਾਂ ‘ਚ ਬੈਠੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਅਣਮਨੁੱਖੀ ਮੌਤ ਨਾਲ ਸੜ ਰਹੇ ਨੇ। ਜਿਨ੍ਹਾਂ ਦਾ ਚੇਤਾ ਸਾਲਾਂ ਸਾਲਾਂ ਤੱਕ, ਉਨ੍ਹਾਂ ਦੇ ਵਾਰਿਸਾਂ ਤੋਂ ਬਿਨਾਂ, ਹਾਕਮਾਂ ਨੂੰ ਕਦੇ ਨਹੀਂ ਆਉਂਦਾ ਤੇ ਜੰਗੀ ਕੈਦੀਆਂ ਲਈ ਜੰਗ ਤੋਂ ਬਾਅਦ ਵੀ ਜੰਗ ਜਾਰੀ ਰਹਿੰਦੀ ਏ...

ਨਜ਼ਮ: ਧੀ ਬਨਾਮ ਕਰੂੰਬਲ

ਧੀ ਬਨਾਮ ਕਰੂੰਬਲ ਮੇਰੀ ਕਰੂੰਬਲ ਪੱਤਾ ਬਣ ਜਾਏ, ਹਰ ਰੁੱਖ ਹੀ ਇਹ ਚਾਹੁੰਦਾ ਏ ਧੀ ਦੇ ਕਾਤਲ ਤਾਂਈ ਖ਼ਬਰੇ, ਇਹ ਕਿਉਂ ਸਮਝ ਨਈਂ ਆਉਂਦਾ ਏ?

ਕਵਿਤਾ: ਦੀਵਾਨਗੀ....

ਦੀਵਾਨਗੀ ਇਹ ਨਾਮ ਵੀ ਕੁਝ ਐਸਾ ਹੈ ਕਿ ਥੋੜਾ ਬਦਨਾਮ ਹੈ, ਦੂਜਾ ਇਹ ਗੁਨਾਹ ਹੈ ਕਿ ਹੱਥ ਵਿੱਚ ਮੇਰੇ ਜਾਮ ਹੈ। ਤੇਰਾ ਹਾਂ ਗੁਨਾਹਗਾਰ ਤੂੰ ਸਜ਼ਾ ਤਾਂ ਕੋਈ ਸੁਣਾ ਮੈਨੂੰ, ਸੁਣਿਐ ਤੇਰੇ ਸ਼ਹਿਰ ਵਿੱਚ ਮੇਰਾ ਵੀ ਬੜਾ ਨਾਮ ਹੈ।

ਕਵਿਤਾ: ਔਰਤ...

ਔਰਤ ਕਦਮ ਕਦਮ ਤੇ ਨਾ ਅਜ਼ਮਾ ਤੂੰ, ਮੈਂ ਸ਼ਕਤੀ ਸਾਕਾਰ ਹਾਂ। ਸਦੀਆਂ ਦੀ ਮੈਂ ਜ਼ਹਿਰ ਹੈ ਪੀਤੀ, ਫਿਰ ਵੀ ਜ਼ਿੰਦਾ ਨਾਰ ਹਾਂ। ਕਿੰਨਾ ਚਿਰ ਹੁਣ ਹੋਰ ਤੂੰ ਮੈਨੂੰ, ਪੈਰਾਂ ਹੇਠ ਲਿਤਾੜੇਂਗਾ? ਤੇਰੇ ਪੈਰ ਦੀ ਜੁੱਤੀ ਨਹੀਂ ਹੁਣ, ਮੈਂ ਤੇਰੀ ਦਸਤਾਰ ਹਾਂ। ਅੱਜ ਵੀ ਬਾਪ ਦੀ ਚਿੱਟੀ ਪੱਗ ‘ਤੇ, ਮਾਂ ਦੀ ਸੁੱਚੀ ਚੁੰਨੀ ਹਾਂ, ਵੀਰੇ ਤੋਂ ਵੱਧ ਪਹਿਲਾਂ ਵਾਗੂੰ, ਇੱਜ਼ਤ ਦਾ ਸ਼ਿੰਗਾਰ ਹਾਂ! ਮੈਂ ਉਹ ਸੁੰਦਰ ਵੇਲ ਜੋ ਸੁੱਕ ਸੁੱਕ, ਮੁੜ ਮੁੜ ਕੇ ਹਾਂ ਫੁੱਟੀ, ਬੀਜ ਹਾਂ ਮੈਂ ਕਾਇਨਾਤ ਦਾ, ਰੱਬ ਦੀ ਨਿਰੀ ਨੁਹਾਰ ਹਾਂ। ਪਿਆਰ ਬਿਨਾਂ ਮੈਂ ਕੁਝ ਨਾ ਲੋੜਾਂ, ਖ਼ਿਜ਼ਾਂ ਤੋਂ ਪਿੱਛੋਂ ਜੰਮਦੀ ਹਾਂ, ਕਰਨਾ ਸਿੱਖ ਸਵਾਗਤ ਮੇਰਾ, ਮੈਂ ਤਾਂ ਨਵੀਂ ਬਹਾਰ ਹਾਂ। ਤਾਰਾਂ ਨੂੰ ਹੈ ਇਸ਼ਕ ਧੁਨਾਂ ਦਾ, ਲੋੜ ਹੈ ਸਾਬਤ ਹੱਥਾਂ ਦੀ, ਮੈਂ ਅਧੂਰੀ ਹੱਥਾਂ ਬਾਝੋਂ, ਕਿਉਂਕਿ ਮੈਂ ਸਿਤਾਰ ਹਾਂ। ਰੱਤ ਰੰਗੇ ਹੱਥ ਲੱਖਾਂ ਮੇਰੇ, ਮੇਰੇ ਸਿਰ ਇਲਜ਼ਾਮ ਖੂਨ ਦਾ, ਆਪਣੀ ਇਸ ਦਰਿੰਦਗੀ ਤੋਂ ਮੈਂ, ‘ਧੀਏ’ ਸ਼ਰਮਸਾਰ ਹਾਂ। ਔਕੜ ਵਿੱਚੋਂ ਲੰਘ ਜਾਣਾ ਹੀ, ਬਣ ਰਹੀ ਮੇਰੀ ਫਿਤਰਤ ਹੁਣ, ਤੇਰੇ ‘ਕੰਗ’ ਬਰਾਬਰ ਖੜਨਾ, ਪਾਉਂਦੀ ਮੈਂ ਵੰਗਾਰ ਹਾਂ! ------------------------------------------------- (ਇਹ ਕਵਿਤਾ 'ਸੀਰਤ.ਸੀ ਏ' ਪਰਚੇ ਵਿੱਚ ਜਨਵਰੀ ੨੦੦੮ ਦੇ ਅੰਕ ਵਿੱਚ ਛਪ ਚੁੱਕੀ ਹੈ)

ਕਵਿਤਾ: ਫੁੱਲਾਂ 'ਚ ਮਹਿਕ...

ਫੁੱਲਾਂ 'ਚ ਮਹਿਕ ਫੁੱਲਾਂ ‘ਚ ਮਹਿਕ, ਮਹਿਕ ਵਿੱਚ ਸ਼ੋਖੀ ਕੁਝ ਤੇਰੇ ਲਈ, ਕੁਝ ਮੇਰੇ ਲਈ ਸੂਰਜ ਦੀ ਤਪਸ਼, ਤਪਸ਼ ਵਿੱਚ ਗਰਮੀ ਕੁਝ ਤੇਰੇ ਲਈ, ਕੁਝ ਮੇਰੇ ਲਈ ਪਾਣੀ ‘ਚ ਲਹਿਰ, ਲਹਿਰ ‘ਚ ਰਵਾਨੀ ਕੁਝ ਤੇਰੇ ਲਈ, ਕੁਝ ਮੇਰੇ ਲਈ ਹਵਾ ‘ਚ ਜੀਵਨ, ਜੀਵਨ ‘ਚ ਜ਼ਿੰਦਗੀ ਕੁਝ ਤੇਰੇ ਲਈ, ਕੁਝ ਮੇਰੇ ਲਈ

ਕਵਿਤਾ: ਨਵਾਂ ਸਾਲ...

ਨਵਾਂ ਸਾਲ ਨਵਾਂ ਇਹ ਸਾਲ ਮੁਬਾਰਕ ਸਭ ਨੂੰ ਰੱਖੀਏ ਯਾਦ ਉਹ ਸੋਹਣੇ ਰੱਬ ਨੂੰ ਜਿਸਨੇ ਬਖਸ਼ੀ ਸਾਨੂੰ ਕਾਇਆ ਜਿਸਦੇ ਅਸੀਂ ਹਾਂ ਸੱਭੇ ਸਾਇਆ ਜਿਹੜਾ ਕਣ ਕਣ ਵਿੱਚ ਸਮਾਇਆ ਜਿਸਨੇ ਸਭ ਵਿੱਚ ਰੂਪ ਵਟਾਇਆ ਉਸ ਦੀ ਕੁਦਰਤ ਨੂੰ ਸਭ ਮਾਣੋ ਆਪਣਾ ਆਪਣਾ ਮੂਲ਼ ਪਛਾਣੋ ਰੋਸੇ ਛੱਡ ਕੇ ਪਿਆਰ ਵਧਾਈਏ ਕੁਦਰਤ ਨੂੰ ਆਓ ਗਲ਼ ਲਗਾਈਏ ਦੁੱਖ ਸੁੱਖ ਵਿੱਚ ਵੀ ਸਾਥ ਨਿਭਾਈਏ ਏਦਾਂ ਆਓ ਨਵਾਂ ਸਾਲ ਚੜ੍ਹਾਈਏ ਏਦਾਂ ਆਓ ਨਵਾਂ ਸਾਲ ਮਨਾਈਏ ਏਦਾਂ ‘ਕੰਗ‘ ਨਵਾਂ ਸਾਲ ਲੰਘਾਈਏ...