Posts

ਕੁਝ ਸ਼ਿਅਰ.....

ਮੈਂ ਵੇਖ ਲਿਆ ਏਸ ਇਸ਼ਕੇ ਨੂੰ, ਮੈਨੂੰ ਹੌਲ਼ੀ ਹੌਲ਼ੀ ਖਾਰ ਰਿਹੈ! ਤੇਰਾ ਹਿਜਰ ਸੋਹਣਿਆ ਯਾਰਾ ਵੇ, ਮੈਨੂੰ ਹੌਲ਼ੀ ਹੌਲ਼ੀ ਮਾਰ ਰਿਹੈ!! * ਤੇਰੀ ਅੱਖ 'ਚੋਂ ਡਿਗਦੇ ਹੰਝੂ ਨੂੰ, ਮੈਂ ਜਨਮਾਂ ਤੋਂ ਹਾਂ ਵੇਖ ਰਿਹਾ, ਤੂੰ ਬੋਲ, ਬੋਲ ਕੇ ਅੱਜ ਤਾਂਈ, ਨਾ ਸੱਜਣਾ ਦਿਲ ਦਾ ਹਾਲ ਕਿਹਾ! * ਜਦ ਦਿਲ ਤੇ ਸੱਟ ਕੋਈ ਲੱਗਦੀ ਏ, ਪਹਿਲੋਂ ਮਨ ਤੇ ਜਾ ਕੇ ਵੱਜਦੀ ਏ ਪਤਾ ਜਿਸਮ ਤਾਂਈ ਉਦੋਂ ਲੱਗਦਾ ਏ, ਜਦੋਂ ਰੂਹ ਵੀ ਜਿਸਮੋਂ ਭੱਜਦੀ ਏ!! * ਕੀ ਕਰੀਏ ਤੇਰੇ ਸ਼ਹਿਰ ਦੀਆਂ, ਗੱਲਾਂ ਹੀ ਯਾਰਾ ਹੋਰ ਨੇ ਥਾਂ ਥਾਂ ਤੇ ਸੱਪ ਵੀ ਮੇਲ਼ ਰਹੇ, ਚੁਗਦੇ ਵੀ ਥਾਂ ਥਾਂ ਮੋਰ ਨੇ

ਕਵਿਤਾ: ਲਹੂ ਦੀਆਂ ਨਦੀਆਂ......

ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ ਵਹਿਣਗੀਆਂ, ਹਾਕਮ ਕੁਰਸੀ ਥੱਲੇ ਵੜਿਆ, ਘਰ ਘਰ ਚੀਕਾਂ ਪੈਣਗੀਆਂ। ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਆਏ ਨਿੱਤ ਦਿਨ ਬੰਬ ਧਮਾਕਾ, ਵੈਣ ਉਠਾ ਕੇ ਸਿਰ ਤੇ ਆਵੇ, ਦਹਿਸ਼ਤ ਦੇ ਨਾਲ਼ ਰਲ਼ ਕੇ ਬੰਦਾ, ਆਫ਼ਤ ਆਪਣੇ ਆਪ ਲਿਆਵੇ ਕਦ ਤੱਕ ਦੱਸੋ ਬੇਦੋਸ਼ਿਆਂ ਦੀਆਂ, ਜਾਨਾਂ ਸਾਥੋਂ ਲੈਣਗੀਆਂ? ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਕਿੰਨੇ ਚਿਰ ਲਈ ਨਾਚ ਇਹ ਤਾਂਡਵ, ਤੁਸੀਂ ਵੀ ਦੱਸੋ ਨੱਚਣਾ ਏਂ? ਨਿਰਦੋਸ਼ਾਂ ਨੂੰ ਮਾਰ ਮਾਰ ਕੇ, ਆਪ ਵੀ ਨਾਲ਼ੇ ਮੱਚਣਾ ਏਂ? ਬੱਸ ਕਰੋ ਹੁਣ, ਬੱਸ ਕਰੋ ਵੇ, ਲਾਟਾਂ ਅੱਗ ਦੀਆਂ ਕਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਅੱਜ ਇਹ ਦਿੱਲੀ, ਕੱਲ੍ਹ ਸਨ ਬੰਬੇ, ਕੱਲ੍ਹ ਕਿਤੇ ਹੋਊ ਹੋਰ ਕੋਈ ਕਾਰਾ, ਦੇਸ਼ ਦਾ ਹਰ ਇਕ ਜੀਅ ਹੈ ਰੋਂਦਾ, ਕਰੋ ਸਹੀ ਕੋਈ ਰਲ਼ ਕੇ ਚਾਰਾ ਵੋਟਾਂ ਖਾਤਿਰ ਦੇਸ਼ ਮੇਰੇ ਦੀਆਂ, ਗਲ਼ੀਆਂ ਸੁੰਨੀਆਂ ਰਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਰੱਬ ਇਹ ਤੱਕ ਕੇ ਕਦ ਖੁਸ਼ ਹੋਣੈਂ?, 'ਥੋਨੂੰ' ਗ਼ਲਤ ਇਹ ਫਹਿਮੀ ਹੈ, ਧਰਮ ਦੇ ਨਾਂ ਤੇ ਜਾਨ ਹੈ ਲੈਣੀ, ਦੁਨੀਆਂ ਸਹਿਮੀ ਸਹਿਮੀ ਹੈ 'ਕੰਗ' ਕਹੇ ਕੀ ਵੱਧ ਹੁਣ ਇਸ ਤੋਂ, ਸੋਚਾਂ ਜੱਗ ਨਾਲ਼ ਖਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ....

ਸ਼ਿਅਰ.......

ਕੀ ਮਾਣ ਕਰਾਂਗੇ ਸ਼ਬਦਾਂ ਤੇ? ਕੋਈ ਲਏ ਚੁਰਾ ਤਾਂ ਬੋਲਣ ਨਾ, ਇਹ ਤੇਰੇ ਵੀ ਕਦ ਹੋਣੇ ਨੇ?, ਜੇ 'ਕੰਗ' ਦੇ ਵੀ ਅੱਜ ਹੋਵਣ ਨਾ!

ਕੁਝ ਸ਼ਿਅਰ......

ਆ ਸੱਜਣਾ, ਰੰਗਾਂ ਨੂੰ ਮਿਲ਼ੀਏ, ਬੇਰੰਗ ਕੱਢੀਏ ਜ਼ਿੰਦਗੀ 'ਚੋਂ ਕੱਠੇ ਬੈਠ ਇਬਾਦਤ ਕਰੀਏ, ਪਾ ਲਈਏ ਕੁਝ ਬੰਦਗੀ 'ਚੋਂ! * ਤੇਰੀ ਗੱਲ ਗੱਲ ਵਿੱਚੋਂ ਭਿਣਕ ਪਵੇ, ਮੈਨੂੰ ਤੇਰੀ, ਸੁਣ! ਮਗਰੂਰੀ ਦੀ ਜੇ ਦਿਲ 'ਚੇ ਨਫ਼ਰਤ ਰੱਖਣੀ ਏਂ, ਫਿਰ ਹੱਸਣੇ ਦੀ ਮਜਬੂਰੀ ਕੀ? ਤੂੰ ਮੰਨਿਐਂ, ਖੁਦਾ ਵੀ ਹੋ ਸਕਦੈਂ!, ਤੈਨੂੰ ਸਾਡੀ ਹੋਂਦ ਜਰੂਰੀ ਕੀ? ਚੱਲ ਛੱਡ ਪਰੇ 'ਕੰਗ' ਜਾਣ ਵੀ ਦੇ, ਹੁਣ ਏਨੀ ਜੀ-ਹਜੂਰੀ ਕੀ! .......

ਨਜ਼ਮ: ਇਸ਼ਕ ਅਤੇ ਦੇਰੀ...

ਤੇਰੇ ਮਹਿਲਾਂ 'ਚੋਂ ਖੈਰ ਮਿਲਣੀ, ਤਾਂ ਖੈਰ, ਮੇਰੇ ਵੱਸ ਵਿੱਚ ਨਹੀਂ ਪਰ ਤੇਰੇ ਦਿਲ ਦੀ ਦਹਿਲੀਜ਼ ਟੱਪ ਕੇ ਅੰਦਰ ਆਉਣਾ ਤਾਂ ਮੇਰੇ ਵੱਸ ਵਿੱਚ ਹੀ ਹੈ। ਤੂੰ ਕਿੰਨੀ ਵੀ ਕੋਸ਼ਿਸ਼ ਕਰ, ਨੈਣਾਂ ਦੇ ਦਰਬਾਨ ਦਿਲ ਦੇ ਦਰਵਾਜੇ ਤੇ ਪਹਿਰੇਦਾਰ ਬਣਾ ਕੇ ਖੜ੍ਹੇ ਕਰ ਛੱਡ... ਹੁਸਨ ਦੇ ਘੋੜਿਆਂ ਨੂੰ ਮੇਰੀਆਂ ਸੋਚਾਂ ਦੇ ਤਬੇਲੇ 'ਚ ਆਉਣੋਂ ਭਾਵੇਂ ਵਰਜ ਦੇ.... ਆਸ਼ਕ, ਇਸ਼ਕ 'ਚ ਤਬਾਹੀਆਂ, ਬਰਬਾਦੀਆਂ ਕਦ ਵੇਖਦੇ ਨੇ? ਦਹਿਲੀਜ਼ਾਂ ਤਾਂ ਇਕ ਪਾਸੇ ਸਰਹੱਦਾਂ ਦੀ ਪਰਵਾਹ ਨਹੀਂ ਕਰਦੇ ਇਹ ਜੀਣ-ਜੋਗੇ ਜਾਂ ਕਦੇ ਕਦਾਈਂ ਸ਼ਾਇਦ ਮੌਤ ਦੇ ਹਾਣੀ ਬਣਨੋਂ ਵੀ, ਨਹੀਂ ਟਲ਼ਦੇ...! ਤੂੰ ਬੇਸ਼ੱਕ, ਮਹਿਲਾਂ ਦੇ ਮੋਤੀ ਲੁਕਾ ਕੇ ਰੱਖੀਂ, ਮੈਂ ਤੇਰੇ ਬਖ਼ਸ਼ੇ ਹੋਏ ਸਾਹਾਂ ਦੇ ਮੋਤੀਆਂ ਦੀ ਮਾਲ਼ਾ, ਬਣਾ ਕੇ ਹੀ ਪਹਿਨ ਲੈਣੀ ਏਂ! ਤੂੰ ਤਾਂ ਇਸ਼ਕ ਦੀ ਗੱਲ ਅੱਜ ਪਹਿਲੀ ਵਾਰ ਕੀਤੀ ਏ, ਮੈਂ ਇਸ਼ਕ ਤੋਂ ਸਿਵਾ ਹੋਰ ਗੱਲ ਕਰਦਾ ਹੀ ਨਹੀਂ, ਤੇਰੇ ਨਾਮ ਤੋਂ ਬਿਨਾਂ ਹੋਰ ਸਾਹ ਭਰਦਾ ਹੀ ਨਹੀਂ। ਤੇਰੇ ਮਹਿਲਾਂ 'ਚੋਂ ਖੈਰ ਮਿਲਣੀ ਸ਼ਾਇਦ ਮੇਰੇ ਵੱਸ ਵਿੱਚ ਹੋ ਹੀ ਜਾਵੇ ਪਰ ਫਿਰ ਮੈਂ ਮੰਗਣ ਦਾ ਸ਼ਾਇਦ ਹੱਕਦਾਰ ਹੀ ਨਾ ਹੋਵਾਂ ਤੇ ਤੂੰ ਸ਼ਾਇਦ ਖੈਰ ਪਾਉਣ ਦੇ ਯੋਗ ਹੀ ਨਾ ਹੋਵੇਂ, ਕੀ ਪਤਾ ਜਦੋਂ ਤੱਕ ਤੂੰ ਹੌਂਸਲਾਂ ਕਰੇਂ ਬਹੁਤ ਦੇਰ ਹੋ ਚੁੱਕੀ ਹੋਵੇ!! --- ੨੪ ਅਗਸਤ ੨੦੦੮

ਕਵਿਤਾ: ਜਦ ਮੈਂ ਤੈਨੂੰ ਮਿਲ਼ਿਆ....

ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਤੂੰ ਪਿੰਜਰੇ 'ਚ ਕੈਦ ਹੋ ਕੇ ਜੀਅ ਨਹੀਂ ਸਕਦੀ ਪਰ ਅਜ਼ਾਦ, ਮਰ ਸਕਦੀ ਏਂ! ਮਹਿਕਦੀ ਫਿਜ਼ਾ ਵਿੱਚ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਤੂੰ ਪੈਰੀਂ ਝਾਂਜਰਾਂ ਪਾ ਕੇ ਬੈਠ ਨਹੀਂ ਸਕਦੀ ਪਰ ਮੇਰੇ ਨਾਲ਼ ਤੁਰ ਸਕਦੀ ਏਂ! ਸਾਰੀ ਉਮਰ ਤੱਕ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਤੂੰ ਮੌਨ ਵਰਤ ਰੱਖਿਐ! ਬੋਲ ਨਹੀਂ ਸਕਦੀ ਪਰ ਚੁੱਪ-ਚਾਪ ਸੁਣ ਸਕਦੀ ਏਂ! ਨਾਦ ਦੀ ਧੁਨੀ ਵਾਂਗ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਖ਼ਾਬ ਕਹਿੰਦੇ ਝੂਠਾ ਹੁੰਦੈ! ਸਹਿ ਨਹੀਂ ਸਕਦੀ ਪਰ ਸੱਚ ਨਾਲ਼ ਜੁੜ ਸਕਦੀ ਏਂ! ਮੰਜ਼ਿਲ ਪਾਉਣ ਲਈ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਸਦੀਆਂ ਤੋਂ ਤੂੰ ਕੀ ਲੈਣਾ ਦੱਸ ਨਹੀਂ ਸਕਦੀ ਪਰ ਪਲ ਪਲ ਗਿਣ ਸਕਦੀ ਏਂ! ਉਂਗਲ਼ਾਂ ਦੇ ਪੋਟਿਆਂ ਤੇ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਤੂੰ ਪਿੰਜਰੇ 'ਚ ਕੈਦ ਹੋ ਕੇ ਜੀਅ ਨਹੀਂ ਸਕਦੀ ਪਰ ਅਜ਼ਾਦ, ਮਰ ਸਕਦੀ ਏਂ! ਮਹਿਕਦੀ ਫਿਜ਼ਾ ਵਿੱਚ....।

ਨਜ਼ਮ: ਅਜ਼ਾਦੀ ਦਾ ਨਿੱਘ...

ਦਿਨ 15, ਮਹੀਨਾ ਅਗਸਤ ਅਤੇ ਸੰਨ 1947 ਭਾਰਤ ਦੀ ਅਜ਼ਾਦੀ ਦਾ ਪਹਿਲਾ ਦਿਨ ਸੀ ਸੂਰਜ ਦੀ ਪਹਿਲੀ ਕਿਰਨ ਓਸ ਦਿਨ ਭੈ ‘ਚ ਡਰੀ ਹੋਈ, ਦਹਿਸ਼ਤ ਨਾਲ ਮਰੀ ਹੋਈ, ਅੱਗ 'ਚ ਸੜੀ ਹੋਈ, ਜ਼ਖ਼ਮਾਂ ਨਾਲ ਭਰੀ ਹੋਈ, ਖੂਨੀ ਹਨੇਰੇ ਨੂੰ ਪੈਰਾਂ ‘ਚ ਲਿਤਾੜਦੀ ਹੋਈ, ਖੂਨ ਨਾਲ ਲੱਥ-ਪੱਥ ਭਿੱਜੀ ਹੋਈ, ਨੁੱਚੜਦੀ ਹੋਈ ਸਾਡੇ ਤੀਕ ਪਹੁੰਚੀ ਸੀ ਹਾਂ, ਉਹ ਸਾਡੇ ਲਈ ਅਜ਼ਾਦੀ ਦਾ ਸੁਨੇਹਾ ਲੈ ਕੇ ਆਈ ਸੀ। ਤੇ ਸਾਡੇ ਲੀਡਰ ਓਸ ਦਿਨ ਸਾਡੇ ਦੇਸ਼ ਵਾਸੀਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ, ਹਜ਼ਾਰਾਂ ਲਾਸ਼ਾਂ ਉੱਤੇ ਕੁਰਸੀ ਡਾਹ ਕੇ, ਨਿਸ਼ਚਿੰਤ ਹੋ ਕੇ, ਆਪਣੇ ਘਰਾਂ 'ਚ ਪਰਿਵਾਰ ਨਾਲ਼ ਬੈਠੇ ਸੂਰਜ ਦੀ ਪਹਿਲੀ ਕਿਰਨ ਦਾ ਨਿੱਘ ਮਾਣ ਰਹੇ ਸੀ ਤੇ ਅਸੀਂ? ਨਮ ਅੱਖੀਆਂ ਦੇ ਨਾਲ ਆਪਣੇ ਮਾਪਿਆਂ, ਭਰਾਵਾਂ, ਭੈਣਾਂ, ਪਤਨੀਆਂ, ਪੁੱਤਰਾਂ, ਧੀਆਂ ਦੀਆਂ ਲਾਸ਼ਾਂ ਨੂੰ ਮਿੱਟੀ ਵਿੱਚ ਰਲ਼ਾ ਕੇ ਓਸ ਅਜ਼ਾਦੀ ਦੇ ਪਹਿਲੇ ਦਿਨ ਦੀ, ਸੂਰਜ ਦੀ ਪਹਿਲੀ ਕਿਰਨ ਦਾ ਨਿੱਘ ਮਾਣ ਰਹੇ ਸੀ....? (15 ਅਗਸਤ 2003)