Posts

ਨਜ਼ਮ- ਮੁਲਾਕਾਤ ਵਾਲ਼ਾ ਦਿਨ....

"ਤੈਨੂੰ ਯਾਦ ਹੈ ਆਪਣੀ, ਪਹਿਲੀ ਮੁਲਾਕਾਤ? ਕਦੋਂ ਮਿਲੇ ਸਾਂ ਆਪਾਂ? ਪਹਿਲੀ ਵਾਰ", ਤੂੰ ਪੁੱਛਿਆ। "ਹਾਂ, ਕਿਉਂ ਨਹੀਂ? ਮੈਂ ਜਵਾਬ ਦਿੰਦਾ ਹੋਇਆ ਅਗਾਂਹ ਬੋਲਿਆ, "ਗੱਲ ਤਾਂ ਏਸੇ ਸਦੀ ਦੀ ਹੀ ਹੈ, ਦਿਨ, ਤਾਰੀਖ, ਮਹੀਨਾ, ਸਾਲ? ਹਾਂ ਯਾਦ ਆਇਆ, ਸ਼ਾਇਦ ਓਸ ਦਿਨ, ਅਮਰੀਕਾ ਵਿੱਚ 9/11 ਹੋਇਆ ਸੀ, ਜਾਂ ਫਿਰ ਓਸ ਦਿਨ ਅਮਰੀਕਾ ਨੇ ਇਰਾਕ ਤੇ ਹਮਲਾ ਕੀਤਾ ਸੀ, ਨਹੀਂ ਨਹੀਂ ਓਸ ਦਿਨ ਤਾਂ ਲੰਡਨ ਵਿੱਚ ਬੰਬ ਧਮਾਕੇ ਹੋਏ ਸਨ, ਖੌਰੇ ਮੈਨੂੰ ਭੁਲੇਖਾ ਲੱਗਿਆ, ਓਸ ਦਿਨ ਤਾਂ ਸ਼ਾਇਦ ਬੰਬੇ, ਬੰਬ ਫਟੇ ਸਨ, ਜਾਂ ਫੇਰ ਮੈਂ ਟਪਲਾ ਖਾ ਗਿਆ ਲੱਗਦਾਂ! ਓਸ ਦਿਨ ਭਾਰਤ ਦੀਆਂ ਫੌਜਾਂ, ਪਾਕਿਸਤਾਨ ਤੇ ਹਮਲਾ ਕਰਨ ਚੜ੍ਹੀਆਂ ਸਨ, ਭਾਰਤੀ ਪਾਰਲੀਮਿੰਟ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ! ....... "ਨਹੀਂ!, ਇਨ੍ਹਾਂ ਦਿਨਾਂ 'ਚੋਂ, ਤਾਂ ਸ਼ਾਇਦ ਕੋਈ ਵੀ ਨਹੀਂ ਸੀ" ਤੂੰ ਸਹਿਜ ਸੁਭਾ ਆਖਿਆ! "ਅੱਛਾ, ਮੈਂ ਯਾਦ ਕਰਦਾਂ" ਮੈਂ ਫੇਰ ਸੋਚਾਂ ਦੇ ਆਰ ਲਾਈ.... "ਹਾਂ ਸ਼ਾਇਦ ਓਸ ਦਿਨ, ਪੰਜਾਬ ਦੇ ਇਕ ਖੂਹ 'ਚੋਂ, ਅਣਜੰਮੀਆਂ ਧੀਆਂ ਦੇ ਭਰੂਣ ਮਿਲੇ ਸਨ, ਜਾਂ ਓਸ ਦਿਨ ਸਾਡੇ ਮੁਲਖ ਦੀ ਇਕ ਹੋਰ, ਪੁਰਾਣੀ ਵਰਗੀ ਹੀ, ਨਵੀਂ ਸਰਕਾਰ ਬਣੀ ਸੀ, ਜਾਂ ਫੇਰ ਓਸ ਦਿਨ ਜੀ-8 ਦੇਸ਼ਾਂ ਦੀ ਸਾਂਝੀ ਵਾਰਤਾ ਹੋਈ ਸੀ ਕਿ, ਸਾਰੇ ਸੰਸਾਰ ਵਿੱਚ ਸ਼ਾਂਤੀ ਕਿਵੇਂ ਲਿਆਂਦੀ ਜਾਵੇ? ਹਾਂ ਸੱਚ ਇਹ ਦਿਨ ਹੋ ਸਕਦੈ! ਜਿਸ ਦਿਨ ਯੂ.ਐਨ.ਓ ਨੇ, ਇਰਾਕ ਹਮਲੇ ਤੋਂ

ਨਜ਼ਮ-ਮਨੋਰਥ....

ਇਹ ਜ਼ਿੰਦਗੀ ਮਿਲ਼ੀ ਏ ਬੰਦਗੀ ਲਈ, ਆ ਇਸ ਨੂੰ ਯਾਰ ਨਿਭਾ ਲਈਏ ਕੁਝ ਖੱਟ ਲਈਏ, ਦਿਨ ਖੱਟਣ ਦੇ ਆ ਰੱਬ ਨਾਲ਼ ਨੈਣ ਮਿਲ਼ਾ ਲਈਏ ਤੁਰ ਜਾਵਾਂਗੇ, ਇਕ ਦਿਨ ਏਥੋਂ, ਜਿਓਂ ਖਾਲੀ ਹੱਥ ਅਸੀਂ ਆਏ ਸੀ ਆ ਯਾਰਾ ਉੱਠ ਹੁਣ ਕਰ ਹਿੰਮਤ, ਇਸ ਮਨ ਨੂੰ ਕੁਝ ਸਮਝਾ ਲਈਏ, ਗੱਲ ਅਸਲੀ ਹੁਣ ਸਮਝਾ ਲਈਏ!

ਨਜ਼ਮ-ਕੁਝ ਗੱਲਾਂ ਹੁੰਦੀਆਂ ਨੇ........

ਕੁਝ ਗੱਲਾਂ ਹੁੰਦੀਆਂ ਨੇ ਜੋ ਦਿਲ ਦੀ ਗਹਿਰਾਈ 'ਚ ਜਦ ਜਨਮਦੀਆਂ ਨੇ ਤਾਂ ਸੁਨਾਮੀ ਬਣ ਕੇ, ਪਰ ਮਰ ਜਾਂਦੀਆਂ ਨੇ ਇਹ ਕੁਝ ਗੱਲਾਂ, ਸ਼ਾਂਤ, ਦਮ ਤੋੜਦੀ ਹੋਈ ਲਹਿਰ ਵਾਂਗਰਾਂ, ਜਦ ਬੁੱਲ੍ਹਾਂ ਦੇ ਕੰਢਿਆਂ ਤੇ ਪੈਰ ਧਰਦੀਆਂ ਹਨ। ਮਨੁੱਖ ਸਾਰੀ ਜ਼ਿੰਦਗੀ ਉਨ੍ਹਾਂ ਦੀ ਲਾਸ਼ ਆਪਣੇ ਪਿੰਡੇ ਤੇ ਲੱਦੀ, ਅਹਿਸਾਸਾਂ ਨੂੰ ਦੱਬੀ, ਜਿਉਂਦਾ ਰਹਿੰਦਾ ਹੈ, ਮਰਿਆਂ ਹੋਇਆਂ ਵਾਂਗ!

ਨਜ਼ਮ-ਚੁੱਪ.....

ਲੰਮੀ ਚੁੱਪ ਤੋਂ ਬਾਅਦ ਜਦੋਂ ਮੈਂ ਉਸ ਨੂੰ "ਤੈਨੂੰ ਇਕ ਗੱਲ ਕਹਾਂ?" ਆਖਿਆ ਸੀ ਤਾਂ, "ਕਹਿ ਨਾ" ਕਹਿ ਕੇ ਉਸ ਹੁੰਗਾਰਾ ਭਰਿਆ ਸੀ। "........." ਪਰ ਮੇਰੀ ਚੁੱਪ ਕੋਲ਼, ਸਵਾਲ ਕਰਨ ਤੋਂ ਬਗੈਰ ਹੋਰ ਸ਼ਾਇਦ ਸ਼ਬਦ ਹੀ ਨਹੀਂ ਸਨ। ਮੈਂ ਚੁੱਪ ਰਿਹਾ.... ਉਹ ਵੀ ਚੁੱਪ ਰਿਹਾ। ਪਲ ਗੁਜ਼ਰੇ, ਮਹੀਨੇ ਗੁਜ਼ਰੇ, ਆਖ਼ਰ ਸਾਲ ਵੀ ਗੁਜ਼ਰ ਗਏ.... ਅੱਜ ਉਹ ਫਿਰ ਮਿਲ਼ਿਆ, ਹਵਾ ਦੇ ਆਖ਼ਰੀ ਬੁੱਲੇ ਵਾਂਗ... ਮੈਂ..... ਫਿਰ ਟਾਹਣੀਆਂ ਵਾਂਗ ਚੁੱਪ-ਚਾਪ ਖੜ੍ਹਾ ਰਿਹਾ ਤੇ ਉਹ ਮੇਰੇ ਕੋਲ਼ ਦੀ ਹੁੰਦਾ ਹੋਇਆ ਗੁਜ਼ਰ ਗਿਆ ਪਲਾਂ ਵਾਂਗ, ਮਹੀਨਿਆਂ ਵਾਂਗ, ਸਦੀਆਂ ਵਰਗੇ ਸਾਲਾਂ ਵਾਂਗ.....!

ਛੋਟੀ ਨਜ਼ਮ-ਬਰਾਕ ਓਬਾਮਾ.....

'ਬਰਾਕ ਓਬਾਮਾ' ਤੇਰੇ ਸਿਰ ਤੇ, ਜਿੰਮੇਵਾਰੀ ਭਾਰੀ ਏ, ਕੁਝ ਸਾਲਾਂ ਤੋਂ ਕਈ ਲੋਕਾਂ ਨੇ, ਦੁਨੀਆਂ ਦੀ ਮੱਤ ਮਾਰੀ ਏ! ਆਸ ਹੈ ਸਾਨੂੰ ਹੁਣ ਤੇਰੇ ਤੋਂ, ਖੁਸ਼ੀਆਂ ਪਰਤ ਕੇ ਆਉਣਗੀਆਂ ਇਸ ਦੁਨੀਆਂ ਤੇ ਹਾਸੇ ਖੇੜੇ, ਮੁੜ ਰੂਹਾਂ ਵਰਸਾਉਣਗੀਆਂ!!

ਕੁਝ ਸ਼ਿਅਰ.........

ਨਾ ਸੇਜ ਵਿਛਾ ਤੂੰ ਫੁੱਲਾਂ ਦੀ, ਇਹ ਫੁੱਲ ਛੇਤੀਂ ਮੁਰਝਾਅ ਜਾਂਦੇ ਨਾ ਸੁਫਨੇ ਸਿਰਜੀਂ ਪਰੀਆਂ ਦੇ, ਇਹ ਝੂਠੇ ਜ਼ਿੰਦ ਮੁਕਾ ਜਾਂਦੇ! * ਤੇਰੇ ਬਿਨਾਂ ਇਹ ਦੀਵਾਲ਼ੀ ਕਾਹਦੀ ਸੋਹਣਿਆ, ਵੇ ਤੂੰ ਤਾਂ ਨੈਣੋਂ ਦੂਰ ਵੱਸਦਾ ਤੇਲ ਹਿਜਰਾਂ ਦਾ, ਬੱਤੀ ਬਲ਼ੇ ਯਾਦ ਦੀ, ਵੇ ਚੰਨਾ ਸਦਾ ਰਹਿ ਹੱਸਦਾ.....ਰਹਿ ਹੱਸਦਾ! * ਇਕ ਤੇਰੀ ਖਾਤਰ ਜੀਂਦਾ ਹਾਂ, ਮੈਂ ਜ਼ਹਿਰ ਗ਼ਮਾਂ ਦਾ ਪੀਂਦਾ ਹਾਂ "ਅੱਜ ਬੋਤਲ ਤੇਰੀਆਂ ਯਾਦਾਂ ਦੀ, ਮੇਰੇ ਨੈਣਾਂ ਸਾਹਵੇਂ ਖੁੱਲ੍ਹੀ ਪਈ, ਤੂੰ ਬਣ ਕੇ ਦਾਰੂ ਦੇਸੀ ਨੀ, ਮਿੱਤਰਾਂ ਦੇ ਮੁੱਖ ਤੇ ਡੁੱਲ੍ਹੀ ਗਈ" ਤੈਨੂੰ ਕਰ ਕੇ ਚੇਤੇ ਨਿੱਤ ਕੁੜੇ, ਮੈਂ ਜ਼ਖਮਾਂ ਨੂੰ ਹਾਏ ਸੀਂਦਾ ਹਾਂ! ਇਕ ਤੇਰੀ ਖਾਤਰ ਜੀਂਦਾ ਹਾਂ, ਮੈਂ ਜ਼ਹਿਰ ਗ਼ਮਾਂ ਦਾ ਪੀਂਦਾ ਹਾਂ!! * ਅਸੀਂ ਧੂੜ ਸਮੇਂ ਦੀ ਬਣ ਜਾਣਾ, ਤੂੰ ਤਾਰਾ ਬਣਨਾ ਅੰਬਰ ਦਾ ਤੂੰ ਹੱਸਣਾ ਹਾਸਾ ਲੋਅ ਬਣ ਕੇ, ਅਸੀਂ ਰੇਤਾ ਬਣਨਾ ਖੰਡਰ ਦਾ

ਕੁਝ ਸ਼ਿਅਰ........

ਦੋ ਪੈੱਗ ਲਾ ਕੇ ਯਾਰਾ, ਤੇਰੀ ਯਾਦ ਬੁਲਾ ਲੈਨਾਂ, ਹਾਸੇ ਥੱਲੇ ਜ਼ਖ਼ਮੀ ਕੁਝ, ਅਰਮਾਨ ਛੁਪਾ ਲੈਨਾਂ। * ਤੂੰ ਮੈਥੋਂ ਪਾਸਾ ਵੱਟ ਲਿਆ, ਪਰ ਦਿਲ ਦੀ ਗੱਲ ਤਾਂ ਦੱਸੀ ਨੀਂ, ਮੇਰਾ 'ਮੌਤ ਤਮਾਸ਼ਾ' ਵੇਖ ਲਿਆ, ਪਰ ਅਜੇ ਤੀਕ ਤੂੰ ਹੱਸੀ ਨੀਂ * ਤੇਰਾ ਸੂਰਜ ਹਾਲੇ ਦਗ਼ਦਾ ਏ, ਸਾਡਾ ਡੁੱਬ ਗਿਆ ਤਾਂ ਕੀ ਹੋਇਆ? ਜੋ ਜਿਊਂਦਾ ਏ, ਉਸ ਮਰ ਜਾਣਾ, ਕੁਝ ਨਵਾਂ ਤਾਂ ਯਾਰਾ ਨਹੀਂ ਹੋਇਆ! * ਤੈਨੂੰ ਮੇਰੇ ਤੇ ਵਿਸ਼ਵਾਸ਼ ਨਹੀਂ, ਇਸ ਲਈ ਬੇਗਾਨਾ ਕਹਿਨਾਂ ਏਂ? ਮੈਂ ਸੁਣਿਐਂ! ਲੋਕਾਂ ਕੋਲ਼ ਅਜੇ, ਤੂੰ ਮੇਰਾ ਬਣਿਆ ਰਹਿਨਾਂ ਏਂ! * ਮੇਰੇ ਜਾਣ ਬਾਅਦ ਤੂੰ ਸੱਜਣਾ ਵੇ, ਮੈਨੂੰ ਪਤਾ ਹੈ ਜਸ਼ਨ ਮਨਾਉਣੇ ਨੇ ਮੇਰੀ ਬਰਬਾਦੀ ਦੇ ਮੰਜਰ ਤੇ, ਤੂੰ ਲੁਕ ਲੁਕ ਭੰਗੜੇ ਪਾਉਣੇ ਨੇ ਪਰ ਇਕ ਗੱਲ ਚੇਤੇ ਰੱਖੀਂ ਤੂੰ, ਤੈਨੂੰ ਯਾਦ ਸਦਾ ਮੈਂ ਆਵਾਂਗਾ ਦਿਲ ਤੇਰੇ ਦੇ ਵਿੱਚ ਮੈਂ ਯਾਰਾ, ਤੈਨੂੰ ਰਹਿ ਰਹਿ ਕੇ ਤੜਫਾਵਾਂਗਾ!