Posts

Showing posts from September, 2007

ਕਵਿਤਾ: ਭਗਤ ਸਿੰਘ ਇਨਸਾਨ ਸੀ!

ਭਗਤ ਸਿੰਘ ਇਨਸਾਨ ਸੀ! ਭਗਤ ਸਿੰਘ ਤੂਫ਼ਾਨ ਸੀ, ਉਹ ਯੋਧਾ ਬਲਵਾਨ ਸੀ, ਸਿੱਖ, ਹਿੰਦੂ ਦੇ ਨਾਲੋਂ ਪਹਿਲਾਂ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਬੱਸ ਕਰੋ ਹੁਣ ਫਿਰਕਪ੍ਰਸਤੋ, ਬੰਦ ਕਰੋ ਹੁਣ ਡੌਰੂ ਆਪਣਾ, ਅਜੇ ਤਾਂ ਆਖੋ ਸਿੱਖ ਜਾਂ ਹਿੰਦੂ, ਆਖੋਂਗੇ ? ਮੁਸਲਮਾਨ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਧਰਮ ਅਫੀਮ ਹੈ ਕਹਿਣਾ ਉਸਦਾ, ਜਿਸਦੇ ਨਾਂ ਤੇ ਵੰਡੀਆਂ ਪਾਵੋਂ, ਸੋਚ, ਸਿਧਾਤਾਂ ਦੀ ਖਾਤਰ ਜੋ, ਹੋਇਆ ਕੱਲ ਕੁਰਬਾਨ ਸੀ, ਉਹ ਯਾਰੋ ਇਨਸਾਨ ਸੀ, ਉਹ ਚੰਗਾ ਇਨਸਾਨ ਸੀ! ਸਭ ਨੂੰ ਪਤਾ ਹੈ ਮਕਸਦ ਥੋਡਾ, ਹੁਣ ਇਹ ਰਹਿਣਾ ਪਿਆ ਅਧੂਰਾ, ਭੁੱਲ ਜਾਵੋ ਕਿ ਚਾਲ ਤੁਹਾਡੀ, ਤਿੱਖੀ ਕੋਈ ਕਿਰਪਾਨ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਸਾਡੇ ਦਿਲ ਵਿੱਚ ਅੱਜ ਵੀ ਜੀਂਦੇ, ਬਿਜਲੀ ਬਣਕੇ ਉਸਦੇ ਖਿਆਲ, ਕਰਨਾ ਹੈ ਅਸੀਂ ਰਲ਼ ਕੇ ਪੂਰਾ, ਜੋ ਉਸਦਾ ਅਰਮਾਨ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਖੁੱਲੇ ਅੰਬਰ ਵਰਗੀਆਂ ਸੋਚਾਂ, ਦਾ ਮਾਲਕ ਸੀ ਭਗਤ ਸਿੰਘ, ਇਸ ਧਰਤੀ ਤੇ ਕੰਧਾਂ ਦੀ ਥਾਂ, ਉਹ ਚਾਹੁੰਦਾ ਮੈਦਾਨ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਉਸਦੇ ਅੱਖਰ ਲਟ ਲਟ ਬਲ਼ਦੇ, ਲੁਕਣੀ ਨਾ ਹੁਣ ਉਸਦੀ ਲੋਅ, ਵਿੱਚ ਮਨੁੱਖਤਾ ਇਕਸਾਰਤਾ, ਉਸਦਾ ਇਹ ਪੈਗ਼ਾਮ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਫਾਂਸੀ, ਫਾਹੇ ਜੋ ਵੀ ਹੋਵਣ, 'ਮਿੱਟੀ' ਬੱਸ ਮੁਕਾ ਸਕਦੇ, ਅੱਜ ਵੀ ਉਸਦੀ 'ਸੋਚ' ਜਵਾਨ, ਪਹਿਲਾਂ ਜਿਵੇਂ ਜਵ

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਨਜ਼ਮ: ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਜੇ ਕਦੇ ਆਪਣੇ ਦੇਸ, ਤੁਸੀਂ ਵਾਪਸ ਜਾਵੋਂ, ਆਪਣਿਆਂ ਤੋਂ ਅੱਖ ਬਚਾ, ਦੇਸ'ਚ ਜਾ ਕੇ ਵੇਖੋਂ ਤੁਹਾਡੀ ਵਿਚਾਰਧਾਰਾ ਦਾ ਰੰਗ? ਤੁਹਾਡੇ ਖਿਆਲਾਂ ਦੀਆਂ ਬਿਜਲੀਆਂ? ਤੁਹਾਡੀਆਂ ਸੋਚਾਂ ਦਾ ਖੁੱਲਾ ਅਸਮਾਨ? ਅਤੇ ਅਜ਼ਾਦੀ ਨੂੰ ਮਾਣਨ ਵਾਲਾ ਸਰੂਰ? ਕੁਝ ਵੀ ਤਾਂ ਨਹੀਂ ਦਿਸਣਾ, ਓਸ ਦੇਸ ਵਿੱਚ। ਬੱਸ! ਹਾਕਮਾਂ ਦਾ ਰੰਗ ਹੀ ਬਦਲਿਆ, ਦਿਲ ਤਾਂ ਫਰੰਗੀਆਂ ਦੇ ਦਿਲਾਂ ਵਰਗੇ ਹੀ ਨੇ ਤਾਂ ਹੀ ਤਾਂ ਤੁਹਾਡੇ ਵੀਰ ਮੁੜ ਗੋਰਿਆਂ ਦੇ ਵਤਨਾਂ'ਚ ਦਿਨ ਕੱਟਦੇ ਨੇ, ਧਰਮਾਂ ਦੇ ਨਾਂ ਤੇ ਅੱਗੇ ਵਾਂਗ ਹੀ ਮਨੁੱਖ, ਮਨੁੱਖ ਨੂੰ ਵੱਢਦੇ ਨੇ, ਗਰੀਬ ਪਾਣੀ ਲਈ ਵੀ ਤਰਸਦੇ, ਤਰਸਦੇ ਮਰਦੇ ਨੇ, ਮਾਡਰਨ ਸੋਚਾਂ ਦੇ, ਔਰਤ ਉੱਪਰ ਉਵੇਂ ਹੀ, ਜੁ਼ਲਮ ਵਰ੍ਹਦੇ ਨੇ। ਪਰ ਤੁਹਾਡੀਆਂ ਸ਼ਹਾਦਤਾਂ ਅਜਾਈ ਨਹੀਂ ਜਾਣਗੀਆਂ, ਸਮਾਂ ਬੜਾ ਤਾਕਤਵਰ ਹੁੰਦਾ ਹੈ, ਕ੍ਰਾਂਤੀ ਪੁਰਾਣੀ ਨਹੀਂ ਹੁੰਦੀ ਕਦੇ! ਹੋਰ ਭਗਤ ਸਿੰਘ ਉਠਣਗੇ, ਹੋਰ ਸੁਖਦੇਵ ਆਉਣਗੇ, ਹੋਰ ਰਾਜਗੁਰੂ ਫਾਂਸੀਆਂ ਚੁੰਮਣਗੇ, ਭਾਰਤ ਮਾਂ ਨੂੰ ਅਜ਼ਾਦ ਕਰਾਉਣਗੇ, ਪਰ ਇਸ ਵਾਰੀ ਭਾਰਤ ਮਾਤਾ, ਬਦੇਸ਼ੀਆਂ ਦੇ ਕਬਜ਼ੇ'ਚ ਨਹੀਂ, ਇਸ ਵਾਰ ਉਹ ਆਪਣੇ ਹੀ ਪੁੱਤਰਾਂ ਵਿਚਕਾਰ, ਬੇਵੱਸ ਨਜ਼ਰ ਆ ਰਹੀ ਹੈ!!!

ਗ਼ਜ਼ਲ: ਮੈਨੂੰ ਤੇਰਾ ਯਾਰ.....

ਗ਼ਜ਼ਲ ਮੈਨੂੰ ਤੇਰਾ ਯਾਰ ਗਵਾਚਾ ਲਗਦਾ ਹੈ। ਨੈਣਾਂ ਅੰਦਰ ਇਕ ਇਕਲਾਪਾ ਲਗਦਾ ਹੈ। ਕਿਉਂ ਪੁੱਛਦਾਂ ਹਾਂ ਹਰ ਵੇਲ਼ੇ ਆਪਣੇ ਹਾਲਾਤ? ਕੀ ਮੈਨੂੰ ਕੋਈ ਪੈ ਗਿਆ ਘਾਟਾ ਲਗਦਾ ਹੈ? ਹਿਜਰ ਤੇਰੇ ਦਾ ਦੀਵਾ ਜਦ ਵੀ ਜਗਿਆ ਹੈ, ਮੈਨੂੰ ਮੇਰੀ ਲੋਅ ਵਿੱਚ ਵਾਧਾ ਲਗਦਾ ਹੈ। ਕਿੰਝ ਵਿਖਾਵਾਂ ਤੈਨੂੰ ਮਨ ਦੇ ਭਾਵ ਅਜੇ? ਮਨ ਮੇਰਾ ਤਾਂ ਸੋਚ ਨੇ ਖਾਧਾ ਲਗਦਾ ਹੈ। ਭੁੱਖਾਂ ਪਿਆਸਾਂ ਅਜ ਕਲ੍ਹ ਸ਼ਬਦ ਮਿਟਾ ਦਿੰਦੇ, ਸ਼ਬਦਾਂ ਵਿੱਚ ਹੱਲ ਹਰ ਤਿ੍ਸ਼ਨਾ ਦਾ ਲਗਦਾ ਹੈ। ਗ਼ਜ਼ਲਾਂ ਦਾ ਸਰਮਾਇਆ ਜਦ ਤੋਂ ਮਿਲਿਆ ਹੈ, ਹਰ ਸੌਦੇ ਵਿੱਚ 'ਕੰਗ' ਮੁਨਾਫ਼ਾ ਲਗਦਾ ਹੈ।

ਬੋਲੀ: ਮਾਹੀਆ ਮੇਰਾ.....

ਬੋਲੀ ਮਾਹੀਆ ਮੇਰਾ ਏਅਰ ਪੋਰਟ ਤੇ, ਟੈਕਸੀ ਨਿੱਤ ਚਲਾਉਂਦਾ ਗੋਰੇ ਨੂੰ ਕਹਿੰਦਾ ਪਿੱਛੇ ਬਹਿ ਜਾ, ਗੋਰੀ ਨਾਲ ਬਿਠਾਉਂਦਾ ਜੇਹੜਾ ਦਿੰਦਾ ਟਿੱਪ ਤੇ ਰਹਿੰਦਾ, ਓਹਦੇ ਹੀ ਗੁਣ ਗਾਉਂਦਾ ਜੇਹੜਾ ਦੇਵੇ ਮਸਾਂ ਕਿਰਾਇਆ, ਗਾਲ਼ਾਂ ਓਹਨੂੰ ਸੁਣਾਉਂਦਾ ਮੂੰਹ ਹਨੇਰ੍ਹੇ ਘਰ ਤੋਂ ਜਾਵੇ, ਸ਼ਾਮੀਂ ਦੇਰ 'ਨਾ ਆਉਂਦਾ ਜਾਨ ਤੋੜ ਕੇ ਲੰਮੀਆਂ ਸ਼ਿਫਟਾਂ, ਰਹੇ ਵਿਚਾਰਾ ਲਾਉਂਦਾ ਆਉਂਦਾ ਘਰ ਜਦੋਂ ਕੈਸ਼ ਕਮਾ ਕੇ, ਮੈਨੂੰ ਨੋਟ ਫੜਾਉਂਦਾ ਨੀ ਮੈਂ ਮਰ ਜਾਣੀ ਨੂੰ, 'ਕੰਗ' ਤਾਂ ਬੜਾ ਹੀ ਚਾਹੁੰਦਾ ਨੀ ਮੈਂ ਮਰ ਜਾਣੀ ਨੂੰ, 'ਕਮਲ' ਬੜਾ ਹੀ ਚਾਹੁੰਦਾ ਨੀ ਮੈਂ ਮਰ ਜਾਣੀ ਨੂੰ----

ਨਜ਼ਮ: ਸਾਜ਼ਸ਼ (ਪਾਸ਼ ਨੂੰ ਸਮਰਪਿਤ)......

ਸਾਜ਼ਸ਼ (ਪਾਸ਼ ਨੂੰ ਸਮਰਪਿਤ) “ਪਾਸ਼ ਨੂੰ ਪੜ੍ਹਿਆ?” ਜਦ ਮੇਰੇ ਦੋਸਤ ਨੇ ਪੁੱਛਿਆ ਸੀ, ਤਾਂ ਮੇਰੀ ਪੜ੍ਹਾਈ ਦੀ ਕਾਲਜ ਜਾਣ ਤੋਂ ਪਹਿਲਾਂ ਹੀ ਮੌਤ ਹੋ ਜਾਣ ਕਰਕੇ, ਹੈਰਾਨੀ ਭਰੇ ਹਾਵ ਭਾਵ ਮੇਰੇ ਚਿਹਰੇ ਉਤੇ ਉਭਰੇ ਵੇਖ, ਉਹ ਸਮਝ ਗਿਆ ਸੀ ਕਿ ਜਵਾਬ “ਨਹੀਂ” ਹੈ. ------------- ਇਸ ਗੱਲ ਤੋਂ ਬਾਅਦ ਮੈਂ ‘ਪਾਸ਼L’ ਲੱਭਿਆ! ਪੜ੍ਹਿਆ!! ਫਿਰ ਸਮਝ ਆਈ, ਕਿ ਕਿਉਂ, ਨਹੀਂ ਸੀ ਪਤਾ 'ਤੇਰੇ' ਵਾਰੇ। ੧੦ + ੨ ਤੱਕ ਕਦੀ ਕਿਸੇ ਸਲੇਬਸ ਦੀ ਕਿਤਾਬ 'ਚੋਂ ਤੇਰੀ ਨਜ਼ਮ ਦਾ ਮੁੱਖ ਕਿਉਂ ਨਹੀਂ ਸੀ ਤੱਕਿਆ? ਤੇਰੀ ਤਿੱਖੀ ਸੋਚ ਦੀ ਮਹਿਕ ਕਿਉਂ ਨਹੀਂ ਸੀ ਆਈ? ਮੁਰਦੇ ਵਿੱਚ ਜਾਨ ਪਾਉਣ ਵਾਲੇ ਸ਼ਬਦਾਂ ਦਾ ਤੀਰ ਮੇਰੀ ਹਿੱਕ ਵਿੱਚ ਕਿਉਂ ਨਹੀਂ ਸੀ ਖੁੱਭਿਆ? ----------------- ਹਾਂ, ਹੁੰਦਾ ਵੀ ਕਿਵੇਂ? ਜਿਸ ‘ਸੋਚ’ ਖਿਲਾਫ ਤੇਰੀ ਲੜਾਈ ਸੀ ਓਸ ਸੋਚ ਦੇ ਪੈਰਾਂ ਵਿੱਚ ਹੀ ਤਾਂ ਸਕੂਲਾਂ ਦੇ ਸਲੇਬਸ ਦੀਆਂ ਕਿਤਾਬਾਂ ਰੁਲ਼ਦੀਆਂ ਫਿਰਦੀਆਂ ਹਨ! ਜਿਹੜੀਆਂ ਜੰਮਦੀਆਂ ਕਲੀਆਂ ਨੂੰ ਮਹਿਕ ਵਿਹੂਣਾ ਹੀ ਰੱਖਣਾ ਲੋਚਦੀਆਂ ਨੇ! ਸਿਰਫ਼ ਕੁਰਸੀ ਦੀਆਂ ਲੱਤਾਂ ਵਾਰੇ ਹੀ ਸੋਚਦੀਆਂ ਨੇ!! ----------------- ਅੱਜ ਫਿਰ ਓਸ ਗੱਲ ਤੋਂ ਬਾਅਦ ਤੇਰੇ ਜਨਮ ਦਿਨ ਤੇ ਮੇਰੀਆਂ ਸੋਚਾਂ ਦੇ ਝਰਨੇ 'ਚੋਂ ਇਹ ਖਿਆਲ ਕਿਰਿਆ ਕਿ ਪਤਾ ਨਹੀਂ, ਐਨੇ ਸਾਲਾਂ ਬਾਅਦ ਅੱਜ ਵੀ ਤੇਰਾ ਨਾਮ ਪੁੰਗਰਦੇ ਪੱਤਿਆਂ ਤੇ ਤ੍ਰੇਲ ਦੀਆਂ ਬੂੰਦਾਂ ਵਾਂਗ ਚਮਕਦਾ ਹੋਵੇਗਾ ਕਿ ਨਹੀਂ? ਜੰਮਦੀਆਂ ਕਿਰਨਾਂ ਦੇ ਮੁੱਖ ਤੇ

ਕਵਿਤਾ: ਖਿਆਲੀ ਘੋੜਾ......

ਖਿਆਲੀ ਘੋੜਾ ਨੀਂਦ ਦੇ ਵਿੱਚ ਖਿਆਲੀ ਘੋੜਾ ਐਧਰ ਨੂੰ ਕਦੀ ਓਧਰ ਮੋੜਾਂ ਸੋਚਾਂ ਦਾ ਜੰਜ਼ਾਲ ਹੈ ਵਿਛਿਆ ਕੋਈ ਨਹੀਂ ਸੁਣਦਾ ਮੇਰੀ ਵਿਥਿਆ ਕਿੱਥੋਂ ਲੱਭਾਂ ਕਿਸ ਨੂੰ ਪੁੱਛਾਂ ਪਈਆਂ ਹਰ ਪਾਸੇ ਹੀ ਥੋੜਾਂ ਨੀਂਦ ਦੇ ਵਿੱਚ--- ਪਹੁੰਚਾ ਸੀ ਜਦ ਰੱਬ ਦੇ ਮੈਂ ਘਰ ਵੇਖ ਕੇ ਮੈਨੂੰ ਭੇੜ ਲਿਆ ਦਰ ਆਖਣ ਲੱਗਾ, ਪੁਜਾਰੀ ਮੈਨੂੰ ਕਿਹੜੀ ਗੱਲ ਦੀ ਤੋਟ ਹੈ ਤੈਨੂੰ ਜੇ ਆਖੇਂ ਤਾਂ ਕਰਾਂ ਨਿਬੇੜਾ? ਮੇਰੇ ਹੱਥ ਵਿੱਚ ਸਭ ਦੀਆਂ ਡੋਰਾਂ ਨੀਂਦ ਦੇ ਵਿੱਚ--- ਮੈਂ ਆਖਿਆ ਹੈ ਮਿਲਣਾ ਰੱਬ ਨੂੰ ਜ਼ਿੰਦਗੀ ਦਿੰਦਾ ਹੈ ਜੋ ਸਭ ਨੂੰ ਕਹਿਣ ਲੱਗਾ ਮੈਂ ਦੱਸਦਾਂ ਤੈਨੂੰ ਰੱਬ 'ਬਿਜ਼ੀ' ਤੂੰ ਦੱਸ ਦੇ ਮੈਨੂੰ ਉਹ ਤਾਂ ਮੇਰਾ ਕਹਿਣਾ ਮੰਨਦਾ ਜਿੱਧਰ ਚਾਹਵਾਂ ਦਿਆਂ ਮਰੋੜਾ ਨੀਂਦ ਦੇ ਵਿੱਚ--- ਕਿਸੇ ਵੀ ਪਾਸੇ ਜਦ ਨਾ ਲਾਇਆ ਥੱਕ ਹਾਰ ਮੈਂ ਤਰਲਾ ਪਾਇਆ ਕਹਿਣ ਲੱਗਾ ਫਿਰ ਅੰਤ ਪੁਜਾਰੀ ਕਿਉਂ ਤੂੰ ਮੇਰੀ ਮੱਤ ਹੈ ਮਾਰੀ? ਇੱਥੇ ਕੀ, ਉਹ ਸਭ ਥਾਂ ਰਹਿੰਦਾ ਇਹ ਤਾਂ ਰੋਟੀ ਦਾ ਬੱਸ ਤੋਰਾ ਨੀਂਦ ਦੇ ਵਿੱਚ ਖਿਆਲੀ ਘੋੜਾ ਐਧਰ ਨੂੰ ਕਦੀ ਓਧਰ ਮੋੜਾਂ---

ਨਜ਼ਮ: ਫੁੱਲ ਦੀ ਆਸ.......

ਫੁੱਲ ਦੀ ਆਸ ਫੁੱਲ ਕੰਡਿਆਂ ਨਾਲ ਭਿੜਦਾ, ਭਿੜਦਾ ਭਿੜਦਾ ਹੈ ਖਿੜਦਾ ਕੰਡਿਆਂ ਦਾ ਕਾਰਜ ਤਾਂ ਹੈ ਉਸ ਦੀ ਰਖਵਾਲੀ ਕਰਨਾ, ਪਰ ਕਰਦੇ ਨੇ ਉਲਟ। ਪਰ ਫੁੱਲ ਦੀ ਸੋਚ ਇਨ੍ਹਾਂ ਤੋਂ ਹੈ ਵੱਖਰੀ ਕਿਉਂਕਿ ਉਸ ਦੀ ਝੋਲ ਨਹੀਂ ਹੈ ਸੱਖਣੀ ਉਸ ਵਿੱਚ ਖ਼ੁਸ਼ਬੋਅ ਕੁਝ ਰੰਗ ਥੋੜਾ ਸੁਹਜ ਥੋੜੀ ਸੁੰਦਰਤਾ। ਪਰ, ਕੰਡਿਆਂ ਨੂੰ ਸੰਵਾਰਨਾ ਨਹੀਂ ਵਿਗਾੜਨਾ ਹੀ ਆਉਂਦਾ ਏ ਫੁੱਲ ਮਾਣ ਤੋਂ ਰਹਿਤ ਆਪਣਾ ਆਪ ਲੁਟਾਉਣਾ ਜਾਣੇ ਆਸ'ਚ ਜਿਉਂਦਾ ਮਹਿਕ ਖਿਲਾਰੇ। ਕੰਡਿਆਂ ਵਿੱਚ ਪਲ਼ਦਾ, ਝੱਖੜਾਂ'ਚ ਵਧਦਾ ਤੁਫ਼ਾਨਾਂ, ਹਨੇਰੀਆਂ'ਚ, ਘਿਰਿਆ ਹੋਇਆ ਵੀ ਖਿੜਿਆ ਰਹਿੰਦਾ, ਚਹਿਕਦਾ ਰਹਿੰਦਾ, ਮਹਿਕਦਾ ਰਹਿੰਦਾ। ਜ਼ਿੰਦਗੀ ਦੇ ਬਾਗ'ਚ ਨਵੀਂਆਂ ਖਿੜਦੀਆਂ ਕਲੀਆਂ ਲਈ, ਅਧੂਰਾ ਕਰਮ ਛੱਡ, ਆਖਰ ਇਕ ਦਿਨ, ਮਿੱਟੀ ਦਾ ਕਣ ਹੋ ਨਿੱਬੜਦਾ, ਐਪਰ ਉਸ ਨੂੰ ਅਹਿਸਾਸ ਸੀ ਕਿ ਫੁੱਲ ਦੀ ਉਮਰ ਥੋੜੀ ਹੁੰਦੀ ਹੈ ਪਰ ਮਹਿਕ ਵਧੇਰੀ! ਮਹਿਕ ਲੰਮੇਰੀ!! ਮਹਿਕ ਚੰਗੇਰੀ!!!

ਨਜ਼ਮ: ਜੀਉਣ ਦਾ ਖਿਆਲ....

ਜੀਉਣ ਦਾ ਖਿਆਲ ਅੱਜ ਫੇਰ, ਦਿਲ ਕੀਤਾ, ਕਿ ਤੈਨੂੰ ਕੁਝ ਕਹਾਂ, ਜੋ ਚਿਰਾਂ ਦਾ ਅੰਦਰ ਹੀ ਅੰਦਰ ਮੇਰਾ ਆਪਾ ਖੋਰਦਾ ਰਿਹਾ ਸੀ! ਯਾਦ ਹੈ ਕਦੇ ਆਪਣਾ ਇਕੱਠਿਆਂ ਦਾ, ਸੁਪਨੇ ਨੂੰ ਅੱਖ ਦੇ ਕੈਮਰੇ 'ਚ ਕੈਦ ਕਰਨਾ ਖਲਾਅ ਵਿੱਚ ਬਿਨ ਪਰਾਂ ਤੋਂ ਤਰਨਾ ਨੀਂਦ ਨੂੰ ਅੱਖਾਂ 'ਚ ਭਰ ਕੇ ਖਰਨਾ ਜੀਂਦੇ ਜੀਅ ਕਦੀ ਕਦੀ ਮਰਨਾ ਕਦੀ ਬਹੁਤ ਦੂਰ ਆਪੇ ਤੋਂ ਚਲੇ ਜਾਣਾ, ਵਾਪਸ ਆ ਕੇ ਖਾਲੀ ਖਾਲੀ ਆਪੇ ਨੂੰ ਟੋਹਣਾ, ਅਧੂਰੇਪਣ ਜਿਹੇ ਨਾਲ ਭਖਦੇ ਜਿਸਮ ਨੂੰ ਛੋਹਣਾ। ਕਦੀ ਕਦੀ ਮਨ ਦਾ ਦੂਰ ਦਿਸਦੇ ਰੁੱਖ ਦੀ ਛਾਵੇਂ, ਬਹਿਣਾ ਲੋਚਣਾ ਕੱਲੇ ਹੋ ਕੁਝ ਸੋਚਣਾ 'ਕੱਠੇ ਹੋ ਕੁਝ ਸੋਚਣਾ ਪਰ ਦਿਲ ਦਾ ਰਾਜ਼ ਦਫ਼ਨ ਕਰਨਾ ਸਾਹਾਂ ਦੇ ਹੇਠਾਂ। ਕਦਮ ਨਾਲ ਕਦਮ ਮਿਲਾ, ਵਗਦੀ ਨਦੀ ਦੇ ਕੰਢੇ ਕੰਢੇ ਤੁਰਨਾ, ਤੁਰਨਾ ਜਾਂ ਭੁਰਨਾ, ਨੈਣਾਂ 'ਚ ਨੈਣ ਪਾ, ਵਾਪਸ ਮੁੜਨਾ। ਹਾਂ, ਯਾਦ ਆਇਆ, ਸੱਚ ਦੱਸੀਂ! ਤੂੰ ਉਸ ਦਿਨ ਮੇਰੇ ਤੋਂ ਓਹਲੇ ਹੋ ਕੇ ਏਸ ਨਦੀ ਨੂੰ ਕੀ ਕਿਹਾ ਸੀ? ਇਹ ਸੁੱਕ ਕਿਉਂ ਰਹੀ ਏ? ਇਹ ਮੁੱਕ ਕਿਉਂ ਰਹੀ ਏ? ਇਹ ਸਾਡੇ ਦੋਵਾਂ ਦੇ ਅੱਜ ਫੇਰ ਇੱਥੇ ਆਉਣ ਤੇ ਲੁਕ ਕਿਉਂ ਰਹੀ ਏ? ਸ਼ਾਇਦ ਤੇਰੇ ਬੋਲਣ ਤੋਂ ਪਹਿਲਾਂ, ਮਰਦੀ ਹੋਈ ਨਦੀ ਹੀ ਬੋਲ ਪਵੇ। ਜੇ ਆਪਾਂ ਆਪਣਾ ਸੁਪਨਾ ਇਸ ਨੂੰ ਦੇ ਦਈਏ, ਸ਼ਾਇਦ ਇਹਨੂੰ ਕੁਝ ਚਿਰ ਹੋਰ ਜੀਉਣ ਦਾ ਖਿਆਲ ਆ ਜਾਵੇ, ਹਾਂ ਸੱਚ, ਸ਼ਾਇਦ ਇਸਨੂੰ ਵੀ ਸੁਪਨੇ ਨੂੰ ਕੈਦ ਕਰਨ ਦਾ ਅਣਮੁੱਲਾ, ਅਣਛੋਹਿਆ, ਅਣਹੋਇਆ, ਅਨੋਖਾ ਕਮਾਲ ਆ ਜਾਵੇ! ਜੀਉਣ ਦਾ ਖਿਆਲ ਆ ਜਾਵੇ!!

ਨਜ਼ਮ: ਵਿਸ਼ਾਲਤਾ.....

ਵਿਸ਼ਾਲਤਾ ਸਮਿਆਂ ਤੋਂ ਜਿਹੜੀ ਕਸ਼ਮਕਸ਼, ਮੇਰੇ ਜਜ਼ਬਾਤ ਦੇ ਘੇਰੇ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਸੀ, ਉਹ ਅੱਜ ਕਾਮਯਾਬ ਹੋ ਗਈ ਏ! ਅੱਜ ਸੱਚ, ਮੇਰੇ ਮਨ ਦੀ ਦਹਿਲੀਜ਼ ਨੂੰ ਪਾਰ ਕਰਨ ਵਿੱਚ ਕਾਮਯਾਬ ਹੋ ਰਿਹਾ ਏ। ਲੈ ਸੁਣ, ਨਿਆਰੀ ਜ਼ਿੰਦਗੀ ਕਾਸ਼! ਤੂੰ ਬੁਝਾਰਤ ਨਾ ਹੋ ਕੇ ਖੁੱਲੀ ਕਿਤਾਬ ਹੁੰਦੀ! ਜਾਂ ਪੱਲਰਦੀ ਆਸ ਹੁੰਦੀ! ਹੋਰ ਸੁਣ, ਪਿਆਰੀ ਜ਼ਿੰਦਗੀ ਕਾਸ਼! ਤੂੰ ਚੁੱਪ ਦੀ ਚੀਕ ਨਾ ਹੋ ਕੇ, ਪ੍ਰੀਤ ਦਾ ਗੀਤ ਹੁੰਦੀ! ਜਾਂ ਸਾਹਾਂ ਦੀ ਪ੍ਰੀਤ ਹੁੰਦੀ! ਜਾਂ ਮਿੱਠਾ ਜਿਹਾ ਮੀਤ ਹੁੰਦੀ! ਪਰ ਭੁੱਲ ਕੇ ਕਦੀ ਵੀ ਰੀਤ ਨਾ ਹੁੰਦੀ! ਨਿਰੀ ਰੀਤ ਨਾ ਹੁੰਦੀ! ਬਲਕਿ  ਹਾਂ ਇਕ ਮਾਣਮੱਤਾ ਮੋਹ ਭਰਿਆ ਪਿਆਰਾ ਜਿਹਾ ਨਿਆਰਾ ਜਿਹਾ ਗੀਤ ਹੁੰਦੀ!

ਨਜ਼ਮ: ਲੋਹੇ ਦੀ ਕੁਰਸੀ.....

ਲੋਹੇ ਦੀ ਕੁਰਸੀ ਬੇਦੋਸ਼ੇ ਖ਼ੂਨ 'ਚੋਂ ਨਿੱਕਲੀਆਂ ਚੀਕਾਂ ਇਹ ਨਹੀਂ ਸੁਣਦੀ, ਲੋਹੇ ਦੀ ਕੁਰਸੀ ਜਿਉਂ ਹੋਈ। ਪਰ ਇਹ ਹੈ ਦੁਨਿਆਵੀ, ਮਜ਼ਲੂਮਾਂ ਤੇ ਹਾਵੀ, ਵਰਤਾਉਂਦੀ ਭਾਵੀ। ਲਗਭਗ! ਸਾਰੇ ਹੀ ਜੀਵਾਂ 'ਨ ਇਸਦਾ ਹੈ ਵੈਰ, ਇਹ ਨਹੀਂ ਮੰਗਦੀ ਕਿਸੇ ਦੀ ਖੈਰ! ਬੰਬਾਂ ਦੇ ਢੇਰਾਂ ਤੋਂ ਵਾਹਵਾ ਦੁਰ, ਸੁਰੱਖਿਅਤ, ਮਹਿਫ਼ੂਜ਼ ਹਥਿਆਰਾਂ 'ਚ ਘਿਰੀਓ ਅਰਾਮ ਫ਼ਰਮਾਅ ਰਹੀ ਹੈ। ਮਗਰ, ਮਜ਼ਲੂਮਾਂ ਦੀ ਹਿੱਕੜੀ ਤੇ ਡਾਹੀ ਗਈ ਏ, ਸਮੇਂ ਦੇ ਹਾਕਮ ਵਲੋਂ। ਹੌਕੇ, ਹੰਝੂ, ਹਾੜੇ ਨਹੀਂ ਪਿਘਲਾਅ ਸਕਦੇ ਇਸਨੂੰ, ਇਸਦਾ ਲੋਹਾ, ਟੈਂਕਾਂ ਅਤੇ ਬੰਬਾਂ ਦੇ ਲੋਹੇ ਨਾਲ ਹੂ-ਬਹੂ ਮਿਲਦਾ ਹੈ। ਵਹਿਸ਼ਤ, ਦਹਿਸ਼ਤ ਦਾ ਸੁਮੇਲ, ਖੂਨੀ, ਡਾਢੀ, ਬਗਾਨੀ ਲੋਹੇ ਦੀ ਕੁਰਸੀ! ਬੇਦਰਦ ਲੋਹੇ ਦੀ ਕੁਰਸੀ!!

ਕਵਿਤਾ: ਮਾਂ......

ਮਾਂ ਮਾਂ ਦਾ ਰੁਤਬਾ ਹੈ ਸਭ ਤੋਂ ਉਚਾ, ਮਾਂ ਦਾ ਰਿਸ਼ਤਾ ਹੈ ਸਭ ਤੋਂ ਸੁੱਚਾ। ਮਾਂ ਜੀਵਨ ਦਾਤੀ ਏ ਜੀਵਨ ਦੇਵੇ, ਕੋਮਲ ਮਮਤਾ ਤਾਂ ਜਿਉਂ ਸੁੱਚੇ ਮੇਵੇ। ਮਾਂ ਦਾ ਦਿਲ ਸਦਾ ਦਏ ਅਸੀਸਾਂ ਬੱਚਿਆਂ ਲਈ ਝੱਲਦੀ ਤਕਲੀਫਾਂ। ਬੱਚਿਆਂ ਲਈ ਸਦਾ ਜਾਨ ਵਾਰਦੀ, ਜੋ ਦੁੱਖਾਂ ਵਿੱਚ ਨਾ ਕਦੇ ਹਾਰਦੀ। ਮਾਂ ਤਾਂ ਘਰ ਵਿੱਚ ਹੈ ਇੱਕ ਮੰਦਿਰ, ਸਵਰਗ ਹੈ ਮਾਂ ਦੀ ਬੁੱਕਲ ਅੰਦਰ। ਮਾਂ ਦਾ ਪਿਆਰ ਜੋ ਖੁਦ ਠੁਕਰਾਉਂਦੇ, ਉਹ ਏਸ ਜੱਗ ਨੂੰ ਕਦੇ ਨਾ ਭਾਉਂਦੇ। ਜੋ ਆਪਣਾ 'ਕੰਗ' ਫਰਜ਼ ਨਿਭਾਉਂਦੇ, ਜੱਗ ਵਿੱਚ ਉਹ ਸਦਾ ਸੋਭਾ ਪਾਉਂਦੇ।।