Posts

Showing posts from September, 2008

ਕੁਝ ਸ਼ਿਅਰ.....

ਮੈਂ ਵੇਖ ਲਿਆ ਏਸ ਇਸ਼ਕੇ ਨੂੰ, ਮੈਨੂੰ ਹੌਲ਼ੀ ਹੌਲ਼ੀ ਖਾਰ ਰਿਹੈ! ਤੇਰਾ ਹਿਜਰ ਸੋਹਣਿਆ ਯਾਰਾ ਵੇ, ਮੈਨੂੰ ਹੌਲ਼ੀ ਹੌਲ਼ੀ ਮਾਰ ਰਿਹੈ!! * ਤੇਰੀ ਅੱਖ 'ਚੋਂ ਡਿਗਦੇ ਹੰਝੂ ਨੂੰ, ਮੈਂ ਜਨਮਾਂ ਤੋਂ ਹਾਂ ਵੇਖ ਰਿਹਾ, ਤੂੰ ਬੋਲ, ਬੋਲ ਕੇ ਅੱਜ ਤਾਂਈ, ਨਾ ਸੱਜਣਾ ਦਿਲ ਦਾ ਹਾਲ ਕਿਹਾ! * ਜਦ ਦਿਲ ਤੇ ਸੱਟ ਕੋਈ ਲੱਗਦੀ ਏ, ਪਹਿਲੋਂ ਮਨ ਤੇ ਜਾ ਕੇ ਵੱਜਦੀ ਏ ਪਤਾ ਜਿਸਮ ਤਾਂਈ ਉਦੋਂ ਲੱਗਦਾ ਏ, ਜਦੋਂ ਰੂਹ ਵੀ ਜਿਸਮੋਂ ਭੱਜਦੀ ਏ!! * ਕੀ ਕਰੀਏ ਤੇਰੇ ਸ਼ਹਿਰ ਦੀਆਂ, ਗੱਲਾਂ ਹੀ ਯਾਰਾ ਹੋਰ ਨੇ ਥਾਂ ਥਾਂ ਤੇ ਸੱਪ ਵੀ ਮੇਲ਼ ਰਹੇ, ਚੁਗਦੇ ਵੀ ਥਾਂ ਥਾਂ ਮੋਰ ਨੇ

ਕਵਿਤਾ: ਲਹੂ ਦੀਆਂ ਨਦੀਆਂ......

ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ ਵਹਿਣਗੀਆਂ, ਹਾਕਮ ਕੁਰਸੀ ਥੱਲੇ ਵੜਿਆ, ਘਰ ਘਰ ਚੀਕਾਂ ਪੈਣਗੀਆਂ। ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਆਏ ਨਿੱਤ ਦਿਨ ਬੰਬ ਧਮਾਕਾ, ਵੈਣ ਉਠਾ ਕੇ ਸਿਰ ਤੇ ਆਵੇ, ਦਹਿਸ਼ਤ ਦੇ ਨਾਲ਼ ਰਲ਼ ਕੇ ਬੰਦਾ, ਆਫ਼ਤ ਆਪਣੇ ਆਪ ਲਿਆਵੇ ਕਦ ਤੱਕ ਦੱਸੋ ਬੇਦੋਸ਼ਿਆਂ ਦੀਆਂ, ਜਾਨਾਂ ਸਾਥੋਂ ਲੈਣਗੀਆਂ? ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਕਿੰਨੇ ਚਿਰ ਲਈ ਨਾਚ ਇਹ ਤਾਂਡਵ, ਤੁਸੀਂ ਵੀ ਦੱਸੋ ਨੱਚਣਾ ਏਂ? ਨਿਰਦੋਸ਼ਾਂ ਨੂੰ ਮਾਰ ਮਾਰ ਕੇ, ਆਪ ਵੀ ਨਾਲ਼ੇ ਮੱਚਣਾ ਏਂ? ਬੱਸ ਕਰੋ ਹੁਣ, ਬੱਸ ਕਰੋ ਵੇ, ਲਾਟਾਂ ਅੱਗ ਦੀਆਂ ਕਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਅੱਜ ਇਹ ਦਿੱਲੀ, ਕੱਲ੍ਹ ਸਨ ਬੰਬੇ, ਕੱਲ੍ਹ ਕਿਤੇ ਹੋਊ ਹੋਰ ਕੋਈ ਕਾਰਾ, ਦੇਸ਼ ਦਾ ਹਰ ਇਕ ਜੀਅ ਹੈ ਰੋਂਦਾ, ਕਰੋ ਸਹੀ ਕੋਈ ਰਲ਼ ਕੇ ਚਾਰਾ ਵੋਟਾਂ ਖਾਤਿਰ ਦੇਸ਼ ਮੇਰੇ ਦੀਆਂ, ਗਲ਼ੀਆਂ ਸੁੰਨੀਆਂ ਰਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਰੱਬ ਇਹ ਤੱਕ ਕੇ ਕਦ ਖੁਸ਼ ਹੋਣੈਂ?, 'ਥੋਨੂੰ' ਗ਼ਲਤ ਇਹ ਫਹਿਮੀ ਹੈ, ਧਰਮ ਦੇ ਨਾਂ ਤੇ ਜਾਨ ਹੈ ਲੈਣੀ, ਦੁਨੀਆਂ ਸਹਿਮੀ ਸਹਿਮੀ ਹੈ 'ਕੰਗ' ਕਹੇ ਕੀ ਵੱਧ ਹੁਣ ਇਸ ਤੋਂ, ਸੋਚਾਂ ਜੱਗ ਨਾਲ਼ ਖਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ....

ਸ਼ਿਅਰ.......

ਕੀ ਮਾਣ ਕਰਾਂਗੇ ਸ਼ਬਦਾਂ ਤੇ? ਕੋਈ ਲਏ ਚੁਰਾ ਤਾਂ ਬੋਲਣ ਨਾ, ਇਹ ਤੇਰੇ ਵੀ ਕਦ ਹੋਣੇ ਨੇ?, ਜੇ 'ਕੰਗ' ਦੇ ਵੀ ਅੱਜ ਹੋਵਣ ਨਾ!

ਕੁਝ ਸ਼ਿਅਰ......

ਆ ਸੱਜਣਾ, ਰੰਗਾਂ ਨੂੰ ਮਿਲ਼ੀਏ, ਬੇਰੰਗ ਕੱਢੀਏ ਜ਼ਿੰਦਗੀ 'ਚੋਂ ਕੱਠੇ ਬੈਠ ਇਬਾਦਤ ਕਰੀਏ, ਪਾ ਲਈਏ ਕੁਝ ਬੰਦਗੀ 'ਚੋਂ! * ਤੇਰੀ ਗੱਲ ਗੱਲ ਵਿੱਚੋਂ ਭਿਣਕ ਪਵੇ, ਮੈਨੂੰ ਤੇਰੀ, ਸੁਣ! ਮਗਰੂਰੀ ਦੀ ਜੇ ਦਿਲ 'ਚੇ ਨਫ਼ਰਤ ਰੱਖਣੀ ਏਂ, ਫਿਰ ਹੱਸਣੇ ਦੀ ਮਜਬੂਰੀ ਕੀ? ਤੂੰ ਮੰਨਿਐਂ, ਖੁਦਾ ਵੀ ਹੋ ਸਕਦੈਂ!, ਤੈਨੂੰ ਸਾਡੀ ਹੋਂਦ ਜਰੂਰੀ ਕੀ? ਚੱਲ ਛੱਡ ਪਰੇ 'ਕੰਗ' ਜਾਣ ਵੀ ਦੇ, ਹੁਣ ਏਨੀ ਜੀ-ਹਜੂਰੀ ਕੀ! .......