ਗੀਤ: ਅਸੀਂ ਧਰਤੀ, ਪਾਣੀ ਵੰਡ ਲਏ ਨੇ.....

ਅਸੀਂ ਧਰਤੀ, ਪਾਣੀ ਵੰਡ ਲਏ ਨੇ,
ਅਜੇ ਹੋਰ ਕੀ ਵੰਡਣਾ ਬਾਕੀ ਏ
ਇਹ ਸਹਿਜ ਸੁਭਾਅ ਦਾ ਕਾਰਾ ਏ,
ਜਾਂ ਨਫ਼ਰਤ ਭਰੀ ਚਲਾਕੀ ਏ
ਅਸੀਂ ਧਰਤੀ, ਪਾਣੀ.....

ਅਸੀਂ ਵੰਡੇ ਗਏ ਵਿੱਚ ਧਰਮਾਂ ਦੇ,
ਅਸੀਂ ਵੰਡੇ ਗਏ ਵਿੱਚ ਰੰਗਾਂ ਦੇ
ਅਸੀਂ ਜਾਤਾਂ ਦੇ ਵਿੱਚ ਬਿਖਰ ਗਏ,
'ਤੇ ਵੰਡੇ ਗਏ ਵਿੱਚ ਕੰਮਾਂ ਦੇ
ਨਹੀਂ ਤੇਲ ਪਾਈਦਾ ਬਲ਼ਦੀ ਤੇ,
ਇਹ ਬਹੁਤ ਬੁਰੀ ਗੁਸਤਾਖ਼ੀ ਏ
ਅਸੀਂ ਧਰਤੀ, ਪਾਣੀ.....

ਕੋਈ ਦੱਸਦਾ ਖ਼ੁਦ ਨੂੰ ਮਾਝੇ ਦਾ,
ਕੋਈ ਫਿਰੇ ਦੁਆਬੀਆ ਜੱਟ ਬਣਿਆ
ਅਸੀਂ ਰੋਗ ਨੂੰ ਨਹੀਂ ਪਛਾਣ ਸਕੇ,
ਹਰ ਜ਼ਖ਼ਮ ਹੀ ਡੂੰਘਾ ਫੱਟ ਬਣਿਆ
ਕਈ ਵਾਰੀ ਮੈਨੂੰ ਇੰਝ ਲੱਗਦਾ,
ਜਿਓਂ ਵੈਦ ਵੀ ਸਾਥੋਂ ਆਕੀ ਏ
ਅਸੀਂ ਧਰਤੀ, ਪਾਣੀ.....

ਜਿਨ੍ਹਾਂ ਪਾਈਆਂ ਫੁੱਟਾਂ ਸਾਡੇ ਵਿੱਚ,
ਓਹ ਖੁਸ਼ ਹੁੰਦੇ ਨੇ ਜਿੱਤਾਂ ਤੇ
ਜੇ ਹੁਣ ਵੀ ਆਪਾਂ ਸੰਭਲੇ ਨਾ,
ਰਹਿਣੇ ਵੱਜਦੇ ਡਾਕੇ ਹਿੱਤਾਂ ਤੇ
ਕੁਝ ਗ਼ੈਰਾਂ ਨੇ ਕਿੜ ਕੱਢੀ ਆ,
ਕੁਝ 'ਕੰਗ' ਵੀ ਕਰੀ ਨਲਾਇਕੀ ਏ
ਅਸੀਂ ਧਰਤੀ, ਪਾਣੀ ਵੰਡ ਲਏ ਨੇ,
ਅਜੇ ਹੋਰ ਕੀ ਵੰਡਣਾ ਬਾਕੀ ਏ
ਇਹ ਸਹਿਜ ਸੁਭਾਅ ਦਾ ਕਾਰਾ ਏ,
ਜਾਂ ਨਫ਼ਰਤ ਭਰੀ ਚਲਾਕੀ ਏ
ਅਸੀਂ ਧਰਤੀ, ਪਾਣੀ ਵੰਡ ਲਏ ਨੇ,
ਅਜੇ ਹੋਰ ਕੀ ਵੰਡਣਾ ਬਾਕੀ ਏ...

....
ਕਮਲ ਕੰਗ
ਜੁਲਾਈ ੨੦੧੯

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....