ਨਜ਼ਮ - ਗੱਲ ਗੱਲ ਤੇ ਨਜ਼ਮ...

ਗੱਲ ਗੱਲ ਤੇ ਨਜ਼ਮ ਫੁਰਦੀ, ਮਨ ਦਾ ਮੁਕਾਮ ਕੈਸਾ
ਬਿਨ ਪੀਤਿਆਂ ਨਸ਼ਾ ਹੈ, ਸ਼ਬਦਾਂ ਦਾ ਜਾਮ ਕੈਸਾ

ਲੱਗਦਾ ਹੁਣ ਮੇਰੀ ਰੂਹ ਤਾਂ, ਚਾਹੁੰਦੀ ਅਜ਼ਾਦ ਹੋਣਾ,
ਹੈ ਜਿਸਮ ਸਾਰਾ ਜਲ਼ਦਾ, ਇਹ ਸ਼ਮਸ਼ਾਨ ਕੈਸਾ

ਪੈਰ ਮੇਰੇ ਹਨ ਜਿਮੀਂ ਤੇ! ਪਰ ਮੈਨੂੰ ਨਹੀਂ ਯਕੀਨ,
ਦਿਲ ਸੋਚਦਾ ਹੈ ਹਰ ਪਲ, ਇਹ ਅਸਮਾਨ ਕੈਸਾ

ਤੂੰ ਆਪਣੀ ਲੋਅ 'ਚੋਂ ਮੈਨੂੰ, ਕੁਝ ਕਿਰਨਾਂ ਹੋਰ ਦੇ,
ਮੈਂ ਤੇਰਾ ਹੀ ਰਹਾਂ ਗਾ, ਮੇਰਾ ਫ਼ੁਰਮਾਨ ਕੈਸਾ

ਤੂੰ ਮੇਰੀ ਰੂਹ ਨੂੰ ਆਪਣਾ, ਕਦੀ ਕਹਿ ਕੇ ਮਹਿਰਮ ਵੇਖ,
ਇਸ ਜਿਸਮ ਨੂੰ ਤਿਆਗਾਂ, ਦਿਲ ਦਾ ਅਰਮਾਨ ਕੈਸਾ

ਮੈਂ, 'ਮੈਂ' ਦੀ ਵਲਗਣ ਵਿੱਚੋਂ, ਅਜ਼ਾਦ ਹੋਣਾ ਕਦ ਨੂੰ?
ਜਦ ਰੂਹ ਨੇ 'ਤੂੰ' ਕਹਾਉਣਾ, ਪਾਉਣਾ ਸਨਮਾਨ ਕੈਸਾ

ਅੱਜ ਕਰਦੇ ਸਲਾਮ ਲੋਕੀਂ, ਤੱਕ ਮੈਂ ਸੀ ਖੁਸ਼ ਹੋਇਆ,
ਸੁਣ ਮੇਰੇ ਮਹਿਰਮਾਂ ਵੇ, ਤੇਰਾ ਹੈ ਨਾਮ ਕੈਸਾ

ਕਰਦਾ ਹੈ ਸਭ ਕੁਝ ਉਹ ਹੀ, ਪਰ ਨਾਂ ਹੈ ਮੇਰਾ ਵੱਜਦਾ,
ਉਹ ਕਰਦਾ ਕਿਹੜੇ ਵੇਲੇæ? ਹੈ ਗੁੰਮਨਾਮ ਕੈਸਾ

"ਮਿੱਟੀ ਤੂੰ ਰੱਖ ਲੈ ਕੋਲ਼, ਰੂਹ ਮੈਨੂੰ ਭੇਜ ਦੇ ਹੁਣ",
ਆਹ ਵੇਖੋ! ਮੌਤ ਦਾ ਬਈ, ਆਇਆ ਪੈਗ਼ਾਮ ਕੈਸਾ

ਅੱਜ ਸ਼ਿਅਰਾਂ ਦੀਆਂ ਡਾਰਾਂ, ਹਨ ਕਿਹੜੇ ਪਾਸੇ ਤੁਰੀਆਂ?
'ਕੰਗ' ਬਣ ਗਿਆਂ ਏਂ ਰੁੱਖ ਤੂੰ? ਹੈ ਇਹ ਗੁਮਾਨ ਕੈਸਾ।

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....