ਗੀਤ - ਮੇਰੇ ਸ਼ਹਿਰ ਵਿੱਚ ਤੇਰਾ ਸਤਿਕਾਰ ਦੋਸਤਾ....

ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ
ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ
ਤੇਰੇ ਪੈਰਾਂ ਹੇਠ ਫੁੱਲ ਯਾਰਾ, ਖੁਸ਼ੀ ਦੇ ਵਿਛਾਵਾਂ ਮੈਂ
ਤੇਰੀ ਪੈੜ ਵਾਲੀ ਮਿੱਟੀ ਚੁੱਕ ਮੱਥੇ ਨੂੰ ਛੁਹਾਵਾਂ ਮੈਂ
ਤੇਰੇ ਆਉਣ ਨਾਲ ਆ ਗਈ ਏ, ਬਹਾਰ ਦੋਸਤਾ
ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ
ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ

ਵਰਿੵਅਾਂ ਤੋਂ ਪਈਆਂ ਸੀ ਇਹ ਨਜ਼ਰਾਂ ਪਿਆਸੀਆਂ
ਸੱਧਰਾਂ ਦੇ ਮੁੱਖੜੇ ਤੇ ਛਾਈਆਂ ਸੀ ਉਦਾਸੀਆਂ
ਹੁਣ ਲੱਗੇ ਜਾਊ ਬਦਲੀ, ਨੁਹਾਰ ਦੋਸਤਾ
ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ
ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ

ਪੁੱਛਦੀ ਹਵਾ ਸੀ ਮੈਂਨੂੰ, ਕਿੱਥੇ ਤੇਰਾ ਫੁੱਲ ਵੇ
ਕਰਦਾ ਏ ਯਾਦ ਤੈਨੂੰ ਜਾਂ ਉਹ ਗਿਆ ਭੁੱਲ ਵੇ
ਪਰ ਤੇਰੇ ਸੱਚੇ, ਕੌਲ ਤੇ, ਕਰਾਰ ਦੋਸਤਾ
ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ
ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ

ਬਿਰਖਾਂ ਦੇ ਗਲ ਲੱਗ, ਰੋਇਆ ਤੇਰੇ ਮਗਰੋਂ ਮੈਂ
ਟੁੱਟੇ ਟਾਹਣਾਂ ਵਾਗੂੰ ਜਦੋਂ ਮੋਇਆ ਤੇਰੇ ਮਗਰੋਂ ਮੈਂ
ਕਿਸੇ ਤੇਰੇ ਜਿਹਾ ਦਿੱਤਾ ਨਾ, ਪਿਆਰ ਦੋਸਤਾ
ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ
ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ

'ਕਮਲ' ਨਿਮਾਣੇ ਵਿੱਚ, ਤੇਰਾ ਜੋ ਯਕੀਨ ਏਂ
ਤੇਰੇ ਹੀ ਸਹਾਰੇ ਓਦ੍ਹੀ ਜ਼ਿੰਦਗੀ ਹੁਸੀਨ ਏਂ
'ਕੰਗ' ਭੁੱਲਦਾ ਨਹੀਂ ਤੇਰਾ, ਉਪਕਾਰ ਦੋਸਤਾ
ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ
ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ


੧੪ ਦਸੰਬਰ ੨੦੦੩

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....