Posts

Showing posts from July, 2022

ਇਸ਼ਕੇ ਦਾ ਰੋਗ - ਗੀਤ

ਇਸ਼ਕੇ ਦਾ ਰੋਗ ਦਰਦ ਵਿਛੋੜੇ ਦਾ ਹਾਏ ਉਹ ਹੀ ਜਾਣੇਂ,  ਜਿਹੜਾ ਰਾਤ ਵਸਲ ਦੀ ਮਾਣਦਾ ਏ  ਬਿਨ ਤੇਰੇ ਵੇ ਕੀ ਕੀ ਗੁਜ਼ਰੀ,  ਬੱਸ ਮੇਰਾ ਹੀ ਦਿਲ ਇਹ ਜਾਣਦਾ ਏ। ਅੱਖੀਆਂ ਮਿਲਾਉਣੇ ਵਾਲਾ,  ਨੀਂਦਰਾਂ ਚੁਰਾ ਗਿਆ  ਇਸ਼ਕੇ ਦਾ ਰੋਗ ਮੇਰੇ,  ਹੱਡਾਂ ਤਾਈਂ ਲਾ ਗਿਆ ਕੀਤਾ ਏ ਪਿਆਰ ਚੰਨਾ, ਕੀਤਾ ਨਹੀਂ ਕਸੂਰ ਵੇ  ਦਿਲ ਦੇ ਤੂੰ ਨੇੜੇ ਨੇੜੇ, ਅੱਖੀਆਂ ਤੋਂ ਦੂਰ ਵੇ  ਦਰਦ ਜੁਦਾਈ ਵਾਲਾ, ਝੋਲ਼ੀ ਵਿੱਚ ਪਾ ਗਿਆ  ਇਸ਼ਕੇ ਦਾ ਰੋਗ ਮੇਰੇ ਹੱਡਾਂ ਤਾਈਂ ਲਾ ਗਿਆ ਹੰਝੂਆਂ ਦੇ ਸਾਗਰਾਂ `ਚ, ਨੈਣ ਮੇਰੇ ਡੁੱਬ ਗਏ  ਹਿਜਰਾਂ ਦੇ ਤੀਰ ਮੇਰੇ, ਕਾਲ਼ਜੇ `ਚ ਖੁੱਭ ਗਏ ਯਾਦਾਂ ਦੀ ਤੂੰ ਸੂਲ਼ੀ ਉਤੇ, ਮੈਨੂੰ ਲਟਕਾ ਗਿਆ  ਇਸ਼ਕੇ ਦਾ ਰੋਗ ...... ਸੋਹਲ ਜਿਹੀ ਜ਼ਿੰਦ ਨੂੰ ਤੂੰ, ਫਿਕਰਾਂ `ਚ ਪਾਈਂ ਨਾ  ਚਾਅ ਮੇਰੇ ਸੱਜਣਾਂ ਵੇ, ਮਿੱਟੀ `ਚ ਮਿਲਾਈਂ ਨਾ  ਜਾਪਦਾ ਤੂੰ ਜਿਵੇਂ ਸੇਜ ਸੂਲ਼ਾਂ ਦੀ ਵਿਛਾ ਗਿਆ  ਇਸ਼ਕੇ ਦਾ ਰੋਗ..... ਸਾਉਣ ਦਾ ਮਹੀਨਾ ਪਵੇ, ਅੰਬੀਆਂ ਨੂੰ ਬੂਰ ਵੇ  ਅਸੀਂ ਤਾਂ ‘ਕਮਲ` ਹੋਏ, ਬੈਠੇ ਮਜਬੂਰ ਵੇ  ਲੰਮੀਆਂ ਤਰੀਖਾਂ ‘ਕੰਗ` ਦੱਸ ਕਾਹਤੋਂ ਪਾ ਗਿਆ  ਇਸ਼ਕੇ ਦਾ ਰੋਗ... ੬ ਜੂਨ ੨੦੦੩ ਕਮਲ ਕੰਗ

ਆਦਤ - ਗੀਤ

ਆਦਤ ਫੁੱਲ ਕਿੰਨੇ ਹੋਰ ਮਧੋਲ਼ੇਂ ਗੀ ਦਿਲ ਕਿੰਨੇ ਹੋਰ ਤੂੰ ਤੋੜੇਂ ਗੀ ਕਿਹੜੇ ਅੰਬਰੀਂ, ਕਿਹੜੀ ਦੁਨੀਆਂ,  ਚੇ ਤੂੰ ਹੁਣ ਨੀ ਜਾ ਕੇ ਬਹਿ ਗਈ  ਤੈਨੂੰ ਨਾਲ ਦਿਲਾਂ ਦੇ ਖੇਡਣ ਦੀ,  ਕਿਉਂ ਆਦਤ ਪੈ ਗਈ… ਪਿਆਰ ਮੁਹੱਬਤ, ਤੇਰੇ ਲਈ ਤਾਂ,  ਲਫ਼ਜਾਂ ਤੋਂ ਵੱਧ ਕੁਝ ਵੀ ਨਹੀਂ  ਛੱਲੇ ਮੁੰਦੀਆਂ, ਵਾਅਦੇ ਕਸਮਾਂ,  ਕੀ ਉਹ ਮਨ ਪਰਚਾਵਾ ਸੀ?  ਆਪਣੇ ਸ਼ੌਂਕ ਅਵੱਲਿਆਂ ਦੇ ਲਈ,  ਹਾਸੇ ਸਾਡੇ ਖੋਹ ਕੇ ਲੈ ਗਈ  ਤੈਨੂੰ ਨਾਲ ਦਿਲਾਂ ਦੇ ਖੇਡਣ ਦੀ,  ਕਿਉਂ ਆਦਤ ਪੈ ਗਈ… ਜਾਣ ਲੱਗੀ ਇਹ, ਯਾਦ ਵੀ ਆਪਣੀ,  ਸਾਥੋਂ ਹਾਏ ਤੂੰ ਲੈ ਜੇ ਜਾਂਦੀ  ਸਾਰੀ ਜ਼ਿੰਦਗੀ, ਤੇਰੇ ਵਾਂਗਰ,  ਸਾਨੂੰ ਹੁਣ ਇਹ ਰਊ ਗੀ ਖਾਂਦੀ  ਹਾਰ ਗਏ ਸ਼ਤਰੰਜ ਅਸੀਂ ਤਾਂ,  ਇਸ਼ਕ ਦੀ ਬਾਜ਼ੀ ਤੂੰ ਹੀ ਲੈ ਗਈ  ਤੈਨੂੰ ਨਾਲ ਦਿਲਾਂ ਦੇ ਖੇਡਣ ਦੀ,  ਕਿਉਂ ਆਦਤ ਪੈ ਗਈ… ਕੱਲ ਸੀ ਤੇਰਾ, ‘ਕੰਗ’ ਦੇ ਨਾਮੇ,  ਅੱਜ ਹੋਣਾ ਕਿਸੇ ਹੋਰ ਦੇ ਨਾਮੇ  ਕੱਲ ਨੂੰ ਹੋਣੇ, ਹੋਰ ਸ਼ਿਕਾਰ ਦੇ,  ਤੇਰੇ ਪਿੰਜਰੇ ਤੇ ਸਿਰਨਾਮੇ  ਸਾਹਾਂ ਵਰਗੀਏ ਮੌਤ ਤੂੰ ਬਣਕੇ,  ਅੱਜ ‘ਕਮਲ’ ਦੀ ਹਿੱਕੇ ਬਹਿ ਗਈ  ਤੈਨੂੰ ਨਾਲ ਦਿਲਾਂ ਦੇ ਖੇਡਣ ਦੀ,  ਕਿਉਂ ਆਦਤ ਪੈ ਗਈ… ਕਮਲ ਕੰਗ 13 ਜੁਲਾਈ 2005