ਗੀਤ - ਤੁਸੀਂ ਹੁਣ ਓ ਨਾ ਰਹੇ…

 ਤੁਸੀਂ ਹੁਣ ਉਹ ਨਾ ਰਹੇ

 

1ਗੱਭਰੂ:

ਆਜਾ ਨੀ ਆ ਬਹਿਜਾ ਦੋ ਪਲ

ਕਹਿਜਾ ਨੀ ਤੂੰ ਕੋਈ ਹੀ ਗੱਲ

ਕਿੱਥੇ ਰਹਿੰਦੇ ਮਿਲੇ ਨੀ ਮੁੜ ਕੇ, ਕਿੱਥੇ ਰਹਿੰਦੇ ਮਿਲੇ ਨੀ ਮੁੜ,

ਬੜੇ ਚਿਰਾਂ ਬਾਦ ਦਿੱਤੀਆਂ ਦਿਖਾਲੀਆਂ

ਤੁਸੀਂ ਹੁਣ ਉਹ ਨਾ ਰਹੇ,

ਕਿਵੇਂ ਉੱਡੀਆਂ ਨੇ ਮੁਖੜੇ ਤੋਂ ਲਾਲੀਆਂ

ਤੁਸੀਂ ਹੁਣ…

1ਮੁਟਿਆਰ:

ਖਤਮ ਪਿਆਰ ਕਹਾਣੀ ਹੋਈ

ਮੈਂ ਤਾਂ ਸੱਜਣਾ ਜਿਉਂਦੀ ਮੋਈ

ਮੇਰੇ ਘਰਦਿਆਂ ਗੱਲ ਚਲਾ ਕੇ, ਮੇਰੇ ਘਰਦਿਆਂ ਗੱਲ ਚਲਾ,

ਦਿੱਤਾ ਮੇਰੇ ‘ਨ ਕਨੇਡੀਆ ਵਿਆਹ

ਆਪ ਤਾਂ ਉਹ ਮੁੜ ਵੇ ਗਿਆ,

ਮੈਨੂੰ ਲੈਣ ਵੀ ਉਹ ਕਦੀ ਆਇਆ ਨਾ

ਆਪ ਤਾਂ …

2ਗੱਭਰੂ:

ਡੀ ਏ ਵੀ ‘ਚ ਆਪਾਂ ਜਦ, ਪੜ੍ਹਦੇ ਨੀ ਹੁੰਦੇ ਸੀ

ਮੁਖੜੇ ਦੇ ਰੰਗ ਹੁੰਦੇ, ਹਾਸਿਆਂ ‘ਚ ਗੁੰਦੇ ਸੀ

ਅੱਜ ਚਿਹਰਾ ਏ ਉਦਾਸ, ਜਿਵੇਂ ਕਿਸੇ ਸ਼ੈਅ ਦਾ ਵਾਸ

ਤੇਰੇ ਮੁਖੜੇ ਤੇ ਲੱਖ ਪਰੇਸ਼ਾਨੀਆਂ

ਤੁਸੀਂ ਹੁਣ ਉਹ ਨਾ ਰਹੇ,

ਕਿਵੇਂ ਉੱਡੀਆਂ ਨੇ ਮੁਖੜੇ ਤੋਂ ਲਾਲੀਆਂ

ਤੁਸੀਂ ਹੁਣ…

2ਮੁਟਿਆਰ:

ਯਾਦ ਨਾ ਕਰਾ ਵੇ ਮੈਨੂੰ, ਦਿਨ ਬੀਤੇ ਪਿਛਲੇ ਵੇ

ਮੈਨੂੰ ਪਤਾ ਚਾਰ ਸਾਲ, ਹੁਣ ਕਿੱਦਾਂ ਨਿਕਲ਼ੇ ਵੇ

ਕੀਤਾ ਦਿਲੋਂ ਮੈਂ ਪਿਆਰ, ਲਿਖੇ ਖ਼ਤ ਮੈਂ ਹਜ਼ਾਰ

ਉਹਨੇ ਇੱਕ ਵੀ ਜਵਾਬ ਪਾਇਆ ਨਾ

ਆਪ ਤਾਂ ਉਹ ਮੁੜ ਵੇ ਗਿਆ,

ਮੈਨੂੰ ਲੈਣ ਵੀ ਉਹ ਕਦੀ ਆਇਆ ਨਾ

ਆਪ ਤਾਂ …

3ਗੱਭਰੂ:

ਓਸ ਪੰਛੀ ਪਰਦੇਸੀ ਦਾ ਤੂੰ, ਕੀਤਾ ਇਤਬਾਰ ਕਾਤ੍ਹੇ

ਕਿਉਂ ਦਿਲ ਵਾਲੇ ਖੇਤ, ਉਹਦੇ ਨਾਮ ਤੂੰ ਕਰਾਤੇ

ਕਦੇ ਫੇਰਾ ਨਹੀਂ ਪਾਉਂਦੇ, ਕਦੇ ਵਫਾ ਨਹੀਂ ਕਮਾਉਂਦੇ

ਲਾਏ ਪਿਆਰ ਤੇ ਨਿਸ਼ਾਨ ਨੇ ਸਵਾਲੀਆ

ਤੁਸੀਂ ਹੁਣ ਉਹ ਨਾ ਰਹੇ,

ਕਿਵੇਂ ਉੱਡੀਆਂ ਨੇ ਮੁਖੜੇ ਤੋਂ ਲਾਲੀਆਂ

ਤੁਸੀਂ ਹੁਣ…

3ਮੁਟਿਆਰ:

ਕਰਦੀ ਕੀ ਦੱਸ ਵੇ ਮੈਂ, ਹੋ ਗਈ ਮਜ਼ਬੂਰ ਸੀ

ਘਰ ਦੀ ਗਰੀਬੀ ਅੱਗੇ, ਮਾਪੇ ਚੂਰ ਚੂਰ ਸੀ

ਆਇਆ ਸੀ ਖਿਆਲ ਤੇਰਾ, ਚੱਲਿਆ ਨਾ ਵੱਸ ਮੇਰਾ

ਪਰ ਦਿਲੋਂ ਤੈਨੂੰ ਮੈਂ ਤਾਂ ਭੁਲਾਇਆ ਨਾ

ਆਪ ਤਾਂ ਉਹ ਮੁੜ ਵੇ ਗਿਆ,

ਮੈਨੂੰ ਲੈਣ ਵੀ ਉਹ ਕਦੀ ਆਇਆ ਨਾ

ਆਪ ਤਾਂ …

4ਗੱਭਰੂ:

ਲੱਭ ਕੇ ਨੀਂ ਮਾਹੀ ਤੇਰਾ, ਪਾਉਨੇ ਆਂ ਨੀਂ ਓਹਦਾ ਮੋੜਾ

ਰੱਬ ਤੇ ਤੂੰ ਰੱਖ ਡੋਰੀ, ਕਰ ਨਾ ਤੂੰ ਦਿਲ ਥੋੜਾ

ਸੁਣਿਆ ਸੀ ਬੜਾ ਚੰਗਾ, ਆਖਦਾ ਸੀ ਹਰ ਬੰਦਾ

ਲੌਂਦਾ ਸ਼ਿਫਟਾਂ ਉਹ ਹੋਣਾ ਹੁਣ ਬਾਹਲੀਆਂ

ਤੁਸੀਂ ਹੁਣ ਉਹ ਨਾ ਰਹੇ,

ਕਿਵੇਂ ਉੱਡੀਆਂ ਨੇ ਮੁਖੜੇ ਤੋਂ ਲਾਲੀਆਂ

ਤੁਸੀਂ ਹੁਣ…

4ਮੁਟਿਆਰ:

ਮੇਰੇ ਸਿਰ ਉੱਤੇ ਵੇ ਤੇਰੇ, ਅੱਗੇ ‘ਕੰਗ’ ਅਹਿਸਾਨ ਬੜੇ

ਏਸ ਜਨਮ ਤਾਂ ਸਾਰੇ ਹੀ, ਰਹਿਣੇ ਨੇ ਇਹ ਇੰਝ ਖੜੇ

ਮੈਨੂੰ ਮਾਹੀ ‘ਨ ਮਿਲਾ ਦੇ, ਰਹਿੰਦੇ ਫਰਜ਼ ਨਿਭਾ ਦੇ

ਓਹਨੂੰ ਆਖੀਂ ਕਦੀ ਹਾਸਾ ਭਾਇਆ ਨਾ

ਆਪ ਤਾਂ ਉਹ ਮੁੜ ਵੇ ਗਿਆ,

ਮੈਨੂੰ ਲੈਣ ਵੀ ਉਹ ਕਦੀ ਆਇਆ ਨਾ

ਆਪ ਤਾਂ …

 

ਕਮਲ ਕੰਗ ੧੪ ਅਕਤੂਬਰ ੨੦੦੬

© ਕਮਲ ਕੰਗ

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....