Posts

ਕਵਿਤਾ: ਮਾਂ......

ਮਾਂ ਮਾਂ ਦਾ ਰੁਤਬਾ ਹੈ ਸਭ ਤੋਂ ਉਚਾ, ਮਾਂ ਦਾ ਰਿਸ਼ਤਾ ਹੈ ਸਭ ਤੋਂ ਸੁੱਚਾ। ਮਾਂ ਜੀਵਨ ਦਾਤੀ ਏ ਜੀਵਨ ਦੇਵੇ, ਕੋਮਲ ਮਮਤਾ ਤਾਂ ਜਿਉਂ ਸੁੱਚੇ ਮੇਵੇ। ਮਾਂ ਦਾ ਦਿਲ ਸਦਾ ਦਏ ਅਸੀਸਾਂ ਬੱਚਿਆਂ ਲਈ ਝੱਲਦੀ ਤਕਲੀਫਾਂ। ਬੱਚਿਆਂ ਲਈ ਸਦਾ ਜਾਨ ਵਾਰਦੀ, ਜੋ ਦੁੱਖਾਂ ਵਿੱਚ ਨਾ ਕਦੇ ਹਾਰਦੀ। ਮਾਂ ਤਾਂ ਘਰ ਵਿੱਚ ਹੈ ਇੱਕ ਮੰਦਿਰ, ਸਵਰਗ ਹੈ ਮਾਂ ਦੀ ਬੁੱਕਲ ਅੰਦਰ। ਮਾਂ ਦਾ ਪਿਆਰ ਜੋ ਖੁਦ ਠੁਕਰਾਉਂਦੇ, ਉਹ ਏਸ ਜੱਗ ਨੂੰ ਕਦੇ ਨਾ ਭਾਉਂਦੇ। ਜੋ ਆਪਣਾ 'ਕੰਗ' ਫਰਜ਼ ਨਿਭਾਉਂਦੇ, ਜੱਗ ਵਿੱਚ ਉਹ ਸਦਾ ਸੋਭਾ ਪਾਉਂਦੇ।।

ਕਵਿਤਾ: ਰੱਖੜੀ....

ਰੱਖੜੀ ਭੈਣ ਵੀਰ ਲਈ ਕਰੇ ਦੁਆਵਾਂ, ਨਾ ਲੱਗਣ ਤੈਨੂੰ ਤੱਤੀਆਂ ਹਵਾਵਾਂ, ਖੁਸ਼ੀਆਂ ਮਾਣੇਂ ਲੰਮੀ ਜ਼ਿੰਦਗੀ, ਦੂਰ ਵੇ ਤੈਥੋਂ ਰਹਿਣ ਬਲਾਵਾਂ। …………… ਵੀਰ ਕਰੇ ਰੱਬ ਨੂੰ ਅਰਜੋਈ, ਭੈਣ ਬਿਨਾਂ ਨਾ ਕੋਈ ਖੁਸ਼ਬੋਈ, ਰੱਬਾ ਮਾਪੇ ਸਮਝ ਲੈਣ ਜੇ, ਕੁੱਖ ਵਿੱਚ ਭੈਣ ਮਰੇ ਨਾ ਕੋਈ। …………… ਰੱਖੜੀ ਦਾ ਦਿਨ ਜਦ ਵੀ ਆਉਂਦਾ, ਭੈਣ ਭਰਾ ਦਾ ਪਿਆਰ ਵਧਾਉਂਦਾ, ਵਿਛੜੇ ਵੀਰ ਤੇ ਭੈਣਾਂ ਨੂੰ ਵੀ, ਇਹ ਦਿਨ ਖੁਸ਼ੀਆਂ ਨਾਲ ਮਿਲਾਉਂਦਾ। ……………

ਸ਼ਿਅਰ....

ਸ਼ਿਅਰ ਵਸਦੀਆਂ ਰਹਿਣ ਵੇ ਧੀਆਂ ਰੱਬਾ, ਕੋਮਲ ਕਲੀਆਂ ਖਿਲਦੀਆਂ ਰਹਿਣ। ਹਾਸਿਆਂ ਭਰੀਆਂ ਮੋਹ ਦੀਆਂ ਗੱਲਾਂ, ਇਨ੍ਹਾਂ ਦੇ ਮੁੱਖ ਤੇ ਛਿੜਦੀਆਂ ਰਹਿਣ, ਇਨ੍ਹਾਂ ਦੇ ਮੁੱਖ 'ਚੋਂ ਕਿਰਦੀਆਂ ਰਹਿਣ।।

ਸ਼ਿਅਰ.....

ਸ਼ਿਅਰ ਮੌਤ ਨੂੰ ਚਿੱਤ ਦੇ ਵਿੱਚ ਰੱਖੀਏ ਜੇ, ਸਾਹਵਾਂ ਦਾ ਕੀ ਹੁੰਦਾ ਏ, ਮੰਜ਼ਿਲ ਨੂੰ ਨਾ ਭੁੱਲੀਏ ਸੱਜਣਾ, ਰਾਹਵਾਂ ਦਾ ਕੀ ਹੁੰਦਾ ਏ, ਭਾਵੇਂ ਵਸੀਏ ਕੋਹਾਂ ਦੂਰ ਤੇ, ਓਹਲੇ ਰਹੀਏ ਅੱਖੀਆਂ ਤੋਂ, ਦਿਲ ਤੋਂ ਦੂਰ ਨਾ ਹੋਈਏ ਵੇ 'ਕੰਗ', ਥਾਵਾਂ ਦਾ ਕੀ ਹੁੰਦਾ ਏ, ਥਾਵਾਂ ਦਾ ਕੀ ਹੁੰਦਾ ਏ।।

ਨਜ਼ਮ: ਅਮਰ ਰੂਹਾਂ......

ਕਵਿਤਾ: ਅਮਰ ਰੂਹਾਂ ਉਹ ਮੇਰੇ ਵੱਲ ਵੇਖਦੀ, ਮੁਸਕਰਾਉਂਦੀ ਹੈ, ਤੇ ਹੁਣੇ ਹੀ ਪਲ ਵਿੱਚ ਅੱਖਾਂ ਲਾਲ ਕਰ ਮੁੱਖ ਤੇ ਲੋਹੜੇ ਦੀ ਲਾਲੀ ਲਿਆ ਗੁੱਸੇ ਭਰਿਆ ਅੰਦਾਜ਼ ਬਣਾ, ਤੱਕਣ ਲਗਦੀ ਹੈ। ……… ਮੈਂ ਤਾਂ ਸਿਰਫ ਉਸਨੂੰ ਇੰਨਾ ਹੀ ਕਿਹਾ ਸੀ ਕਿ, ਸੁਣ! “ਦਿਲ ਦੀ ਗੱਲ ਕਹਿਣ ਲੱਗਾ ਹਾਂ, ਅੱਜ ਤੈਨੂੰ ਮੁਦੱਤ ਬਾਅਦ ” ਬਿਨਾਂ ਸ਼ਬਦਾਂ ਤੋਂ ‘ਹਾਂ’ ਵਿੱਚ ਸਿਰ ਹਿਲਾਉਂਦੀ ਨੇ ਗੱਲ ਕਰਨ ਦਾ ਇਸ਼ਾਰਾ ਕੀਤਾ ਸੀ। ……… “ਮੈਨੂੰ ਰੂਹਾਂ ਦਿਸਦੀਆਂ ਨੇ” ਮੇਰੇ ਇੰਨਾ ਕਹਿਣ ਬਾਅਦ ਉਸ ਨੇ ਇੰਨਾ ਸੁਣਨ ਬਾਅਦ “ਕਿੱਥੇ?” ਜਰੂਰ ਕਿਹਾ ਸੀ… “ਮੇਰੀ ਲਾਇਬਰੇਰੀ ਵਿੱਚ” ਜਦੋਂ ਇਹ ਬੋਲ ਮੈਂ ਕਹੇ ਸੀ ਤਾਂ, ਉਸਦੇ ਨੈਣ ਕਟੋਰੇ ਖਾਰੇ ਹੰਝੂਆਂ ਨਾਲ ਉਪਰ ਤੱਕ ਭਰੇ, ਛਲਕ ਰਹੇ ਸਨ। ……… “ਕੀ ਤੂੰ ਹੁਣ ਇਨ੍ਹਾਂ ਨਾਲ ਰਲ਼ਣਾ ਚਾਹੁੰਦਾ ਏਂ?” ਸਵਾਲ ਹਵਾ ਦੀਆਂ ਲਹਿਰਾਂ ਪਾਰ ਕਰ ਕੇ ਕੰਨਾਂ ਤੱਕ ਪੁੱਜ ਚੁੱਕਾ ਸੀ। “ਹਾਂ” ਇੰਨਾ ਹੀ ਕਹਿ ਸਕਿਆ ਸਾਂ ਉਸਨੂੰ। ……… “ਇਹ ਉਮਰਾਂ ਦੀ ਸਾਧਨਾ ਦਾ ਫਲ਼, ਤੂੰ ਬਿੰਦ ਝੱਟ ਵਿੱਚ ਪਾਉਣਾ ਚਾਹੁੰਨਾ ਏਂ? ” ਸਵਾਲਾਂ ਦੀ ਝੜੀ ਲਾਈ ਜਾ ਰਹੀ ਸੀ ਉਹ। “ਹਾਂ” ਮੈਂ ਡਰਦੇ ਡਰਦੇ ਆਖਿਆ ਸੀ। “ਇਹ ਕਿੰਝ ਹੋ ਸਕਦਾ ਏ?” ਨਵਾਂ ਪ੍ਰਸ਼ਨ ਸੀ ਮੇਰੇ ਲਈ। “ਤੇਰੇ ਹੁੰਦਿਆਂ ਹੋਇਆਂ ਵੀ ਨਹੀਂ?” ਉਲਟਾ ਉਸ ਨੂੰ ਪੁੱਛਿਆ ਸੀ ਮੈਂ। “ਸ਼ਾਇਦ…” ‘ਕਲਮ’ ਦਾ ਜਵਾਬ ਸੀ।

ਨਜ਼ਮ: ਰੇਤ ਅਤੇ ਰੱਤ....

ਰੇਤ ਅਤੇ ਰੱਤ ਕੀ ਰੇਤ ਵੀ ਆਪਣੀ ਰੱਤ ਪੀਂਦੀ ਏ? ਜਿਉਂ ਨੈਣ ਆਪਣੇ ਹੰਝੂ ਆਪ ਹੀ ਪੀਂਦੇ ਨੇ! ਇਰਾਕ ਦੀ ਰੇਤ ਪੰਜਾਬ ਦੀ ਰੇਤ ਅਫ਼ਗਾਨਿਸਤਾਨ ਦੀ ਰੇਤ ਵੀਅਤਨਾਮ ਦੀ ਰੇਤ ਪਤਾ ਨਹੀਂ ਕਿੱਥੋਂ ਕਿੱਥੋਂ ਦੀ ਰੇਤ! ਜ਼ਾਲਮ ਤੇ ਜੰਗ ਦਾ ਮੇਲ਼, ਮਜ਼ਲੂਮ ਦੀ ਮੌਤ ਦਾ ਖੇਲ ਤੇ ਜਦੋਂ ਵੀ, ਸ਼ਾਤ ਵਸਦੀ ਜਗ੍ਹਾ ਦੀ ਰੇਤ ਦਾ, ਪਿਆ ਜ਼ਾਲਮ ਨਾਲ ਗੂੜ੍ਹਾ ਸਬੰਧ ਤੇ ਉਦੋਂ ਹੀ ਹੋ ਜਾਂਦਾ ਏ, ਮਿੱਟੀ ਵਿੱਚ ਰੁਲ਼ਦੀਆਂ ਲਾਸ਼ਾਂ ਦੇ ਲਹੂ ਦਾ, ਰੇਤ ਵਲੋਂ ਪੀਣ ਦਾ ਪ੍ਰਬੰਧ। ਇਹ ਕਿੰਨੀ ਕੁ ਹੋਰ ਪਿਆਸੀ? ਸੋਚਦਾ ਹਾਂ ਤੇ ਬੱਸ ਉਦਾਸੀ ਹੀ ਉਦਾਸੀ ਤੇ ਇੰਨੇ ਹੀ ਚਿਰ 'ਚੇ, ਕਿਸੇ ਦੀ ਜੀਵਨ ਤੋਂ ਖ਼ਲਾਸੀ? ਰੇਤ ਵਿੱਚੋਂ ਅਵਾਜ਼ ਆਈ ਆਦਮ ਬੋ! ਆਦਮ ਬੋ! ਮਨੁੱਖਤਾ ਦੇ ਮਾਸ ਨਾਲੋਂ ਨਾ ਹੋਰ ਚੰਗੀ ਕੋਈ ਖ਼ੁਸ਼ਬੋਅ! ਮੌਤ ਵੀ ਕਤਲ ਹੋ ਗਈ ਜ਼ਿੰਦਗੀ ਅਪੰਗ ਹੋ ਗਈ ਪਰ ਰੇਤ ਅਜੇ ਵੀ ਪਿਆਸੀ? ਇਹ ਜਨਮਾਂ ਦੀ ਪਿਆਸ ਇਸ ਦੀ ਪਤਾ ਨਹੀਂ ਕਦੋਂ ਬੁਝਣੀ ਏ? ਰੇਤ ਅਤੇ ਰੱਤ ਦੀ ਯਾਰੀ ਪਤਾ ਨਹੀਂ ਕਿੰਨਾ ਚਿਰ ਅਜੇ ਹੋਰ ਨਿਭਣੀ ਏ? ਹਾਏ ਕਦੇ ਤਾਂ, ਮਨੁੱਖਤਾ ਦੀ ਸੋਚ ਜਾਗੇ, ਹਾੜੇ! ਹਾੜੇ! ਰੱਬ ਖੈਰ ਕਰੇ ਕਦੇ ਤਾਂ ਮਨੁੱਖ, ਮਨੁੱਖਤਾ ਦੇ ਦਿਲ 'ਚੋਂ ਦੂਰ ਵੈਰ ਕਰੇ! ਆਮੀਨ!!

ਨਜ਼ਮ: ਸੱਚ ਦੀ ਲਾਸ਼....

ਸੱਚ ਦੀ ਲਾਸ਼ ਸ਼ਾਇਦ, ਥੋੜੇ ਜਿਹੇ ਸਾਹ ਤਾਂ ਅਜੇ ਬਚੇ ਹੋਏ ਹੀ ਹੋਣਗੇ? ਪਰ ਨਹੀਂ, ਮੈਂ ਗਲਤ ਹੀ ਸੋਚਦਾ ਸੀ! ‘ਸੱਚ ਮਰ ਗਿਆ ਹੈ’ ਪਰ ਫਿਰ ਵੀ, ਪਤਾ ਨਹੀਂ ਕਿਉਂ? ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ। ਐਪਰ ‘ਝੂਠ’ ਉੱਚੀ ਉੱਚੀ ਚੀਕ ਰਿਹਾ ਹੈ ਕਿ “ਮੈਥੋਂ ਸਿਵਾ ਕੋਈ ਨਹੀਂ ਹੈ ਇੱਥੇ ਹੁਣ, ਸਭ ਨੂੰ ਹੱਥੀਂ ਮਾਰਿਆ ਹੈ ਮੈਂ, ਮੁਹੱਬਤ, ਇਮਾਨ, ਯਕੀਨ, ਸੱਚ ਆਦਿ ਸਭ ਕੁਝ ਹੋਰ ਵੀ, ਜੋ ਇਨਸਾਨ ਬਣਨ ਲਈ ਲੋੜੀਂਦੇ ਨੇ, ਤੂੰ ਕਿੰਨਾ ਵੀ ਕਿਸੇ ਨੂੰ ਇਹ ਸਿੱਧ ਕਰ ਕਿ ਇਹ ਸਭ ਧਰਤੀ ਤੇ ਹੈ, ਪਰ ਨਹੀਂ, ਤੇਰੀ ਗੱਲ ਕੋਈ ਨਹੀਂ ਸੁਣੇਗਾ।” “ਮੇਰੀ ਗੱਲ ਮੰਨ” ‘ਝੂਠ’ ਅਜੇ ਵੀ ਆਪਣੀ ਤਕਰੀਰ ਜਾਰੀ ਰੱਖ ਰਿਹਾ ਹੈ, “ਮੈਂ ਸੱਚ ਦੀ ਲਾਸ਼ ਆਪ ਆਪਣੇ ਹੱਥੀਂ ਦਫਨ ਕੀਤੀ ਹੈ।” ਪਰ ਪਤਾ ਨਹੀਂ ਕਿਉਂ? ਮੇਰੀ ਆਸ ਦੀ ਕਿਰਨ ਅਜੇ ਵੀ ਸਹਿਕਦੀ ਹੈ ਕਿ ਸ਼ਾਇਦ, ਸੱਚ ਦਾ ਕਤਰਾ, ਸਮੁੰਦਰ ਬਣਨ ਲਈ ਆਦਮੀ ਦੀ ਕੁੱਖ ਵਿੱਚ ਅਜੇ ਵੀ ਸ਼ਾਇਦ ਮਚਲ ਰਿਹਾ ਹੋਵੇ ਆਪਣੀ ਲਾਸ਼ ਨੂੰ ਜਿੰਦਗੀ ਵਿੱਚ ਬਦਲਣ ਦੀ ਤਾਕਤ ਰੱਖਦਾ ਹੋਵੇ!