Posts

ਨਜ਼ਮ: ਜੀਉਣ ਦਾ ਖਿਆਲ....

ਜੀਉਣ ਦਾ ਖਿਆਲ ਅੱਜ ਫੇਰ, ਦਿਲ ਕੀਤਾ, ਕਿ ਤੈਨੂੰ ਕੁਝ ਕਹਾਂ, ਜੋ ਚਿਰਾਂ ਦਾ ਅੰਦਰ ਹੀ ਅੰਦਰ ਮੇਰਾ ਆਪਾ ਖੋਰਦਾ ਰਿਹਾ ਸੀ! ਯਾਦ ਹੈ ਕਦੇ ਆਪਣਾ ਇਕੱਠਿਆਂ ਦਾ, ਸੁਪਨੇ ਨੂੰ ਅੱਖ ਦੇ ਕੈਮਰੇ 'ਚ ਕੈਦ ਕਰਨਾ ਖਲਾਅ ਵਿੱਚ ਬਿਨ ਪਰਾਂ ਤੋਂ ਤਰਨਾ ਨੀਂਦ ਨੂੰ ਅੱਖਾਂ 'ਚ ਭਰ ਕੇ ਖਰਨਾ ਜੀਂਦੇ ਜੀਅ ਕਦੀ ਕਦੀ ਮਰਨਾ ਕਦੀ ਬਹੁਤ ਦੂਰ ਆਪੇ ਤੋਂ ਚਲੇ ਜਾਣਾ, ਵਾਪਸ ਆ ਕੇ ਖਾਲੀ ਖਾਲੀ ਆਪੇ ਨੂੰ ਟੋਹਣਾ, ਅਧੂਰੇਪਣ ਜਿਹੇ ਨਾਲ ਭਖਦੇ ਜਿਸਮ ਨੂੰ ਛੋਹਣਾ। ਕਦੀ ਕਦੀ ਮਨ ਦਾ ਦੂਰ ਦਿਸਦੇ ਰੁੱਖ ਦੀ ਛਾਵੇਂ, ਬਹਿਣਾ ਲੋਚਣਾ ਕੱਲੇ ਹੋ ਕੁਝ ਸੋਚਣਾ 'ਕੱਠੇ ਹੋ ਕੁਝ ਸੋਚਣਾ ਪਰ ਦਿਲ ਦਾ ਰਾਜ਼ ਦਫ਼ਨ ਕਰਨਾ ਸਾਹਾਂ ਦੇ ਹੇਠਾਂ। ਕਦਮ ਨਾਲ ਕਦਮ ਮਿਲਾ, ਵਗਦੀ ਨਦੀ ਦੇ ਕੰਢੇ ਕੰਢੇ ਤੁਰਨਾ, ਤੁਰਨਾ ਜਾਂ ਭੁਰਨਾ, ਨੈਣਾਂ 'ਚ ਨੈਣ ਪਾ, ਵਾਪਸ ਮੁੜਨਾ। ਹਾਂ, ਯਾਦ ਆਇਆ, ਸੱਚ ਦੱਸੀਂ! ਤੂੰ ਉਸ ਦਿਨ ਮੇਰੇ ਤੋਂ ਓਹਲੇ ਹੋ ਕੇ ਏਸ ਨਦੀ ਨੂੰ ਕੀ ਕਿਹਾ ਸੀ? ਇਹ ਸੁੱਕ ਕਿਉਂ ਰਹੀ ਏ? ਇਹ ਮੁੱਕ ਕਿਉਂ ਰਹੀ ਏ? ਇਹ ਸਾਡੇ ਦੋਵਾਂ ਦੇ ਅੱਜ ਫੇਰ ਇੱਥੇ ਆਉਣ ਤੇ ਲੁਕ ਕਿਉਂ ਰਹੀ ਏ? ਸ਼ਾਇਦ ਤੇਰੇ ਬੋਲਣ ਤੋਂ ਪਹਿਲਾਂ, ਮਰਦੀ ਹੋਈ ਨਦੀ ਹੀ ਬੋਲ ਪਵੇ। ਜੇ ਆਪਾਂ ਆਪਣਾ ਸੁਪਨਾ ਇਸ ਨੂੰ ਦੇ ਦਈਏ, ਸ਼ਾਇਦ ਇਹਨੂੰ ਕੁਝ ਚਿਰ ਹੋਰ ਜੀਉਣ ਦਾ ਖਿਆਲ ਆ ਜਾਵੇ, ਹਾਂ ਸੱਚ, ਸ਼ਾਇਦ ਇਸਨੂੰ ਵੀ ਸੁਪਨੇ ਨੂੰ ਕੈਦ ਕਰਨ ਦਾ ਅਣਮੁੱਲਾ, ਅਣਛੋਹਿਆ, ਅਣਹੋਇਆ, ਅਨੋਖਾ ਕਮਾਲ ਆ ਜਾਵੇ! ਜੀਉਣ ਦਾ ਖਿਆਲ ਆ ਜਾਵੇ!!

ਨਜ਼ਮ: ਵਿਸ਼ਾਲਤਾ.....

ਵਿਸ਼ਾਲਤਾ ਸਮਿਆਂ ਤੋਂ ਜਿਹੜੀ ਕਸ਼ਮਕਸ਼, ਮੇਰੇ ਜਜ਼ਬਾਤ ਦੇ ਘੇਰੇ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਸੀ, ਉਹ ਅੱਜ ਕਾਮਯਾਬ ਹੋ ਗਈ ਏ! ਅੱਜ ਸੱਚ, ਮੇਰੇ ਮਨ ਦੀ ਦਹਿਲੀਜ਼ ਨੂੰ ਪਾਰ ਕਰਨ ਵਿੱਚ ਕਾਮਯਾਬ ਹੋ ਰਿਹਾ ਏ। ਲੈ ਸੁਣ, ਨਿਆਰੀ ਜ਼ਿੰਦਗੀ ਕਾਸ਼! ਤੂੰ ਬੁਝਾਰਤ ਨਾ ਹੋ ਕੇ ਖੁੱਲੀ ਕਿਤਾਬ ਹੁੰਦੀ! ਜਾਂ ਪੱਲਰਦੀ ਆਸ ਹੁੰਦੀ! ਹੋਰ ਸੁਣ, ਪਿਆਰੀ ਜ਼ਿੰਦਗੀ ਕਾਸ਼! ਤੂੰ ਚੁੱਪ ਦੀ ਚੀਕ ਨਾ ਹੋ ਕੇ, ਪ੍ਰੀਤ ਦਾ ਗੀਤ ਹੁੰਦੀ! ਜਾਂ ਸਾਹਾਂ ਦੀ ਪ੍ਰੀਤ ਹੁੰਦੀ! ਜਾਂ ਮਿੱਠਾ ਜਿਹਾ ਮੀਤ ਹੁੰਦੀ! ਪਰ ਭੁੱਲ ਕੇ ਕਦੀ ਵੀ ਰੀਤ ਨਾ ਹੁੰਦੀ! ਨਿਰੀ ਰੀਤ ਨਾ ਹੁੰਦੀ! ਬਲਕਿ  ਹਾਂ ਇਕ ਮਾਣਮੱਤਾ ਮੋਹ ਭਰਿਆ ਪਿਆਰਾ ਜਿਹਾ ਨਿਆਰਾ ਜਿਹਾ ਗੀਤ ਹੁੰਦੀ!

ਨਜ਼ਮ: ਲੋਹੇ ਦੀ ਕੁਰਸੀ.....

ਲੋਹੇ ਦੀ ਕੁਰਸੀ ਬੇਦੋਸ਼ੇ ਖ਼ੂਨ 'ਚੋਂ ਨਿੱਕਲੀਆਂ ਚੀਕਾਂ ਇਹ ਨਹੀਂ ਸੁਣਦੀ, ਲੋਹੇ ਦੀ ਕੁਰਸੀ ਜਿਉਂ ਹੋਈ। ਪਰ ਇਹ ਹੈ ਦੁਨਿਆਵੀ, ਮਜ਼ਲੂਮਾਂ ਤੇ ਹਾਵੀ, ਵਰਤਾਉਂਦੀ ਭਾਵੀ। ਲਗਭਗ! ਸਾਰੇ ਹੀ ਜੀਵਾਂ 'ਨ ਇਸਦਾ ਹੈ ਵੈਰ, ਇਹ ਨਹੀਂ ਮੰਗਦੀ ਕਿਸੇ ਦੀ ਖੈਰ! ਬੰਬਾਂ ਦੇ ਢੇਰਾਂ ਤੋਂ ਵਾਹਵਾ ਦੁਰ, ਸੁਰੱਖਿਅਤ, ਮਹਿਫ਼ੂਜ਼ ਹਥਿਆਰਾਂ 'ਚ ਘਿਰੀਓ ਅਰਾਮ ਫ਼ਰਮਾਅ ਰਹੀ ਹੈ। ਮਗਰ, ਮਜ਼ਲੂਮਾਂ ਦੀ ਹਿੱਕੜੀ ਤੇ ਡਾਹੀ ਗਈ ਏ, ਸਮੇਂ ਦੇ ਹਾਕਮ ਵਲੋਂ। ਹੌਕੇ, ਹੰਝੂ, ਹਾੜੇ ਨਹੀਂ ਪਿਘਲਾਅ ਸਕਦੇ ਇਸਨੂੰ, ਇਸਦਾ ਲੋਹਾ, ਟੈਂਕਾਂ ਅਤੇ ਬੰਬਾਂ ਦੇ ਲੋਹੇ ਨਾਲ ਹੂ-ਬਹੂ ਮਿਲਦਾ ਹੈ। ਵਹਿਸ਼ਤ, ਦਹਿਸ਼ਤ ਦਾ ਸੁਮੇਲ, ਖੂਨੀ, ਡਾਢੀ, ਬਗਾਨੀ ਲੋਹੇ ਦੀ ਕੁਰਸੀ! ਬੇਦਰਦ ਲੋਹੇ ਦੀ ਕੁਰਸੀ!!

ਕਵਿਤਾ: ਮਾਂ......

ਮਾਂ ਮਾਂ ਦਾ ਰੁਤਬਾ ਹੈ ਸਭ ਤੋਂ ਉਚਾ, ਮਾਂ ਦਾ ਰਿਸ਼ਤਾ ਹੈ ਸਭ ਤੋਂ ਸੁੱਚਾ। ਮਾਂ ਜੀਵਨ ਦਾਤੀ ਏ ਜੀਵਨ ਦੇਵੇ, ਕੋਮਲ ਮਮਤਾ ਤਾਂ ਜਿਉਂ ਸੁੱਚੇ ਮੇਵੇ। ਮਾਂ ਦਾ ਦਿਲ ਸਦਾ ਦਏ ਅਸੀਸਾਂ ਬੱਚਿਆਂ ਲਈ ਝੱਲਦੀ ਤਕਲੀਫਾਂ। ਬੱਚਿਆਂ ਲਈ ਸਦਾ ਜਾਨ ਵਾਰਦੀ, ਜੋ ਦੁੱਖਾਂ ਵਿੱਚ ਨਾ ਕਦੇ ਹਾਰਦੀ। ਮਾਂ ਤਾਂ ਘਰ ਵਿੱਚ ਹੈ ਇੱਕ ਮੰਦਿਰ, ਸਵਰਗ ਹੈ ਮਾਂ ਦੀ ਬੁੱਕਲ ਅੰਦਰ। ਮਾਂ ਦਾ ਪਿਆਰ ਜੋ ਖੁਦ ਠੁਕਰਾਉਂਦੇ, ਉਹ ਏਸ ਜੱਗ ਨੂੰ ਕਦੇ ਨਾ ਭਾਉਂਦੇ। ਜੋ ਆਪਣਾ 'ਕੰਗ' ਫਰਜ਼ ਨਿਭਾਉਂਦੇ, ਜੱਗ ਵਿੱਚ ਉਹ ਸਦਾ ਸੋਭਾ ਪਾਉਂਦੇ।।

ਕਵਿਤਾ: ਰੱਖੜੀ....

ਰੱਖੜੀ ਭੈਣ ਵੀਰ ਲਈ ਕਰੇ ਦੁਆਵਾਂ, ਨਾ ਲੱਗਣ ਤੈਨੂੰ ਤੱਤੀਆਂ ਹਵਾਵਾਂ, ਖੁਸ਼ੀਆਂ ਮਾਣੇਂ ਲੰਮੀ ਜ਼ਿੰਦਗੀ, ਦੂਰ ਵੇ ਤੈਥੋਂ ਰਹਿਣ ਬਲਾਵਾਂ। …………… ਵੀਰ ਕਰੇ ਰੱਬ ਨੂੰ ਅਰਜੋਈ, ਭੈਣ ਬਿਨਾਂ ਨਾ ਕੋਈ ਖੁਸ਼ਬੋਈ, ਰੱਬਾ ਮਾਪੇ ਸਮਝ ਲੈਣ ਜੇ, ਕੁੱਖ ਵਿੱਚ ਭੈਣ ਮਰੇ ਨਾ ਕੋਈ। …………… ਰੱਖੜੀ ਦਾ ਦਿਨ ਜਦ ਵੀ ਆਉਂਦਾ, ਭੈਣ ਭਰਾ ਦਾ ਪਿਆਰ ਵਧਾਉਂਦਾ, ਵਿਛੜੇ ਵੀਰ ਤੇ ਭੈਣਾਂ ਨੂੰ ਵੀ, ਇਹ ਦਿਨ ਖੁਸ਼ੀਆਂ ਨਾਲ ਮਿਲਾਉਂਦਾ। ……………

ਸ਼ਿਅਰ....

ਸ਼ਿਅਰ ਵਸਦੀਆਂ ਰਹਿਣ ਵੇ ਧੀਆਂ ਰੱਬਾ, ਕੋਮਲ ਕਲੀਆਂ ਖਿਲਦੀਆਂ ਰਹਿਣ। ਹਾਸਿਆਂ ਭਰੀਆਂ ਮੋਹ ਦੀਆਂ ਗੱਲਾਂ, ਇਨ੍ਹਾਂ ਦੇ ਮੁੱਖ ਤੇ ਛਿੜਦੀਆਂ ਰਹਿਣ, ਇਨ੍ਹਾਂ ਦੇ ਮੁੱਖ 'ਚੋਂ ਕਿਰਦੀਆਂ ਰਹਿਣ।।

ਸ਼ਿਅਰ.....

ਸ਼ਿਅਰ ਮੌਤ ਨੂੰ ਚਿੱਤ ਦੇ ਵਿੱਚ ਰੱਖੀਏ ਜੇ, ਸਾਹਵਾਂ ਦਾ ਕੀ ਹੁੰਦਾ ਏ, ਮੰਜ਼ਿਲ ਨੂੰ ਨਾ ਭੁੱਲੀਏ ਸੱਜਣਾ, ਰਾਹਵਾਂ ਦਾ ਕੀ ਹੁੰਦਾ ਏ, ਭਾਵੇਂ ਵਸੀਏ ਕੋਹਾਂ ਦੂਰ ਤੇ, ਓਹਲੇ ਰਹੀਏ ਅੱਖੀਆਂ ਤੋਂ, ਦਿਲ ਤੋਂ ਦੂਰ ਨਾ ਹੋਈਏ ਵੇ 'ਕੰਗ', ਥਾਵਾਂ ਦਾ ਕੀ ਹੁੰਦਾ ਏ, ਥਾਵਾਂ ਦਾ ਕੀ ਹੁੰਦਾ ਏ।।