Posts

ਕਵਿਤਾ: ਅਹਿਸਾਸ...

ਅਹਿਸਾਸ ਇਹ ਜ਼ਿੰਦਗੀ ਇਹ ਰਸਤਾ ਸਭ ਕੁਝ ਕੀ ਹੈ? ਇਕ ਤਾਣਾ-ਬਾਣਾ ਜਿਸ ਨੂੰ ਖੁਦ ਹੀ ਬੁਣਦਾ ਹਾਂ, ਆਪ ਹੀ ਚੁਣਦਾ ਹਾਂ, ਅੰਦਰੋਂ ਵੀ ਖੁਰਦਾ ਹਾਂ, ਬਾਹਰੋਂ ਵੀ ਭੁਰਦਾ ਹਾਂ, ਕਦੀ ਕਦੀ ਰੁਕਦਾ ਹਾਂ, ਪਲ ਪਿੱਛੋਂ ਤੁਰਦਾ ਹਾਂ..... ਅਹਿਸਾਸ ਨਾ ਹੋਵੇ ਤਾਂ, ਕੀ ਬਚਣਾ ਹੈ? ਜਜ਼ਬਾਤ ਨਾ ਹੋਵੇ ਤਾਂ, ਕੀ ਰਚਣਾ ਹੈ? ------------ (੧੮ ਅਕਤੂਬਰ ੨੦੦੭)

ਨਜ਼ਮ: ਸਾਹਸ...

ਸਾਹਸ ਤੇਰੇ ਦਿਲ ਨਾਲ ਜਦ ਦਿਲ ਵਟਾਇਆ ਸੀ, 'ਮੈਂ' ਤੋਂ 'ਤੂੰ' ਹੋ ਗਿਆ ਸੀ, ਉਸ ਦਿਨ ਤੋਂ ਹੀ ਤੇਰਾ ਖ਼ਾਦਿਮ, ਅੱਜ ਆਪਣੇ ਆਪ ਨੂੰ ਕੀ ਆਖਾਂ? ਮੇਰੀ ਸਮਝ ਤੋਂ ਬਾਹਰਾ ਹੈ ਸਭ ਕੁਝ, ਜੇ ਤੂੰ ਮੇਰੇ ਕੋਲ ਹੁੰਦੀ ਤਾਂ, ਸ਼ਾਇਦ ਆਪਣੀ ਹੋਂਦ ਦਾ ਮੈਨੂੰ ਵੀ ਕੁਝ ਅਹਿਸਾਸ ਹੁੰਦਾ! ਮੁੜ 'ਤੂੰ' ਤੋਂ 'ਮੈਂ' ਹੋਣ ਦਾ, ਸ਼ਾਇਦ ਮੇਰੇ ਵਿੱਚ ਵੀ, ਕੁਝ ਸਾਹਸ ਹੁੰਦਾ!!

ਕਵਿਤਾ: ਦੁਨੀਆਂ ਤੇ ਪਰਛਾਵਾਂ...

ਦੁਨੀਆਂ ਤੇ ਪਰਛਾਵਾਂ ਤੇਰੇ ਨੈਣਾਂ 'ਚਿ ਅੱਜ ਉਤਰ ਜਾਣ ਨੂੰ ਦਿਲ ਕਰਦਾ, ਤੇਰੇ ਬਾਝੋਂ ਸੱਜਣਾ ਮੇਰਾ ਜੀਅ ਮਰਦਾ ਜ਼ਿੰਦਗੀ ਵਾਂਗ ਝਨਾਂ ਦੇ ਮੈਨੂੰ ਅੱਜ ਲੱਗਦੀ, ਦਿਲ ਮੇਰਾ ਤਾਂ ਡੁੱਬਦਾ, ਡੁੱਬਦਾ ਹੈ ਤਰਦਾ ਮਨ ਚਾਹੁੰਦਾ ਏ ਤੈਨੂੰ ਬੱਸ ਵੇਖੀਂ ਜਾਵਾਂ, ਤੇਰੇ ਦਿਲ ਵਿੱਚ ਬਣ ਕੇ ਪੰਛੀ ਘਰ ਪਾਵਾਂ ਇਸ ਦੁਨੀਆਂ ਤੋਂ ਦੂਰ ਕਿਤੇ ਚਲ ਜਾ ਵਸੀਏ, ਦੋ ਦਿਲਾਂ ਦਾ ਝੱਲਦੀ ਨਾ ਇਹ ਪਰਛਾਵਾਂ।