Posts

ਕਵਿਤਾ: ਸੋਚ....

ਸੋਚ ਨਵੀਂ ਹਵਾ, ਨਵੇਂ ਸਾਹ, ਪਰ ਬੰਦਾ ਪੁਰਾਣਾ ਹੈ, ਭੇਸ ਵੀ ਪੁਰਾਣਾ ਹੈ ਪਰ ਓਹੋ ਹੀ ਟਿਕਾਣਾ ਹੈ। ਯਾਰ ਵੀ ਪੁਰਾਣੇ ਹਨ, ਕੰਮ ਵੀ ਪੁਰਾਣਾ ਹੈ, ਸੋਚ 'ਚੇ ਉਡਾਰੀ ਕਿਉਂਕਿ ਨਵਾਂ ਜ਼ਮਾਨਾ ਹੈ।।

ਕਵਿਤਾ: ਧਰਤ ਕਨੇਡਾ....

ਧਰਤ ਕਨੇਡਾ ਧਰਤ ਕਨੇਡਾ ਐਸੀ ਜਿਸ ਦੇ, ਫੁੱਲਾਂ ਵਿੱਚ ਖ਼ੁਸ਼ਬੋ ਹੀ ਨਹੀਂ। ਗ਼ੈਰਾਂ ਨਾਲ ਤਾਂ ਹੋਣਾ ਕੀ ਏ? ਸਕਿਆਂ ਨਾਲ ਵੀ ਮੋਹ ਹੀ ਨਹੀਂ। ਸਿੱਲ੍ਹੇ ਸਿੱਲ੍ਹੇ ਮੌਸਮ ਵਰਗੇ, ਜਿਸਮ ਵੀ ਸਿੱਲ੍ਹੇ ਹੋ ਗਏ ਨੇ, ਹਰ ਦਿਲ ਮੈਨੂੰ ਧੁਖਦਾ ਦਿਸਿਆ, ਮੱਚਦੀ ਕੋਈ ਲੋਅ ਹੀ ਨਹੀਂ। ਖੰਡ ਲਪੇਟੇ ਮਹੁਰੇ ਵਰਗੇ, ਮੁਖੜੇ ਹਰ ਥਾਂ ਫਿਰਦੇ ਨੇ, ਬੁੱਲ੍ਹਾਂ ਦੀ ਮੁਸਕਾਨ ਦੇ ਹੇਠੋਂ, ਫਿਕਰਾਂ ਦੀ ਕਨਸੋ ਹੀ ਨਹੀਂ। ਸਿਰ ਤੇ ਰੱਖਦਾ ‘ਹੈਟ’ ‘ਸਨੋਅ’ ਦੀ, ਤਹਿ ‘ਚੇ ਛੁਪਿਆ ਲਾਵਾ ਹੈ, ਆਦਮ ਹੈ ਜਾਂ ਇਹ ਹੈ ਪਰਬਤ, ਇਸ ਗੱਲ ਦੀ ਤਾਂ ਥਹੁ ਹੀ ਨਹੀਂ। ਮਹਿਕ ਵਿਹੂਣੇ ਫੁੱਲਾਂ ਵਿੱਚ ਦੱਸ, ਕਿੰਨਾ ਚਿਰ ਉਹ ਜਿਉਣਗੀਆਂ? ਤਿਤਲੀਆਂ ਨੂੰ ਖ਼ਬਰ ਕੀ ਹੋਣੀ? ਮਾੜੀ ਜਹੀ ਕਨਸੋ ਵੀ ਨਹੀਂ। ਫੁੱਲਾਂ ਦੀ ਸੰਭਾਲ਼ ਨਾ ਹੋਵੇ, ਮਾਲੀ ਬੇਵੱਸ ਹੋ ਗਏ ਨੇ, ਪੱਛਮੀ ਮੁਲਕਾਂ ਦੀ ਮਿੱਟੀ ਵਿੱਚ, ਮਮਤਾ ਭਰਿਆ ਮੋਹ ਹੀ ਨਹੀਂ। ਖੁਸ਼ੀਆਂ ਦੇ ਸਮੇਂ ਹਰ ਕੋਈ ਇੱਥੇ, ਆਪਣਾ ਬਣ ਬਣ ਬਹਿੰਦਾ ਏ, ਦੁੱਖ ਵੇਖ ਕੇ ਵਿੱਚ ਕਲੇਜੇ, ਪੈਂਦੀ ਕਿਸੇ ਦੇ ਖੋ ਹੀ ਨਹੀਂ। ਐਂਵੇ ਗਿਲਾ ਹੈ ਕਲਮ ਤੇਰੀ ਨੂੰ, ‘ਡਾਲਰ’ ਦੇ ਕਿਉਂ ਲਿਖੇ ਖ਼ਿਲਾਫ਼? ਘਰ ਆਏ ਨੂੰ ਦੇਵੇ ਨਿੱਘ ਜੋ, ਇਸ ਵਰਗੀ ਤਾਂ ਭੋਂ ਹੀ ਨਹੀਂ। ਕਦੀ ਕਦੀ ਜਜ਼ਬਾਤੀ ਖੂਹ ਵਿੱਚ, ਡੂੰਘਾ ਹੀ ‘ਕੰਗ’ ਲਹਿ ਜਾਨੈਂ, ਤੇਰੇ ਸ਼ਬਦਾਂ ਵਿੱਚ ਦਿਮਾਗੀ, ਚਿਣਗਾਂ ਦੀ ਤਾਂ ਲੋਅ ਹੀ ਨਹੀਂ।

ਨਜ਼ਮ: ਦੁਬਿਧਾ....

ਦੁਬਿਧਾ ਮਨੁੱਖ ਦੁਨੀਆ ਵਿੱਚ ਆਪਣੀ ਪਛਾਣ ਬਣਾਉਣੀ ਚਾਹੁੰਦਾ ਹੈ... ਕੀ ਨਹੀਂ ਕਰਦਾ? ਮਨੁੱਖ ਇਸ ਇੱਛਾ ਦੇ ਲਈ। ਚੰਗਾ ਬੁਰਾ ਹੋਰ ਤਾਂ ਹੋਰ ਮਨੁੱਖ, ਆਪਣੇ ਮਨੁੱਖ ਹੋਣ ਦੀ ਪਛਾਣ ਵੀ ਗੁਆ ਬਹਿੰਦਾ ਹੈ ਅਤੇ ਕਈ ਵਾਰ 'ਰੱਬ' ਦੀ ਪਛਾਣ ਵੀ ਕਮਾ ਲੈਂਦਾ ਹੈ! ........................ (੨੭ ਜੂਨ ੨੦੦੮)

ਨਜ਼ਮ: ਭਟਕਣ ਦਾ ਅੰਤ...

ਭਟਕਣ ਦਾ ਅੰਤ ਕੋਈ ਦੂਰ ਹੋਇਆ ਮੈਥੋਂ ਮੈਂ ਅਧੂਰਾ ਹੋ ਗਿਆ, .... -ਜੇ ਸੂਰਜ ਹੈਂ ਤੂੰ ਤਾਂ ਮੈਂ ਹਾਂ ਚੰਦ ਤੇਰੇ ਬਿਨਾ ਮੇਰਾ ਸਫ਼ਰ ਪਲ ਭਰ ’ਚੇ ਬੰਦ ਤੂੰ ਪਰਤਿਆ ਖਲਾਅ ਵਿੱਚ ਸਵੇਰਾ ਹੋ ਗਿਆ ਤੂੰ ਹੋਇਆ ਅੱਖੋਂ ਓਝਲ ਹਨੇਰਾ ਹੋ ਗਿਆ- .... ਆਖਰ ਕਿੰਨਾ ਚਿਰ ਜੀਉਂਦਾ, ਸਾਹਵਾਂ ਤੋਂ ਬਗੈਰ ਅੰਤ, ਮੈਂ ਪੂਰਾ ਹੋ ਗਿਆ।

ਕਵਿਤਾ: ਜ਼ਖ਼ਮੀ ਮਨੁੱਖਤਾ...

ਜ਼ਖ਼ਮੀ ਮਨੁੱਖਤਾ ਪਿਆਰ ‘ਚ ਪੈ ਗਿਆ, ਮੋਹ ਮਾਇਆ ਦਾ ਸੁਰਾਖ਼ ਹਰ ਪਾਸੇ ਜਦ ਵੇਖਾਂ, ਤਾਂ ਦਿਸੇ ਰਾਖ ਹੀ ਰਾਖ ਨਾ ਕੋਈ ਬਿਰਖ ਸਬੂਤਾ, ਤੇ ਨਾ ਹੀ ਕੋਈ ਸ਼ਾਖ ਇਹ ਸੰਸਾਰ ਚੋਂ ਸ਼ਾਂਤੀ, ਅੱਜ ਕਿਸ ਨੇ ਚੁਰਾਈ ? ਘਟਾ ਕਾਲ਼ੀ ਜ਼ੁਲਮ ਦੀ, ਕਿਉਂ ਰਹਿੰਦੀ ਹੈ ਛਾਈ ? ਮਨੁੱਖਤਾ ਵੀ ਹੈ ਜ਼ਖ਼ਮੀ, ਸੱਭਿਅਤਾ ਵੀ ਹੈ ਛਲਨੀ ਭੁੱਬੀਂ ਰੋਂਦੀ ਏ ਮਮਤਾ, ਤੇ ਬੁੱਕ ਬੁੱਕ ਰੋਵੇ ਜਣਨੀ ਸਾਡੀ ਕਹਿਣੀ ਏ ਹੋਰ, ਸਾਡੀ ਵੱਖਰੀ ਹੈ ਕਰਨੀ ਇਹ ਹਾਲਤ ਹੈ ਅੱਜ, ਅਸੀਂ ਖੁਦ ਹੀ ਬਣਾਈ ਤਾਂਹੀ ਦੁਖੀ ਏ ਆਲਮ, ਤਾਂਹੀਓ ਤੜਫੇ ਲੁਕਾਈ । ਹਰ ਬੰਦਾ ਹੀ ਬਾਰੂਦ ਦੇ, ਢੇਰ ਤੇ ਹੈ ਅੱਜ ਸੌਂਦਾ ਜੇ ਖਾਵੇ ਤਾਂ ਦਹਿਸ਼ਤ, ਦਹਿਸ਼ਤ ਹੀ ਗਾਉਂਦਾ ਭੈੜੇ ਛੱਰ੍ਹੇ ਬਾਰੂਦ ਦੇ, ਵਿੱਚ ਭਾਸ਼ਣ ਚਲਾਉਂਦਾ ਬੇਲੋੜੀ ਇਹ ਤਾਕਤ, ਮਨੁੱਖਤਾ ਤੇ ਅਜ਼ਮਾਈ ਖਾ ਕੇ ਠੋਕਰਾਂ ਹਜ਼ਾਰਾਂ, ਅਜੇ ਸਮਝ ਨਾ ਆਈ । ਜੀਹਦੀ ਸਾਜੀ ਇਹ ਦੁਨੀਆਂ, ਜਿਸ ਗੋਂਦ ਗੁੰਦਾਈ ਇਸ ਪੁਰਾਣੀ ਬਿਮਾਰੀ ਲਈ, ਹੈ ਉਹੀ ਦਵਾਈ ਸਾਰੇ ਕਣ ਕਣ ‘ਚੇ ਦੇਖੋਂ, ਜੇ ‘ਰੱਬ‘ ਦੀ ਪਰਛਾਈ ਤਾਂ ਮੁੱਕ ਜਾਣ ਝਗੜੇ, ‘ਕੰਗ‘ ਮੁੱਕ ਜਏ ਲੜਾਈ ਕਰਕੇ ਰੱਬ ਤੋਂ ਸ਼ੁਰੂ ਗੱਲ, ਜਾਏ ਰੱਬ ਤੇ ਮੁਕਾਈ ।

ਗ਼ਜ਼ਲ: ਸੱਜਣਾ ਪੈਸੇ ਨਾਲ਼....

ਸੱਜਣਾ ਪੈਸੇ ਨਾਲ਼....   ਸੱਜਣਾ ਪੈਸੇ ਨਾਲ਼ ਮਿਲੇ ਸਰਦਾਰੀ ਅੱਜ ਕਲ੍ਹ।  ਖਾਤੇ ਰੱਜੇ ਪੁੱਜੇ ਨੀਤ ਭਿਖਾਰੀ ਅੱਜ ਕਲ੍ਹ।   ਹਰ ਰਿਸ਼ਤੇ ਦੀ ਕੀਮਤ, ਵਿਕਦੀ ਮੁੱਲ ਜਵਾਨੀ,  ਰੂਹ ਦੇ ਸੌਦੇ ਕਰਦੇ ਨਿੱਤ ਵਪਾਰੀ ਅੱਜ ਕਲ੍ਹ।   ਥੋੜ੍ਹੀ ਹੋਰ ਕਮਾਈ ਜੀ ਬਸ ਥੋੜ੍ਹੀ ਹੀ ਹੋਰ,  ਏਦਾਂ ਕਰਦੇ ਕਰਦੇ ਰੁੜ੍ਹ ਜਾਏ ਸਾਰੀ ਅੱਜ ਕਲ੍ਹ।   ਗ਼ੈਰ ਲਈ ਉਹ ਰੱਖਦੇ ਨੇ ਦਰਵਾਜ਼ਾ ਖੁੱਲ੍ਹਾ,  ਮੈਨੂੰ ਤਕ ਕੇ ਕਰ ਲੈਂਦੇ ਬੰਦ ਬਾਰੀ ਅੱਜ ਕਲ੍ਹ।   ਖ਼ੂਨ ਜਵਾਨਾਂ ਦਾ ਨਸ਼ਿਆਂ ਨੇ ਡੀਕ ਲਿਆ ਹੈ,  ਜੋਬਨ ਰੁੱਤੇ ਵੀ ਨੇ ਰੰਗ ਵਸਾਰੀ ਅੱਜ ਕਲ੍ਹ।   ਦੋ ਅੱਖਰ ਕੀ ਲਿਖ ਲਏ ਸਮਝਣ ਲੱਗ ਪਿਆ ਏਂ,  ਆਪਣੇ ਆਪ ਨੂੰ ਵੱਡਾ 'ਕੰਗ' ਲਿਖਾਰੀ ਅੱਜ ਕਲ੍ਹ।

ਨਜ਼ਮ: ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ....

ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ.... ਅੱਜ ਤੋਂ ਨਹੀਂ ਹੁਣ ਤੋਂ ਹੀ... ਕੀ ਕਰਾਂ ਗਾ ਮੈਂ ਕਵਿਤਾ ਦਾ? ਕਿਸ ਨੂੰ ਲੋੜ ਹੈ ਇਹਨਾਂ ਚੁੱਪ ਚਾਪ ਕਾਗਜ਼ ਤੇ ਬੈਠੇ, ਸ਼ਬਦਾਂ ਦੀ। ਕਿੰਨੀ ਵਾਰ ਸਮਝਾਇਆ ਸੀ... ਏਸ ਮਨ ਨੂੰ ਏਸ ਕਲਮ ਨੂੰ ਏਸ ਕਾਗਜ਼ ਨੂੰ ਕਿ ਕਵਿਤਾ ਨਾਲ ਕਿਸੇ ਦਾ ਭੁੱਖਾ ਢਿੱਡ ਨਹੀਂਓ ਹੈ ਰੱਜਦਾ, ਕਵਿਤਾ ਨਾਲ ਕਿਸੇ ਦੇ ਸੀਨੇ 'ਚ ਕੱਚ ਵਾਂਗ ਉਤਰ ਚੁੱਕਾ ਦਰਦ ਕਦੋਂ ਨਿੱਕਲਦਾ ਹੈ? ਕਦੋਂ ਤੱਕ ਕਵਿਤਾ ਦੇ ਸਹਾਰੇ ਕੋਈ ਸਾਹ ਲੈਂਦਾ ਰਹੇਗਾ? ਕਵਿਤਾ ਕਿੰਨਾ ਕੁ ਚਿਰ ਸੱਚ ਦਾ ਸਾਥ ਦੇਵੇਗੀ? ਝੂਠ ਦੇ ਸ਼ਹਿਰ ਵਿੱਚ ਰਹਿ ਕੇ। ਕੀ ਕਰੇਗਾ ਕੋਈ ਏਸ ਕਵਿਤਾ ਦਾ? ਜੇਸ ਨੂੰ ਨਾ ਤਾਂ ਖਾਧਾ ਜਾ ਸਕਦਾ ਏ, ਅਤੇ ਨਾ ਹੀ ਪੀਤਾ, ਸ਼ਰਾਬ ਦੇ ਘੁੱਟ ਵਾਂਗ, ਕਵਿਤਾ ਜ਼ਹਿਰ ਥੋੜ੍ਹੋ ਹੈ ਜਿਹੜੀ ਸੁਖਾਲੀ ਪੀਤੀ ਜਾ ਸਕੇ। ਹੁਣ ਮੈਂ ਕਵਿਤਾ ਉਦੋਂ ਲਿਖਾਂਗਾ ਜਦੋਂ ਬੋਲੇ ਕੰਨ ਸੁਣਨ ਲੱਗ ਪਏ ਜਦੋਂ ਅੰਨ੍ਹੇ ਨੈਣ ਵੇਖਣ ਲੱਗ ਪਏ ਜਦੋਂ ਕੋਮੇ ਵਿੱਚ ਪਏ ਉੱਠ ਕੇ ਦੌੜਨ ਲੱਗ ਪਏ। ਜਦ ਤੱਕ ਅਸੰਭਵ ਸੰਭਵ ਨਹੀਂ ਹੁੰਦਾ, ਮੈਂ ਕਵਿਤਾ ਲਿਖਣੀ ਮੁਲਤਵੀ ਕਰ ਦਿੱਤੀ ਹੈ। ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ..... ----------------------------- (੧੮ ਅਪ੍ਰੈਲ ੨੦੦੮ ਸਵੇਰ ੦੨:੦੦)