Posts

ਨਜ਼ਮ-ਮਨੋਰਥ....

ਇਹ ਜ਼ਿੰਦਗੀ ਮਿਲ਼ੀ ਏ ਬੰਦਗੀ ਲਈ, ਆ ਇਸ ਨੂੰ ਯਾਰ ਨਿਭਾ ਲਈਏ ਕੁਝ ਖੱਟ ਲਈਏ, ਦਿਨ ਖੱਟਣ ਦੇ ਆ ਰੱਬ ਨਾਲ਼ ਨੈਣ ਮਿਲ਼ਾ ਲਈਏ ਤੁਰ ਜਾਵਾਂਗੇ, ਇਕ ਦਿਨ ਏਥੋਂ, ਜਿਓਂ ਖਾਲੀ ਹੱਥ ਅਸੀਂ ਆਏ ਸੀ ਆ ਯਾਰਾ ਉੱਠ ਹੁਣ ਕਰ ਹਿੰਮਤ, ਇਸ ਮਨ ਨੂੰ ਕੁਝ ਸਮਝਾ ਲਈਏ, ਗੱਲ ਅਸਲੀ ਹੁਣ ਸਮਝਾ ਲਈਏ!

ਨਜ਼ਮ-ਕੁਝ ਗੱਲਾਂ ਹੁੰਦੀਆਂ ਨੇ........

ਕੁਝ ਗੱਲਾਂ ਹੁੰਦੀਆਂ ਨੇ ਜੋ ਦਿਲ ਦੀ ਗਹਿਰਾਈ 'ਚ ਜਦ ਜਨਮਦੀਆਂ ਨੇ ਤਾਂ ਸੁਨਾਮੀ ਬਣ ਕੇ, ਪਰ ਮਰ ਜਾਂਦੀਆਂ ਨੇ ਇਹ ਕੁਝ ਗੱਲਾਂ, ਸ਼ਾਂਤ, ਦਮ ਤੋੜਦੀ ਹੋਈ ਲਹਿਰ ਵਾਂਗਰਾਂ, ਜਦ ਬੁੱਲ੍ਹਾਂ ਦੇ ਕੰਢਿਆਂ ਤੇ ਪੈਰ ਧਰਦੀਆਂ ਹਨ। ਮਨੁੱਖ ਸਾਰੀ ਜ਼ਿੰਦਗੀ ਉਨ੍ਹਾਂ ਦੀ ਲਾਸ਼ ਆਪਣੇ ਪਿੰਡੇ ਤੇ ਲੱਦੀ, ਅਹਿਸਾਸਾਂ ਨੂੰ ਦੱਬੀ, ਜਿਉਂਦਾ ਰਹਿੰਦਾ ਹੈ, ਮਰਿਆਂ ਹੋਇਆਂ ਵਾਂਗ!

ਨਜ਼ਮ-ਚੁੱਪ.....

ਲੰਮੀ ਚੁੱਪ ਤੋਂ ਬਾਅਦ ਜਦੋਂ ਮੈਂ ਉਸ ਨੂੰ "ਤੈਨੂੰ ਇਕ ਗੱਲ ਕਹਾਂ?" ਆਖਿਆ ਸੀ ਤਾਂ, "ਕਹਿ ਨਾ" ਕਹਿ ਕੇ ਉਸ ਹੁੰਗਾਰਾ ਭਰਿਆ ਸੀ। "........." ਪਰ ਮੇਰੀ ਚੁੱਪ ਕੋਲ਼, ਸਵਾਲ ਕਰਨ ਤੋਂ ਬਗੈਰ ਹੋਰ ਸ਼ਾਇਦ ਸ਼ਬਦ ਹੀ ਨਹੀਂ ਸਨ। ਮੈਂ ਚੁੱਪ ਰਿਹਾ.... ਉਹ ਵੀ ਚੁੱਪ ਰਿਹਾ। ਪਲ ਗੁਜ਼ਰੇ, ਮਹੀਨੇ ਗੁਜ਼ਰੇ, ਆਖ਼ਰ ਸਾਲ ਵੀ ਗੁਜ਼ਰ ਗਏ.... ਅੱਜ ਉਹ ਫਿਰ ਮਿਲ਼ਿਆ, ਹਵਾ ਦੇ ਆਖ਼ਰੀ ਬੁੱਲੇ ਵਾਂਗ... ਮੈਂ..... ਫਿਰ ਟਾਹਣੀਆਂ ਵਾਂਗ ਚੁੱਪ-ਚਾਪ ਖੜ੍ਹਾ ਰਿਹਾ ਤੇ ਉਹ ਮੇਰੇ ਕੋਲ਼ ਦੀ ਹੁੰਦਾ ਹੋਇਆ ਗੁਜ਼ਰ ਗਿਆ ਪਲਾਂ ਵਾਂਗ, ਮਹੀਨਿਆਂ ਵਾਂਗ, ਸਦੀਆਂ ਵਰਗੇ ਸਾਲਾਂ ਵਾਂਗ.....!