Posts

ਸ਼ਿਅਰ: ਰੋਕੀ ਬਹੁਤ ਮੈਂ ...

ਰੋਕੀ ਬਹੁਤ ਮੈਂ ਜਾਨ ਨਾ ਮੰਨੀਂ, ਕਰ ਗਈ ਤੋੜ ਵਿਛੋੜਾ, ਰੂਹ ਬਾਝੋਂ ਹੁਣ ਜਿਸਮ ਹੈ ਖਾਲੀ, ਲਾ ਗਈ ਦਿਲ ਨੂੰ ਝੋਰਾ, ਕਿਰਨ ਆਸ ਦੀ ਧੁੰਦਲੀ ਧੁੰਦਲੀ, ਸੋਚ ਨੂੰ ਲੱਗਿਆ ਖੋਰਾ, ਕੌਣ ਜਾਣੇ 'ਕੰਗ' ਦਿਲ ਦੀਆਂ ਗੱਲਾਂ, ਕਦ ਪਾਉਣਾ ਉਸ ਮੋੜਾ...।

ਨਜ਼ਮ: ਮਨੁੱਖੀ ਹੱਕ

ਮਨੁੱਖੀ ਹੱਕ ਮਨੁੱਖੀ ਹੱਕ ਏਥੇ ਰੱਖ .......... ਏਨਾ ਸੌਖਾ ਨਹੀਂ, ਜਿੰਨਾ ਕਹਿਣਾ ਲੱਗਦਾ ਹੈ। ਮਨਾਓ, ਇਹ ਦਿਨ ਮਨਾਓ ਦਸ ਦਸੰਬਰ ਹਰ ਸਾਲ ਆਉਂਦਾ ਹੈ, ਆਉਂਦਾ ਹੀ ਰਹਿਣਾ ਹੈ। ਪਰ ਮਨੁੱਖੀ ਹੱਕ? ਅਸੀਂ ਵੀ ਤਾਂ ਮੰਗਦੇ ਹੀ ਰਹਿਣਾ ਹੈ! ਸ਼ਰਮ ਜਿਹੀ ਆਉਂਦੀ ਹੈ, ਮਨੁੱਖ ਕੋਲੋਂ ਹੀ ਮਨੁੱਖੀ ਹੱਕ ਮੰਗਦੇ ਹੋਏ। ਕੀ ਮਨੁੱਖ ਮਨੁੱਖ ਵਿੱਚ ਵੀ ਫਰਕ ਹੈ? ਹਾਂ, ਤਾਂ ਹੀ ਤਾਂ ਕਈ ਹੱਸਦੇ ਹਨ ਕਈ ਰੋਂਦੇ ਹਨ ਕਈ ਜਾਗਦੇ ਹਨ ਕਈ ਸੌਂਦੇ ਹਨ .................. ਅੱਜ ਮਨ ਪਰੇਸ਼ਾਨ ਹੈ ਆਇਆ ਕੋਈ ਤੂਫ਼ਾਨ ਹੈ ਅੱਖਰ ਖਿੱਲਰ ਖਿੱਲਰ ਜਾਂਦੇ ਹਨ ਪਤਝੜ ਤਾਂ ਕਦੋਂ ਦੀ ਚਲੇ ਗਈ ਫਿਰ ਇਹ ਹਨੇਰੀ ਕਿਸ ਨੂੰ ਲੈ ਕੇ ਜਾ ਰਹੀ ਹੈ ਆਪਣੇ ਨਾਲ? ਸੋਚਦਾ ਹਾਂ...... ਸ਼ਾਇਦ ਮਨੁੱਖੀ ਹੱਕ ਹੋਣਗੇ! ਤੁਸੀਂ ਕੀ ਸੋਚਣ ਲੱਗ ਪਏ? ਚਲੋ ਜਾਰੀ ਰੱਖੋ ਦਸ ਦਸੰਬਰ ਦਾ ਦਿਨ ਮਨਾਉਣਾ .............. ਮਨੁੱਖੀ ਹੱਕ ਏਥੇ ਰੱਖ। (੧੦ ਦਸੰਬਰ ੨੦੦੭)

ਕਵਿਤਾ: ਹੁਣ ਗੈਰ ਤਾਂ....

ਹੁਣ ਗੈਰ ਤਾਂ ਇਕ ਪਾਸੇ ਹੁਣ ਗੈਰ ਤਾਂ ਇਕ ਪਾਸੇ, ਆਪਣੇ ਵੀ ਯਾਦ ਨਹੀਂ। ਜੋ ਦਿਲ ਵਿੱਚ ਸਾਂਭ ਲਵਾਂ, ਐਸਾ ਕੋਈ ਰਾਜ਼ ਨਹੀਂ। ਹਰ ਰਾਤ ਨੂੰ ਤੂੰ ਆਇਆ, ਲੈ ਕੇ ਸਲੀਬ ਜਦ ਵੀ ਜਦ ਡਰਿਆ ਮੈਂ ਹੋਵਾਂ, ਐਸਾ ਕੋਈ ਖਾਬ ਨਹੀਂ। ਮੈਂ ਤੇਰੇ ਤੋਂ ਸਦਾ ਹੀ, ਆਪਾ ਹੈ ਵਾਰਿਆ ਤੂੰ ਸਮਝਦਾ ਹੈ ਜੈਸਾ, ਮੈਂ ਐਸਾ 'ਪੰਜਾਬ' ਨਹੀਂ। ਜਿਨ੍ਹਾਂ ਚਿੜੀਆਂ ਨੂੰ ਸੀ ਕੋਹਿਆ, ਵਸਦੇ ਹੀ ਜੰਗਲ 'ਚੇ ਕੁਝ ਵੀ ਨਹੀਂ ਸਾਨੂੰ ਭੁੱਲਿਆ, ਕੀ ਤੁਸੀਂ ਉਹ ਬਾਜ਼ ਨਹੀਂ? ਛੱਡ ਹੋਰ ਹੁਣ ਉਲਝਣਾ, ਮੇਰੀ ਜ਼ੁਲਫ਼ ਨਾਗਣ ਨਾਲ ਇਹਦੇ ਜ਼ਹਿਰ ਨੂੰ ਜੋ ਮਾਰੇ, ਕੋਈ ਲੱਭਿਆ ਰਾਜ਼ ਨਹੀਂ। ਭਾਵੇਂ ਹਰ ਇਕ ਚਿਹਰਾ ਇੱਥੇ, ਹੈ ਚਿਹਰੇ ਥੱਲੇ ਲੁਕਿਆ ਜੋ ਜਮ ਤੋਂ ਮੁੱਖ ਛੁਪਾਏ, ਅਜਿਹਾ ਨਕਾਬ ਨਹੀਂ! ਛੱਡ ਕਾਗ਼ਜ਼ਾਂ ਨੂੰ ਐਂਵੇ, ਹੁਣ ਦੁੱਖੜੇ ਤੂੰ ਸੁਣਾਉਣਾ ਤੇਰੇ ਸ਼ਿਅਰਾਂ ਲਈ ਤਾਂ ਸ਼ਾਇਰ, ਕੋਈ ਦਿੰਦਾ ਦਾਦ ਨਹੀਂ। ਜਿਸ ਸ਼ਖ਼ਸ ਦੀ ਸੀ ਖ਼ਾਤਰ, ਕਦੀ ਆਪਣਾ ਆਪ ਮਿਟਾਇਆ ਉਹ ਆਖੇ 'ਕੰਗ' ਦੇ ਨਾਂ ਦੀ, ਕੋਈ ਪੁੱਛਦਾ ਬਾਤ ਨਹੀਂ।