ਕਵਿਤਾ: ਹੁਣ ਗੈਰ ਤਾਂ....

ਹੁਣ ਗੈਰ ਤਾਂ ਇਕ ਪਾਸੇ

ਹੁਣ ਗੈਰ ਤਾਂ ਇਕ ਪਾਸੇ, ਆਪਣੇ ਵੀ ਯਾਦ ਨਹੀਂ।
ਜੋ ਦਿਲ ਵਿੱਚ ਸਾਂਭ ਲਵਾਂ, ਐਸਾ ਕੋਈ ਰਾਜ਼ ਨਹੀਂ।

ਹਰ ਰਾਤ ਨੂੰ ਤੂੰ ਆਇਆ, ਲੈ ਕੇ ਸਲੀਬ ਜਦ ਵੀ
ਜਦ ਡਰਿਆ ਮੈਂ ਹੋਵਾਂ, ਐਸਾ ਕੋਈ ਖਾਬ ਨਹੀਂ।

ਮੈਂ ਤੇਰੇ ਤੋਂ ਸਦਾ ਹੀ, ਆਪਾ ਹੈ ਵਾਰਿਆ
ਤੂੰ ਸਮਝਦਾ ਹੈ ਜੈਸਾ, ਮੈਂ ਐਸਾ 'ਪੰਜਾਬ' ਨਹੀਂ।

ਜਿਨ੍ਹਾਂ ਚਿੜੀਆਂ ਨੂੰ ਸੀ ਕੋਹਿਆ, ਵਸਦੇ ਹੀ ਜੰਗਲ 'ਚੇ
ਕੁਝ ਵੀ ਨਹੀਂ ਸਾਨੂੰ ਭੁੱਲਿਆ, ਕੀ ਤੁਸੀਂ ਉਹ ਬਾਜ਼ ਨਹੀਂ?

ਛੱਡ ਹੋਰ ਹੁਣ ਉਲਝਣਾ, ਮੇਰੀ ਜ਼ੁਲਫ਼ ਨਾਗਣ ਨਾਲ
ਇਹਦੇ ਜ਼ਹਿਰ ਨੂੰ ਜੋ ਮਾਰੇ, ਕੋਈ ਲੱਭਿਆ ਰਾਜ਼ ਨਹੀਂ।

ਭਾਵੇਂ ਹਰ ਇਕ ਚਿਹਰਾ ਇੱਥੇ, ਹੈ ਚਿਹਰੇ ਥੱਲੇ ਲੁਕਿਆ
ਜੋ ਜਮ ਤੋਂ ਮੁੱਖ ਛੁਪਾਏ, ਅਜਿਹਾ ਨਕਾਬ ਨਹੀਂ!

ਛੱਡ ਕਾਗ਼ਜ਼ਾਂ ਨੂੰ ਐਂਵੇ, ਹੁਣ ਦੁੱਖੜੇ ਤੂੰ ਸੁਣਾਉਣਾ
ਤੇਰੇ ਸ਼ਿਅਰਾਂ ਲਈ ਤਾਂ ਸ਼ਾਇਰ, ਕੋਈ ਦਿੰਦਾ ਦਾਦ ਨਹੀਂ।

ਜਿਸ ਸ਼ਖ਼ਸ ਦੀ ਸੀ ਖ਼ਾਤਰ, ਕਦੀ ਆਪਣਾ ਆਪ ਮਿਟਾਇਆ
ਉਹ ਆਖੇ 'ਕੰਗ' ਦੇ ਨਾਂ ਦੀ, ਕੋਈ ਪੁੱਛਦਾ ਬਾਤ ਨਹੀਂ।

Popular posts from this blog

ਕਵਿਤਾ: ਦੇਸ ਪੰਜਾਬ.....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਗੀਤ - ਤੁਸੀਂ ਹੁਣ ਓ ਨਾ ਰਹੇ…