Posts

ਕੁਝ ਸ਼ਿਅਰ......

ਆ ਸੱਜਣਾ, ਰੰਗਾਂ ਨੂੰ ਮਿਲ਼ੀਏ, ਬੇਰੰਗ ਕੱਢੀਏ ਜ਼ਿੰਦਗੀ 'ਚੋਂ ਕੱਠੇ ਬੈਠ ਇਬਾਦਤ ਕਰੀਏ, ਪਾ ਲਈਏ ਕੁਝ ਬੰਦਗੀ 'ਚੋਂ! * ਤੇਰੀ ਗੱਲ ਗੱਲ ਵਿੱਚੋਂ ਭਿਣਕ ਪਵੇ, ਮੈਨੂੰ ਤੇਰੀ, ਸੁਣ! ਮਗਰੂਰੀ ਦੀ ਜੇ ਦਿਲ 'ਚੇ ਨਫ਼ਰਤ ਰੱਖਣੀ ਏਂ, ਫਿਰ ਹੱਸਣੇ ਦੀ ਮਜਬੂਰੀ ਕੀ? ਤੂੰ ਮੰਨਿਐਂ, ਖੁਦਾ ਵੀ ਹੋ ਸਕਦੈਂ!, ਤੈਨੂੰ ਸਾਡੀ ਹੋਂਦ ਜਰੂਰੀ ਕੀ? ਚੱਲ ਛੱਡ ਪਰੇ 'ਕੰਗ' ਜਾਣ ਵੀ ਦੇ, ਹੁਣ ਏਨੀ ਜੀ-ਹਜੂਰੀ ਕੀ! .......

ਨਜ਼ਮ: ਇਸ਼ਕ ਅਤੇ ਦੇਰੀ...

ਤੇਰੇ ਮਹਿਲਾਂ 'ਚੋਂ ਖੈਰ ਮਿਲਣੀ, ਤਾਂ ਖੈਰ, ਮੇਰੇ ਵੱਸ ਵਿੱਚ ਨਹੀਂ ਪਰ ਤੇਰੇ ਦਿਲ ਦੀ ਦਹਿਲੀਜ਼ ਟੱਪ ਕੇ ਅੰਦਰ ਆਉਣਾ ਤਾਂ ਮੇਰੇ ਵੱਸ ਵਿੱਚ ਹੀ ਹੈ। ਤੂੰ ਕਿੰਨੀ ਵੀ ਕੋਸ਼ਿਸ਼ ਕਰ, ਨੈਣਾਂ ਦੇ ਦਰਬਾਨ ਦਿਲ ਦੇ ਦਰਵਾਜੇ ਤੇ ਪਹਿਰੇਦਾਰ ਬਣਾ ਕੇ ਖੜ੍ਹੇ ਕਰ ਛੱਡ... ਹੁਸਨ ਦੇ ਘੋੜਿਆਂ ਨੂੰ ਮੇਰੀਆਂ ਸੋਚਾਂ ਦੇ ਤਬੇਲੇ 'ਚ ਆਉਣੋਂ ਭਾਵੇਂ ਵਰਜ ਦੇ.... ਆਸ਼ਕ, ਇਸ਼ਕ 'ਚ ਤਬਾਹੀਆਂ, ਬਰਬਾਦੀਆਂ ਕਦ ਵੇਖਦੇ ਨੇ? ਦਹਿਲੀਜ਼ਾਂ ਤਾਂ ਇਕ ਪਾਸੇ ਸਰਹੱਦਾਂ ਦੀ ਪਰਵਾਹ ਨਹੀਂ ਕਰਦੇ ਇਹ ਜੀਣ-ਜੋਗੇ ਜਾਂ ਕਦੇ ਕਦਾਈਂ ਸ਼ਾਇਦ ਮੌਤ ਦੇ ਹਾਣੀ ਬਣਨੋਂ ਵੀ, ਨਹੀਂ ਟਲ਼ਦੇ...! ਤੂੰ ਬੇਸ਼ੱਕ, ਮਹਿਲਾਂ ਦੇ ਮੋਤੀ ਲੁਕਾ ਕੇ ਰੱਖੀਂ, ਮੈਂ ਤੇਰੇ ਬਖ਼ਸ਼ੇ ਹੋਏ ਸਾਹਾਂ ਦੇ ਮੋਤੀਆਂ ਦੀ ਮਾਲ਼ਾ, ਬਣਾ ਕੇ ਹੀ ਪਹਿਨ ਲੈਣੀ ਏਂ! ਤੂੰ ਤਾਂ ਇਸ਼ਕ ਦੀ ਗੱਲ ਅੱਜ ਪਹਿਲੀ ਵਾਰ ਕੀਤੀ ਏ, ਮੈਂ ਇਸ਼ਕ ਤੋਂ ਸਿਵਾ ਹੋਰ ਗੱਲ ਕਰਦਾ ਹੀ ਨਹੀਂ, ਤੇਰੇ ਨਾਮ ਤੋਂ ਬਿਨਾਂ ਹੋਰ ਸਾਹ ਭਰਦਾ ਹੀ ਨਹੀਂ। ਤੇਰੇ ਮਹਿਲਾਂ 'ਚੋਂ ਖੈਰ ਮਿਲਣੀ ਸ਼ਾਇਦ ਮੇਰੇ ਵੱਸ ਵਿੱਚ ਹੋ ਹੀ ਜਾਵੇ ਪਰ ਫਿਰ ਮੈਂ ਮੰਗਣ ਦਾ ਸ਼ਾਇਦ ਹੱਕਦਾਰ ਹੀ ਨਾ ਹੋਵਾਂ ਤੇ ਤੂੰ ਸ਼ਾਇਦ ਖੈਰ ਪਾਉਣ ਦੇ ਯੋਗ ਹੀ ਨਾ ਹੋਵੇਂ, ਕੀ ਪਤਾ ਜਦੋਂ ਤੱਕ ਤੂੰ ਹੌਂਸਲਾਂ ਕਰੇਂ ਬਹੁਤ ਦੇਰ ਹੋ ਚੁੱਕੀ ਹੋਵੇ!! --- ੨੪ ਅਗਸਤ ੨੦੦੮

ਕਵਿਤਾ: ਜਦ ਮੈਂ ਤੈਨੂੰ ਮਿਲ਼ਿਆ....

ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਤੂੰ ਪਿੰਜਰੇ 'ਚ ਕੈਦ ਹੋ ਕੇ ਜੀਅ ਨਹੀਂ ਸਕਦੀ ਪਰ ਅਜ਼ਾਦ, ਮਰ ਸਕਦੀ ਏਂ! ਮਹਿਕਦੀ ਫਿਜ਼ਾ ਵਿੱਚ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਤੂੰ ਪੈਰੀਂ ਝਾਂਜਰਾਂ ਪਾ ਕੇ ਬੈਠ ਨਹੀਂ ਸਕਦੀ ਪਰ ਮੇਰੇ ਨਾਲ਼ ਤੁਰ ਸਕਦੀ ਏਂ! ਸਾਰੀ ਉਮਰ ਤੱਕ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਤੂੰ ਮੌਨ ਵਰਤ ਰੱਖਿਐ! ਬੋਲ ਨਹੀਂ ਸਕਦੀ ਪਰ ਚੁੱਪ-ਚਾਪ ਸੁਣ ਸਕਦੀ ਏਂ! ਨਾਦ ਦੀ ਧੁਨੀ ਵਾਂਗ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਖ਼ਾਬ ਕਹਿੰਦੇ ਝੂਠਾ ਹੁੰਦੈ! ਸਹਿ ਨਹੀਂ ਸਕਦੀ ਪਰ ਸੱਚ ਨਾਲ਼ ਜੁੜ ਸਕਦੀ ਏਂ! ਮੰਜ਼ਿਲ ਪਾਉਣ ਲਈ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਸਦੀਆਂ ਤੋਂ ਤੂੰ ਕੀ ਲੈਣਾ ਦੱਸ ਨਹੀਂ ਸਕਦੀ ਪਰ ਪਲ ਪਲ ਗਿਣ ਸਕਦੀ ਏਂ! ਉਂਗਲ਼ਾਂ ਦੇ ਪੋਟਿਆਂ ਤੇ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਤੂੰ ਪਿੰਜਰੇ 'ਚ ਕੈਦ ਹੋ ਕੇ ਜੀਅ ਨਹੀਂ ਸਕਦੀ ਪਰ ਅਜ਼ਾਦ, ਮਰ ਸਕਦੀ ਏਂ! ਮਹਿਕਦੀ ਫਿਜ਼ਾ ਵਿੱਚ....।