ਨਜ਼ਮ: ਅਮਰ ਰੂਹਾਂ......

ਕਵਿਤਾ: ਅਮਰ ਰੂਹਾਂ

ਉਹ ਮੇਰੇ ਵੱਲ ਵੇਖਦੀ,

ਮੁਸਕਰਾਉਂਦੀ ਹੈ,

ਤੇ ਹੁਣੇ ਹੀ ਪਲ ਵਿੱਚ

ਅੱਖਾਂ ਲਾਲ ਕਰ

ਮੁੱਖ ਤੇ ਲੋਹੜੇ ਦੀ ਲਾਲੀ ਲਿਆ

ਗੁੱਸੇ ਭਰਿਆ ਅੰਦਾਜ਼ ਬਣਾ,

ਤੱਕਣ ਲਗਦੀ ਹੈ।

………

ਮੈਂ ਤਾਂ ਸਿਰਫ

ਉਸਨੂੰ

ਇੰਨਾ ਹੀ ਕਿਹਾ ਸੀ

ਕਿ, ਸੁਣ!

“ਦਿਲ ਦੀ ਗੱਲ ਕਹਿਣ ਲੱਗਾ ਹਾਂ,

ਅੱਜ ਤੈਨੂੰ ਮੁਦੱਤ ਬਾਅਦ

ਬਿਨਾਂ ਸ਼ਬਦਾਂ ਤੋਂ ‘ਹਾਂ’ ਵਿੱਚ ਸਿਰ ਹਿਲਾਉਂਦੀ ਨੇ

ਗੱਲ ਕਰਨ ਦਾ

ਇਸ਼ਾਰਾ ਕੀਤਾ ਸੀ।

………

“ਮੈਨੂੰ ਰੂਹਾਂ ਦਿਸਦੀਆਂ ਨੇ”

ਮੇਰੇ ਇੰਨਾ ਕਹਿਣ ਬਾਅਦ

ਉਸ ਨੇ ਇੰਨਾ ਸੁਣਨ ਬਾਅਦ

“ਕਿੱਥੇ?”

ਜਰੂਰ ਕਿਹਾ ਸੀ…

“ਮੇਰੀ ਲਾਇਬਰੇਰੀ ਵਿੱਚ”

ਜਦੋਂ ਇਹ ਬੋਲ ਮੈਂ ਕਹੇ ਸੀ ਤਾਂ,

ਉਸਦੇ ਨੈਣ ਕਟੋਰੇ ਖਾਰੇ ਹੰਝੂਆਂ ਨਾਲ

ਉਪਰ ਤੱਕ ਭਰੇ, ਛਲਕ ਰਹੇ ਸਨ।

………

“ਕੀ ਤੂੰ ਹੁਣ ਇਨ੍ਹਾਂ ਨਾਲ ਰਲ਼ਣਾ ਚਾਹੁੰਦਾ ਏਂ?”

ਸਵਾਲ ਹਵਾ ਦੀਆਂ ਲਹਿਰਾਂ ਪਾਰ ਕਰ ਕੇ

ਕੰਨਾਂ ਤੱਕ ਪੁੱਜ ਚੁੱਕਾ ਸੀ।

“ਹਾਂ”

ਇੰਨਾ ਹੀ ਕਹਿ ਸਕਿਆ ਸਾਂ ਉਸਨੂੰ।

………

“ਇਹ ਉਮਰਾਂ ਦੀ ਸਾਧਨਾ ਦਾ ਫਲ਼,

ਤੂੰ ਬਿੰਦ ਝੱਟ ਵਿੱਚ ਪਾਉਣਾ ਚਾਹੁੰਨਾ ਏਂ?

ਸਵਾਲਾਂ ਦੀ ਝੜੀ ਲਾਈ ਜਾ ਰਹੀ ਸੀ ਉਹ।

“ਹਾਂ”

ਮੈਂ ਡਰਦੇ ਡਰਦੇ ਆਖਿਆ ਸੀ।

“ਇਹ ਕਿੰਝ ਹੋ ਸਕਦਾ ਏ?”

ਨਵਾਂ ਪ੍ਰਸ਼ਨ ਸੀ ਮੇਰੇ ਲਈ।

“ਤੇਰੇ ਹੁੰਦਿਆਂ ਹੋਇਆਂ ਵੀ ਨਹੀਂ?”

ਉਲਟਾ ਉਸ ਨੂੰ ਪੁੱਛਿਆ ਸੀ ਮੈਂ।

“ਸ਼ਾਇਦ…”

‘ਕਲਮ’ ਦਾ ਜਵਾਬ ਸੀ।

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....