ਨਜ਼ਮ: ਰੇਤ ਅਤੇ ਰੱਤ....

ਰੇਤ ਅਤੇ ਰੱਤ

ਕੀ ਰੇਤ ਵੀ ਆਪਣੀ

ਰੱਤ ਪੀਂਦੀ ਏ?

ਜਿਉਂ ਨੈਣ ਆਪਣੇ ਹੰਝੂ

ਆਪ ਹੀ ਪੀਂਦੇ ਨੇ!

ਇਰਾਕ ਦੀ ਰੇਤ

ਪੰਜਾਬ ਦੀ ਰੇਤ

ਅਫ਼ਗਾਨਿਸਤਾਨ ਦੀ ਰੇਤ

ਵੀਅਤਨਾਮ ਦੀ ਰੇਤ

ਪਤਾ ਨਹੀਂ ਕਿੱਥੋਂ ਕਿੱਥੋਂ ਦੀ ਰੇਤ!

ਜ਼ਾਲਮ ਤੇ ਜੰਗ ਦਾ ਮੇਲ਼,

ਮਜ਼ਲੂਮ ਦੀ ਮੌਤ ਦਾ ਖੇਲ

ਤੇ ਜਦੋਂ ਵੀ,

ਸ਼ਾਤ ਵਸਦੀ ਜਗ੍ਹਾ ਦੀ ਰੇਤ ਦਾ,

ਪਿਆ ਜ਼ਾਲਮ ਨਾਲ ਗੂੜ੍ਹਾ ਸਬੰਧ

ਤੇ ਉਦੋਂ ਹੀ ਹੋ ਜਾਂਦਾ ਏ,

ਮਿੱਟੀ ਵਿੱਚ ਰੁਲ਼ਦੀਆਂ ਲਾਸ਼ਾਂ ਦੇ ਲਹੂ ਦਾ,

ਰੇਤ ਵਲੋਂ ਪੀਣ ਦਾ ਪ੍ਰਬੰਧ।

ਇਹ ਕਿੰਨੀ ਕੁ ਹੋਰ ਪਿਆਸੀ?

ਸੋਚਦਾ ਹਾਂ ਤੇ ਬੱਸ

ਉਦਾਸੀ ਹੀ ਉਦਾਸੀ

ਤੇ ਇੰਨੇ ਹੀ ਚਿਰ 'ਚੇ,

ਕਿਸੇ ਦੀ ਜੀਵਨ ਤੋਂ ਖ਼ਲਾਸੀ?

ਰੇਤ ਵਿੱਚੋਂ ਅਵਾਜ਼ ਆਈ

ਆਦਮ ਬੋ! ਆਦਮ ਬੋ!

ਮਨੁੱਖਤਾ ਦੇ ਮਾਸ ਨਾਲੋਂ ਨਾ

ਹੋਰ ਚੰਗੀ ਕੋਈ ਖ਼ੁਸ਼ਬੋਅ!

ਮੌਤ ਵੀ ਕਤਲ ਹੋ ਗਈ

ਜ਼ਿੰਦਗੀ ਅਪੰਗ ਹੋ ਗਈ

ਪਰ ਰੇਤ ਅਜੇ ਵੀ ਪਿਆਸੀ?

ਇਹ ਜਨਮਾਂ ਦੀ ਪਿਆਸ ਇਸ ਦੀ

ਪਤਾ ਨਹੀਂ ਕਦੋਂ ਬੁਝਣੀ ਏ?

ਰੇਤ ਅਤੇ ਰੱਤ ਦੀ ਯਾਰੀ

ਪਤਾ ਨਹੀਂ ਕਿੰਨਾ ਚਿਰ

ਅਜੇ ਹੋਰ ਨਿਭਣੀ ਏ?

ਹਾਏ ਕਦੇ ਤਾਂ,

ਮਨੁੱਖਤਾ ਦੀ ਸੋਚ ਜਾਗੇ,

ਹਾੜੇ! ਹਾੜੇ! ਰੱਬ ਖੈਰ ਕਰੇ

ਕਦੇ ਤਾਂ ਮਨੁੱਖ,

ਮਨੁੱਖਤਾ ਦੇ ਦਿਲ 'ਚੋਂ

ਦੂਰ ਵੈਰ ਕਰੇ!

ਆਮੀਨ!!

1 comment

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!