ਨਜ਼ਮ: ਲੋਹੇ ਦੀ ਕੁਰਸੀ.....

ਲੋਹੇ ਦੀ ਕੁਰਸੀ

ਬੇਦੋਸ਼ੇ ਖ਼ੂਨ 'ਚੋਂ ਨਿੱਕਲੀਆਂ ਚੀਕਾਂ

ਇਹ ਨਹੀਂ ਸੁਣਦੀ,

ਲੋਹੇ ਦੀ ਕੁਰਸੀ ਜਿਉਂ ਹੋਈ।

ਪਰ ਇਹ ਹੈ ਦੁਨਿਆਵੀ,

ਮਜ਼ਲੂਮਾਂ ਤੇ ਹਾਵੀ,

ਵਰਤਾਉਂਦੀ ਭਾਵੀ।

ਲਗਭਗ!

ਸਾਰੇ ਹੀ ਜੀਵਾਂ 'ਨ ਇਸਦਾ ਹੈ ਵੈਰ,

ਇਹ ਨਹੀਂ ਮੰਗਦੀ ਕਿਸੇ ਦੀ ਖੈਰ!

ਬੰਬਾਂ ਦੇ ਢੇਰਾਂ ਤੋਂ ਵਾਹਵਾ ਦੁਰ,

ਸੁਰੱਖਿਅਤ, ਮਹਿਫ਼ੂਜ਼

ਹਥਿਆਰਾਂ 'ਚ ਘਿਰੀਓ

ਅਰਾਮ ਫ਼ਰਮਾਅ ਰਹੀ ਹੈ।

ਮਗਰ,

ਮਜ਼ਲੂਮਾਂ ਦੀ ਹਿੱਕੜੀ ਤੇ

ਡਾਹੀ ਗਈ ਏ,

ਸਮੇਂ ਦੇ ਹਾਕਮ ਵਲੋਂ।

ਹੌਕੇ, ਹੰਝੂ, ਹਾੜੇ

ਨਹੀਂ ਪਿਘਲਾਅ ਸਕਦੇ ਇਸਨੂੰ,

ਇਸਦਾ ਲੋਹਾ,

ਟੈਂਕਾਂ ਅਤੇ ਬੰਬਾਂ ਦੇ ਲੋਹੇ ਨਾਲ

ਹੂ-ਬਹੂ ਮਿਲਦਾ ਹੈ।

ਵਹਿਸ਼ਤ, ਦਹਿਸ਼ਤ ਦਾ ਸੁਮੇਲ,

ਖੂਨੀ,

ਡਾਢੀ,

ਬਗਾਨੀ

ਲੋਹੇ ਦੀ ਕੁਰਸੀ!

ਬੇਦਰਦ

ਲੋਹੇ ਦੀ ਕੁਰਸੀ!!

2 comments

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!