ਕਵਿਤਾ: ਲਹੂ ਦੀਆਂ ਨਦੀਆਂ......

ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ,
ਲਹੂ ਦੀਆਂ ਨਦੀਆਂ ਵਹਿਣਗੀਆਂ,
ਹਾਕਮ ਕੁਰਸੀ ਥੱਲੇ ਵੜਿਆ,
ਘਰ ਘਰ ਚੀਕਾਂ ਪੈਣਗੀਆਂ।
ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ,
ਲਹੂ ਦੀਆਂ ਨਦੀਆਂ....

ਆਏ ਨਿੱਤ ਦਿਨ ਬੰਬ ਧਮਾਕਾ,
ਵੈਣ ਉਠਾ ਕੇ ਸਿਰ ਤੇ ਆਵੇ,
ਦਹਿਸ਼ਤ ਦੇ ਨਾਲ਼ ਰਲ਼ ਕੇ ਬੰਦਾ,
ਆਫ਼ਤ ਆਪਣੇ ਆਪ ਲਿਆਵੇ
ਕਦ ਤੱਕ ਦੱਸੋ ਬੇਦੋਸ਼ਿਆਂ ਦੀਆਂ,
ਜਾਨਾਂ ਸਾਥੋਂ ਲੈਣਗੀਆਂ?
ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ,
ਲਹੂ ਦੀਆਂ ਨਦੀਆਂ....

ਕਿੰਨੇ ਚਿਰ ਲਈ ਨਾਚ ਇਹ ਤਾਂਡਵ,
ਤੁਸੀਂ ਵੀ ਦੱਸੋ ਨੱਚਣਾ ਏਂ?
ਨਿਰਦੋਸ਼ਾਂ ਨੂੰ ਮਾਰ ਮਾਰ ਕੇ,
ਆਪ ਵੀ ਨਾਲ਼ੇ ਮੱਚਣਾ ਏਂ?
ਬੱਸ ਕਰੋ ਹੁਣ, ਬੱਸ ਕਰੋ ਵੇ,
ਲਾਟਾਂ ਅੱਗ ਦੀਆਂ ਕਹਿਣਗੀਆਂ
ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ,
ਲਹੂ ਦੀਆਂ ਨਦੀਆਂ....

ਅੱਜ ਇਹ ਦਿੱਲੀ, ਕੱਲ੍ਹ ਸਨ ਬੰਬੇ,
ਕੱਲ੍ਹ ਕਿਤੇ ਹੋਊ ਹੋਰ ਕੋਈ ਕਾਰਾ,
ਦੇਸ਼ ਦਾ ਹਰ ਇਕ ਜੀਅ ਹੈ ਰੋਂਦਾ,
ਕਰੋ ਸਹੀ ਕੋਈ ਰਲ਼ ਕੇ ਚਾਰਾ
ਵੋਟਾਂ ਖਾਤਿਰ ਦੇਸ਼ ਮੇਰੇ ਦੀਆਂ,
ਗਲ਼ੀਆਂ ਸੁੰਨੀਆਂ ਰਹਿਣਗੀਆਂ
ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ,
ਲਹੂ ਦੀਆਂ ਨਦੀਆਂ....

ਰੱਬ ਇਹ ਤੱਕ ਕੇ ਕਦ ਖੁਸ਼ ਹੋਣੈਂ?,
'ਥੋਨੂੰ' ਗ਼ਲਤ ਇਹ ਫਹਿਮੀ ਹੈ,
ਧਰਮ ਦੇ ਨਾਂ ਤੇ ਜਾਨ ਹੈ ਲੈਣੀ,
ਦੁਨੀਆਂ ਸਹਿਮੀ ਸਹਿਮੀ ਹੈ
'ਕੰਗ' ਕਹੇ ਕੀ ਵੱਧ ਹੁਣ ਇਸ ਤੋਂ,
ਸੋਚਾਂ ਜੱਗ ਨਾਲ਼ ਖਹਿਣਗੀਆਂ
ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ,
ਲਹੂ ਦੀਆਂ ਨਦੀਆਂ....
1 comment

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!