Posts

Showing posts with the label ਕਵਿਤਾ

ਕਵਿਤਾ: ਹੁਣ ਗੈਰ ਤਾਂ....

ਹੁਣ ਗੈਰ ਤਾਂ ਇਕ ਪਾਸੇ ਹੁਣ ਗੈਰ ਤਾਂ ਇਕ ਪਾਸੇ, ਆਪਣੇ ਵੀ ਯਾਦ ਨਹੀਂ। ਜੋ ਦਿਲ ਵਿੱਚ ਸਾਂਭ ਲਵਾਂ, ਐਸਾ ਕੋਈ ਰਾਜ਼ ਨਹੀਂ। ਹਰ ਰਾਤ ਨੂੰ ਤੂੰ ਆਇਆ, ਲੈ ਕੇ ਸਲੀਬ ਜਦ ਵੀ ਜਦ ਡਰਿਆ ਮੈਂ ਹੋਵਾਂ, ਐਸਾ ਕੋਈ ਖਾਬ ਨਹੀਂ। ਮੈਂ ਤੇਰੇ ਤੋਂ ਸਦਾ ਹੀ, ਆਪਾ ਹੈ ਵਾਰਿਆ ਤੂੰ ਸਮਝਦਾ ਹੈ ਜੈਸਾ, ਮੈਂ ਐਸਾ 'ਪੰਜਾਬ' ਨਹੀਂ। ਜਿਨ੍ਹਾਂ ਚਿੜੀਆਂ ਨੂੰ ਸੀ ਕੋਹਿਆ, ਵਸਦੇ ਹੀ ਜੰਗਲ 'ਚੇ ਕੁਝ ਵੀ ਨਹੀਂ ਸਾਨੂੰ ਭੁੱਲਿਆ, ਕੀ ਤੁਸੀਂ ਉਹ ਬਾਜ਼ ਨਹੀਂ? ਛੱਡ ਹੋਰ ਹੁਣ ਉਲਝਣਾ, ਮੇਰੀ ਜ਼ੁਲਫ਼ ਨਾਗਣ ਨਾਲ ਇਹਦੇ ਜ਼ਹਿਰ ਨੂੰ ਜੋ ਮਾਰੇ, ਕੋਈ ਲੱਭਿਆ ਰਾਜ਼ ਨਹੀਂ। ਭਾਵੇਂ ਹਰ ਇਕ ਚਿਹਰਾ ਇੱਥੇ, ਹੈ ਚਿਹਰੇ ਥੱਲੇ ਲੁਕਿਆ ਜੋ ਜਮ ਤੋਂ ਮੁੱਖ ਛੁਪਾਏ, ਅਜਿਹਾ ਨਕਾਬ ਨਹੀਂ! ਛੱਡ ਕਾਗ਼ਜ਼ਾਂ ਨੂੰ ਐਂਵੇ, ਹੁਣ ਦੁੱਖੜੇ ਤੂੰ ਸੁਣਾਉਣਾ ਤੇਰੇ ਸ਼ਿਅਰਾਂ ਲਈ ਤਾਂ ਸ਼ਾਇਰ, ਕੋਈ ਦਿੰਦਾ ਦਾਦ ਨਹੀਂ। ਜਿਸ ਸ਼ਖ਼ਸ ਦੀ ਸੀ ਖ਼ਾਤਰ, ਕਦੀ ਆਪਣਾ ਆਪ ਮਿਟਾਇਆ ਉਹ ਆਖੇ 'ਕੰਗ' ਦੇ ਨਾਂ ਦੀ, ਕੋਈ ਪੁੱਛਦਾ ਬਾਤ ਨਹੀਂ।

ਕਵਿਤਾ: ਪਿਆਰ....

ਪਿਆਰ ਪਿਆਰ ਕੀ ਹੁੰਦਾ ਹੈ? ਕਦੇ ਪਤਾ ਹੀ ਨਹੀਂ ਸੀ ਲੱਗਣਾ, ਜੇ ਤੂੰ ਨਾ ਮਿਲੀ ਹੁੰਦੀ! ----- ਅਹਿ ਕਵਿਤਾ!! -------- ਸ਼ਾਇਦ ਤੈਨੂੰ ਅਹਿਸਾਸ ਨਹੀਂ, ਮੈਂ ਤੇਰੀ ਉਡੀਕ ਵਿੱਚ, ਜਨਮਾਂ ਤੋਂ ਜਾਗ ਰਿਹਾ ਸੀ, ਹਰ ਪਲ ਹੀ ਮੇਰਾ, ਵੈਰਾਗ ਜਿਹਾ ਸੀ। --------------- ਹੁਣ ਮੇਰੇ ਕੋਲ ਕੁਝ ਕਹਿਣ ਲਈ ਬਚਿਆ ਨਹੀਂ ਕਿਉਂਕਿ ਅਜੇ ਮੈਂ ਤੇਰੇ ਜਿਹਾ ਕੁਝ ਰਚਿਆ ਨਹੀਂ ਕਿਉਂਕਿ ਤੇਰੇ ਬਿਨ ਅੱਜ ਤੱਕ ਮੈਨੂੰ ਕੋਈ ਹੋਰ ਜਚਿਆ ਨਹੀਂ। .................. ੨੫ ਅਕਤੂਬਰ ੨੦੦੭

ਕਵਿਤਾ: ਅਹਿਸਾਸ...

ਅਹਿਸਾਸ ਇਹ ਜ਼ਿੰਦਗੀ ਇਹ ਰਸਤਾ ਸਭ ਕੁਝ ਕੀ ਹੈ? ਇਕ ਤਾਣਾ-ਬਾਣਾ ਜਿਸ ਨੂੰ ਖੁਦ ਹੀ ਬੁਣਦਾ ਹਾਂ, ਆਪ ਹੀ ਚੁਣਦਾ ਹਾਂ, ਅੰਦਰੋਂ ਵੀ ਖੁਰਦਾ ਹਾਂ, ਬਾਹਰੋਂ ਵੀ ਭੁਰਦਾ ਹਾਂ, ਕਦੀ ਕਦੀ ਰੁਕਦਾ ਹਾਂ, ਪਲ ਪਿੱਛੋਂ ਤੁਰਦਾ ਹਾਂ..... ਅਹਿਸਾਸ ਨਾ ਹੋਵੇ ਤਾਂ, ਕੀ ਬਚਣਾ ਹੈ? ਜਜ਼ਬਾਤ ਨਾ ਹੋਵੇ ਤਾਂ, ਕੀ ਰਚਣਾ ਹੈ? ------------ (੧੮ ਅਕਤੂਬਰ ੨੦੦੭)

ਕਵਿਤਾ: ਦੁਨੀਆਂ ਤੇ ਪਰਛਾਵਾਂ...

ਦੁਨੀਆਂ ਤੇ ਪਰਛਾਵਾਂ ਤੇਰੇ ਨੈਣਾਂ 'ਚਿ ਅੱਜ ਉਤਰ ਜਾਣ ਨੂੰ ਦਿਲ ਕਰਦਾ, ਤੇਰੇ ਬਾਝੋਂ ਸੱਜਣਾ ਮੇਰਾ ਜੀਅ ਮਰਦਾ ਜ਼ਿੰਦਗੀ ਵਾਂਗ ਝਨਾਂ ਦੇ ਮੈਨੂੰ ਅੱਜ ਲੱਗਦੀ, ਦਿਲ ਮੇਰਾ ਤਾਂ ਡੁੱਬਦਾ, ਡੁੱਬਦਾ ਹੈ ਤਰਦਾ ਮਨ ਚਾਹੁੰਦਾ ਏ ਤੈਨੂੰ ਬੱਸ ਵੇਖੀਂ ਜਾਵਾਂ, ਤੇਰੇ ਦਿਲ ਵਿੱਚ ਬਣ ਕੇ ਪੰਛੀ ਘਰ ਪਾਵਾਂ ਇਸ ਦੁਨੀਆਂ ਤੋਂ ਦੂਰ ਕਿਤੇ ਚਲ ਜਾ ਵਸੀਏ, ਦੋ ਦਿਲਾਂ ਦਾ ਝੱਲਦੀ ਨਾ ਇਹ ਪਰਛਾਵਾਂ।

ਕਵਿਤਾ: ਨੈਣ...

ਨੈਣ ਨੈਣ ਨਸ਼ੀਲੇ, ਰੰਗ-ਰੰਗੀਲੇ ਜਾਪਣ ਖ਼ੂਨੀ, ਪਰ ਸ਼ਰਮੀਲੇ ਜ਼ੁਲਫ਼ਾਂ ਨਾਗਣ, ਵਾਂਗ ਫੁੰਕਾਰਨ ਚੁਣ ਕੇ ਚੋਬਰ, ਗੱਭਰੂ ਮਾਰਨ ਹੋਂਠ ਗੁਲਾਬੀ, ਰੰਗ ਬਿਖ਼ੇਰਨ ਬੋਲਾਂ ਵਿੱਚੋਂ, ਹਾਸੇ ਕੇਰਨ ਮੁਖੜਾ ਜਾਪੇ, ਸੁਰਖ਼ ਗੁਲਾਬ ਸੂਹੇ ਰੰਗ ਤੋਂ, ਵਰ੍ਹੇ ਸ਼ਬਾਬ ਯਾਰ ਮੇਰਾ ਏ, ਮੇਰੀ ਆਬ ਨੈਣਾਂ ਵਿੱਚੋਂ, ਕਰੇ ਅਦਾਬ ਹੁਸਨਾਂ ਲੱਦੀ, ਨਿਰੀ ਸ਼ਰਾਬ ਮਿਲਿਆ ਮੈਨੂੰ, ਸੀ ਆਫ਼ਤਾਬ। ਮਿਲਿਆ ਮੈਨੂੰ, ਸੀ ਆਫ਼ਤਾਬ।।

ਕਵਿਤਾ: ਇੱਕ ਕਿਸਮਤ ਵੀ...

ਇੱਕ ਕਿਸਮਤ ਵੀ ਇੱਕ ਕਿਸਮਤ ਵੀ ਮੇਰੀ ਵੈਰਨ ਏ ਦੂਜਾ ਰੱਬ ਵੀ ਮੇਰਾ ਯਾਰ ਨਹੀਂ ਤੀਜਾ ਦੁਨੀਆਂ ਮੈਨੂੰ ਚਾਹੁੰਦੀ ਨਹੀਂ ਬਾਕੀ ਤੂੰ ਵੀ ਤਾਂ ਵਫਾਦਾਰ ਨਹੀਂ ਹਰ ਚੀਜ਼ ਨੇ ਮੈਨੂੰ ਡੰਗਿਆ ਏ ਕੋਈ ਖਾਲੀ ਵੀ ਗਿਆ ਵਾਰ ਨਹੀਂ ਪਰ ਫੇਰ ਵੀ ਹੌਂਸਲਾ ਕੀਤਾ ਏ 'ਕੰਗ' ਸਮਾਂ ਕਿਸੇ ਲਈ ਖਾਰ ਨਹੀਂ ਫੁੱਲ, ਖਾਰ ਦੇ ਸੰਗ ਖਿੜਾਉਂਦਾ ਏ ਇੱਥੇ ਮਰਦੀ ਕਦੇ ਬਹਾਰ ਨਹੀਂ ਨਫਰਤ ਜੇ ਖੁੱਲੀ ਫਿਰਦੀ ਏ ਫਿਰ ਕੈਦੀ ਵੀ ਇਹ ਪਿਆਰ ਨਹੀਂ!

ਕਵਿਤਾ: ਦਿਲ ਮੇਰੇ 'ਚੋਂ...

ਦਿਲ ਮੇਰੇ 'ਚੋਂ ਦਿਲ ਮੇਰੇ 'ਚੋਂ ਲਾਟ ਜੋ ਉੱਠਦੀ, ਤੇਰੇ ਨਾਮ ਦੀ ਲੋਅ ਕਰਦੀ ਫੱਟ ਹਿਜਰ ਦਾ ਡੂੰਘਾ ਦਿਲ ਤੇ, ਜ਼ਿੰਦ ਨਈਂ ਮੇਰੀ ਹੁਣ ਜਰਦੀ

ਕਵਿਤਾ: ਤੇਰੀ ਯਾਦ ਆਈ...

ਤੇਰੀ ਯਾਦ ਆਈ ਹਾਂ, ਅੱਜ ਫੇਰ ਤੇਰੀ ਯਾਦ ਆਈ। ਹੌਕੇ ਬਿਨ, ਕੁਝ ਨਹੀਂ ਲਿਆਈ। ਹਾਂ, ਸੱਚੀਂ ਅੱਜ ਤੇਰੀ ਯਾਦ ਆਈ, ਰੁੱਸ ਗਈ ਸੀ, ਮੈਂ ਮਸਾਂ ਮਨਾਈ। ਕਿੰਨਾ ਹੀ ਚਿਰ ਵੇਂਹਦੀ ਰਹੀ ਸੀ, ਥੋੜਾ ਸੰਗ ਕੇ, ਜਦ ਸੀ ਸ਼ਰਮਾਈ। ਚਿਰ ਤੋਂ ਪਿਆਸਾ ਤੇਰੀ ਦੀਦ ਦਾ, ਅੱਜ ਫਿਰ ਤੂੰ ਆ ਮੇਰੇ ਮੂੰਹ ਲਾਈ। ਖੈਰ, ਤੂੰ ਅੱਜ ਮੁਦੱਤ ਬਾਅਦ ਸਹੀ, ਹਾਂ ਮੁੜ ਕੇ ਤਾਂ ਆਈ, ਹਾਂ ਤੂੰ ਆਈ।।

ਕਵਿਤਾ: ਭਗਤ ਸਿੰਘ ਇਨਸਾਨ ਸੀ!

ਭਗਤ ਸਿੰਘ ਇਨਸਾਨ ਸੀ! ਭਗਤ ਸਿੰਘ ਤੂਫ਼ਾਨ ਸੀ, ਉਹ ਯੋਧਾ ਬਲਵਾਨ ਸੀ, ਸਿੱਖ, ਹਿੰਦੂ ਦੇ ਨਾਲੋਂ ਪਹਿਲਾਂ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਬੱਸ ਕਰੋ ਹੁਣ ਫਿਰਕਪ੍ਰਸਤੋ, ਬੰਦ ਕਰੋ ਹੁਣ ਡੌਰੂ ਆਪਣਾ, ਅਜੇ ਤਾਂ ਆਖੋ ਸਿੱਖ ਜਾਂ ਹਿੰਦੂ, ਆਖੋਂਗੇ ? ਮੁਸਲਮਾਨ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਧਰਮ ਅਫੀਮ ਹੈ ਕਹਿਣਾ ਉਸਦਾ, ਜਿਸਦੇ ਨਾਂ ਤੇ ਵੰਡੀਆਂ ਪਾਵੋਂ, ਸੋਚ, ਸਿਧਾਤਾਂ ਦੀ ਖਾਤਰ ਜੋ, ਹੋਇਆ ਕੱਲ ਕੁਰਬਾਨ ਸੀ, ਉਹ ਯਾਰੋ ਇਨਸਾਨ ਸੀ, ਉਹ ਚੰਗਾ ਇਨਸਾਨ ਸੀ! ਸਭ ਨੂੰ ਪਤਾ ਹੈ ਮਕਸਦ ਥੋਡਾ, ਹੁਣ ਇਹ ਰਹਿਣਾ ਪਿਆ ਅਧੂਰਾ, ਭੁੱਲ ਜਾਵੋ ਕਿ ਚਾਲ ਤੁਹਾਡੀ, ਤਿੱਖੀ ਕੋਈ ਕਿਰਪਾਨ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਸਾਡੇ ਦਿਲ ਵਿੱਚ ਅੱਜ ਵੀ ਜੀਂਦੇ, ਬਿਜਲੀ ਬਣਕੇ ਉਸਦੇ ਖਿਆਲ, ਕਰਨਾ ਹੈ ਅਸੀਂ ਰਲ਼ ਕੇ ਪੂਰਾ, ਜੋ ਉਸਦਾ ਅਰਮਾਨ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਖੁੱਲੇ ਅੰਬਰ ਵਰਗੀਆਂ ਸੋਚਾਂ, ਦਾ ਮਾਲਕ ਸੀ ਭਗਤ ਸਿੰਘ, ਇਸ ਧਰਤੀ ਤੇ ਕੰਧਾਂ ਦੀ ਥਾਂ, ਉਹ ਚਾਹੁੰਦਾ ਮੈਦਾਨ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਉਸਦੇ ਅੱਖਰ ਲਟ ਲਟ ਬਲ਼ਦੇ, ਲੁਕਣੀ ਨਾ ਹੁਣ ਉਸਦੀ ਲੋਅ, ਵਿੱਚ ਮਨੁੱਖਤਾ ਇਕਸਾਰਤਾ, ਉਸਦਾ ਇਹ ਪੈਗ਼ਾਮ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਫਾਂਸੀ, ਫਾਹੇ ਜੋ ਵੀ ਹੋਵਣ, 'ਮਿੱਟੀ' ਬੱਸ ਮੁਕਾ ਸਕਦੇ, ਅੱਜ ਵੀ ਉਸਦੀ 'ਸੋਚ' ਜਵਾਨ, ਪਹਿਲਾਂ ਜਿਵੇਂ ਜਵ

ਕਵਿਤਾ: ਖਿਆਲੀ ਘੋੜਾ......

ਖਿਆਲੀ ਘੋੜਾ ਨੀਂਦ ਦੇ ਵਿੱਚ ਖਿਆਲੀ ਘੋੜਾ ਐਧਰ ਨੂੰ ਕਦੀ ਓਧਰ ਮੋੜਾਂ ਸੋਚਾਂ ਦਾ ਜੰਜ਼ਾਲ ਹੈ ਵਿਛਿਆ ਕੋਈ ਨਹੀਂ ਸੁਣਦਾ ਮੇਰੀ ਵਿਥਿਆ ਕਿੱਥੋਂ ਲੱਭਾਂ ਕਿਸ ਨੂੰ ਪੁੱਛਾਂ ਪਈਆਂ ਹਰ ਪਾਸੇ ਹੀ ਥੋੜਾਂ ਨੀਂਦ ਦੇ ਵਿੱਚ--- ਪਹੁੰਚਾ ਸੀ ਜਦ ਰੱਬ ਦੇ ਮੈਂ ਘਰ ਵੇਖ ਕੇ ਮੈਨੂੰ ਭੇੜ ਲਿਆ ਦਰ ਆਖਣ ਲੱਗਾ, ਪੁਜਾਰੀ ਮੈਨੂੰ ਕਿਹੜੀ ਗੱਲ ਦੀ ਤੋਟ ਹੈ ਤੈਨੂੰ ਜੇ ਆਖੇਂ ਤਾਂ ਕਰਾਂ ਨਿਬੇੜਾ? ਮੇਰੇ ਹੱਥ ਵਿੱਚ ਸਭ ਦੀਆਂ ਡੋਰਾਂ ਨੀਂਦ ਦੇ ਵਿੱਚ--- ਮੈਂ ਆਖਿਆ ਹੈ ਮਿਲਣਾ ਰੱਬ ਨੂੰ ਜ਼ਿੰਦਗੀ ਦਿੰਦਾ ਹੈ ਜੋ ਸਭ ਨੂੰ ਕਹਿਣ ਲੱਗਾ ਮੈਂ ਦੱਸਦਾਂ ਤੈਨੂੰ ਰੱਬ 'ਬਿਜ਼ੀ' ਤੂੰ ਦੱਸ ਦੇ ਮੈਨੂੰ ਉਹ ਤਾਂ ਮੇਰਾ ਕਹਿਣਾ ਮੰਨਦਾ ਜਿੱਧਰ ਚਾਹਵਾਂ ਦਿਆਂ ਮਰੋੜਾ ਨੀਂਦ ਦੇ ਵਿੱਚ--- ਕਿਸੇ ਵੀ ਪਾਸੇ ਜਦ ਨਾ ਲਾਇਆ ਥੱਕ ਹਾਰ ਮੈਂ ਤਰਲਾ ਪਾਇਆ ਕਹਿਣ ਲੱਗਾ ਫਿਰ ਅੰਤ ਪੁਜਾਰੀ ਕਿਉਂ ਤੂੰ ਮੇਰੀ ਮੱਤ ਹੈ ਮਾਰੀ? ਇੱਥੇ ਕੀ, ਉਹ ਸਭ ਥਾਂ ਰਹਿੰਦਾ ਇਹ ਤਾਂ ਰੋਟੀ ਦਾ ਬੱਸ ਤੋਰਾ ਨੀਂਦ ਦੇ ਵਿੱਚ ਖਿਆਲੀ ਘੋੜਾ ਐਧਰ ਨੂੰ ਕਦੀ ਓਧਰ ਮੋੜਾਂ---

ਕਵਿਤਾ: ਮਾਂ......

ਮਾਂ ਮਾਂ ਦਾ ਰੁਤਬਾ ਹੈ ਸਭ ਤੋਂ ਉਚਾ, ਮਾਂ ਦਾ ਰਿਸ਼ਤਾ ਹੈ ਸਭ ਤੋਂ ਸੁੱਚਾ। ਮਾਂ ਜੀਵਨ ਦਾਤੀ ਏ ਜੀਵਨ ਦੇਵੇ, ਕੋਮਲ ਮਮਤਾ ਤਾਂ ਜਿਉਂ ਸੁੱਚੇ ਮੇਵੇ। ਮਾਂ ਦਾ ਦਿਲ ਸਦਾ ਦਏ ਅਸੀਸਾਂ ਬੱਚਿਆਂ ਲਈ ਝੱਲਦੀ ਤਕਲੀਫਾਂ। ਬੱਚਿਆਂ ਲਈ ਸਦਾ ਜਾਨ ਵਾਰਦੀ, ਜੋ ਦੁੱਖਾਂ ਵਿੱਚ ਨਾ ਕਦੇ ਹਾਰਦੀ। ਮਾਂ ਤਾਂ ਘਰ ਵਿੱਚ ਹੈ ਇੱਕ ਮੰਦਿਰ, ਸਵਰਗ ਹੈ ਮਾਂ ਦੀ ਬੁੱਕਲ ਅੰਦਰ। ਮਾਂ ਦਾ ਪਿਆਰ ਜੋ ਖੁਦ ਠੁਕਰਾਉਂਦੇ, ਉਹ ਏਸ ਜੱਗ ਨੂੰ ਕਦੇ ਨਾ ਭਾਉਂਦੇ। ਜੋ ਆਪਣਾ 'ਕੰਗ' ਫਰਜ਼ ਨਿਭਾਉਂਦੇ, ਜੱਗ ਵਿੱਚ ਉਹ ਸਦਾ ਸੋਭਾ ਪਾਉਂਦੇ।।

ਕਵਿਤਾ: ਰੱਖੜੀ....

ਰੱਖੜੀ ਭੈਣ ਵੀਰ ਲਈ ਕਰੇ ਦੁਆਵਾਂ, ਨਾ ਲੱਗਣ ਤੈਨੂੰ ਤੱਤੀਆਂ ਹਵਾਵਾਂ, ਖੁਸ਼ੀਆਂ ਮਾਣੇਂ ਲੰਮੀ ਜ਼ਿੰਦਗੀ, ਦੂਰ ਵੇ ਤੈਥੋਂ ਰਹਿਣ ਬਲਾਵਾਂ। …………… ਵੀਰ ਕਰੇ ਰੱਬ ਨੂੰ ਅਰਜੋਈ, ਭੈਣ ਬਿਨਾਂ ਨਾ ਕੋਈ ਖੁਸ਼ਬੋਈ, ਰੱਬਾ ਮਾਪੇ ਸਮਝ ਲੈਣ ਜੇ, ਕੁੱਖ ਵਿੱਚ ਭੈਣ ਮਰੇ ਨਾ ਕੋਈ। …………… ਰੱਖੜੀ ਦਾ ਦਿਨ ਜਦ ਵੀ ਆਉਂਦਾ, ਭੈਣ ਭਰਾ ਦਾ ਪਿਆਰ ਵਧਾਉਂਦਾ, ਵਿਛੜੇ ਵੀਰ ਤੇ ਭੈਣਾਂ ਨੂੰ ਵੀ, ਇਹ ਦਿਨ ਖੁਸ਼ੀਆਂ ਨਾਲ ਮਿਲਾਉਂਦਾ। ……………

ਕਵਿਤਾ: ਨੀ ਮੇਰੀ ਹੋਣ ਵਾਲੀਏ ਮਾਂਏ ਨੀ...

ਨੀ ਮੇਰੀ ਹੋਣ ਵਾਲੀਏ ਮਾਂਏ ਨੀ ਮੇਰੀ ਭੋਲ਼ੀ ਮਾਂ ਮੇਰੀ ਸੁਣ ਫਰਿਆਦ ਤੂੰ ਭੁੱਲ ਜਏਂਗੀ ਮੈਨੂੰ ਕਰਕੇ ਯਾਦ ਜਿਸ ਦੁਨੀਆਂ ਵਿੱਚ ਤੂੰ ਵਸਦੀ ਏਂ ਜਿਹੜੇ ਚਮਨਾਂ ਵਿੱਚ ਤੂੰ ਹੱਸਦੀ ਏਂ ਜਿਸ ਹਵਾ 'ਚ ਸਾਹ ਤੂੰ ਲੈਨੀਂ ਏਂ ਜੀਹਨੂੰ ਬਾਗ ਬਹਾਰਾਂ ਕਹਿਨੀਂ ਏਂ ਇਹ ਦੁਨੀਆਂ ਮੈਨੂੰ ਵੀ ਤਕ ਲੈਣ ਦੇ ਮੈਨੂੰ ਕਦਮ ਧਰਤ ਤੇ ਰੱਖ ਲੈਣ ਦੇ ਮੈਨੂੰ ਕੁੱਖ ਵਿੱਚ ਕਤਲ ਕਰਾਵੀਂ ਨਾ ਨੀ ਮੈਂ ਜੀਣ ਜੋਗੀ ਮਰਵਾਵੀਂ ਨਾ ਨੀ ਮੈਂ ਜੀਣ--- ਸੁਣ ਨੀ ਮੇਰੀ ਧੀਏ ਨੀ ਹਾਏ ਧੀਏ ਨੀ ਨੀ ਤੂੰ ਤਾਂ ਕੁਝ ਨਾ ਜਾਣਦੀ ਧੀਏ ਨੀ ਇਹ ਦੁਨੀਆਂ ਤੈਨੂੰ ਚਾਹੁੰਦੀ ਨਹੀਂ ਤੈਨੂੰ ਸਮਝ ਕਿਉਂ ਹਾਏ ਆਉਂਦੀ ਨਹੀਂ ਇਹ ਧੀਆਂ ਨੂੰ ਮਾਰ ਮੁਕਾਉਂਦੀ ਏ ਮੇਰੀ ਸੋਚ ਤੇ ਵਾਰ ਚਲਾਉਂਦੀ ਏ ਇਸ ਦੁਨੀਆਂ ਤੇ ਇੱਕ ਮਰਦ ਵੀ ਏ ਉਹ ਨਰਮ ਵੀ ਏ ਬੇਦਰਦ ਵੀ ਏ ਮੇਰੀ ਸੋਚ ਤੇ ਓਹਦਾ ਕਬਜ਼ਾ ਏ ਮੇਰੇ ਮਨ ਵਿੱਚ ਓਹਦਾ ਜਜ਼ਬਾ ਏ ਮੇਰੇ ਮਨ ਵਿੱਚ---- ਨੀ ਸੁਣ ਤਾਂ ਮੇਰੀ ਅੰਮੜੀਏ ਨੀ ਮੇਰੀ ਹੋਣ ਵਾਲੀਏ ਅੰਮੜੀਏ ਨੀ ਤੈਨੂੰ ਕਲੀ ਨੂੰ ਕਿਸੇ ਖਿਲਾਇਆ ਏ ਕਿਸੇ ਮਾਂ ਵੀ ਤੈਨੂੰ ਜਾਇਆ ਏ ਇਹ ਧਰਤੀ ਵੀ ਤਾਂ ਮਾਂ ਬਣਦੀ ਕੀ ਇਹ ਵੀ ਸਾਰੇ ਪੁੱਤ ਜਣਦੀ? ਇਹ ਧੀਆਂ ਵੀ ਤਾਂ ਜਣਦੀ ਏ ਓਹਨਾਂ ਦੀ ਮਾਂ ਵੀ ਬਣਦੀ ਏ ਤੇਰਾ ਮੇਰੇ ਤੇ ਉਪਕਾਰ ਹੋਊ ਨਾਲੇ ਤੇਰਾ ਵੀ ਸਤਿਕਾਰ ਹੋਊ ਹਾਂ ਰੱਬ ਦੇ ਘਰ--- ਨੀ ਮੇਰੀ ਅੱਧ ਖਿਲੀਏ ਕਲੀਏ ਨੀ ਸੁਣ ਮੇਰੀ ਵੀ ਤਾਂ ਭਲੀਏ ਨੀ ਮੇਰਾ ਇਹਦੇ 'ਚ ਨਾ ਕਸੂਰ ਕੋਈ ਮੈਂ ਡਾਹਢੀ ਹੀ ਮਜ਼ਬੂਰ ਹੋਈ ਇਸ ਸਮਾਜ ਤੇ ਚੌ

ਕਵਿਤਾ: ਮਹਿਬੂਬਾ...

ਮਹਿਬੂਬਾ ਜਦ ਕਦੀ ਉਹਦੀ ਜ਼ੁਲਫ ਦਾ ਕਾਲਾ ਸ਼ਾਹ ਵਾਲ ਟੁੱਟ ਕੇ ਮੇਰੇ ਜ਼ਿਹਨ ਦੀਆਂ ਬਿਖਰੀਆਂ ਤੰਦਾਂ ’ਚ ਫਸ ਜਾਂਦਾ ਏ ਮੈਂ ਉਦਾਸ ਹੋ ਜਾਂਦਾ ਹਾਂ ਜਦ ਕਦੀ ਉਹਦੇ ਛਲਕਦੇ ਨੈਣਾਂ ਦੇ ਪਿਆਲਿਆਂ ’ਚੋਂ ਸਵਾਂਤੀ ਬੂੰਦ ਜਿਹਾ ਹੰਝੂ ਸੋਚਾਂ ਦੀ ਹਥੇਲੀ ਤੇ ਡਿੱਗ ਪੈਂਦਾ ਏ ਮੈਂ ਉਦਾਸ … ਜਦ ਕਦੀ ਉਹਦੇ ਹੋਠਾਂ ਦਾ ਸੁਰਖ਼ ਰੰਗ, ਲਹੂ ਵਾਂਗ ਸਰੀਰ ਦੇ ਜਰੇ ਜਰੇ ਵਿੱਚ ਦੌੜਦਾ ਜਾਪਦਾ ਏ ਮੈਂ ਉਦਾਸ … ਜਦ ਕਦੀ ਉਹਦੇ ਸਹਿਮੇ ਹੋਏ ਮਦਹੋਸ਼ ਅੰਗਾਂ ’ਚ ਕੁਦਰਤ ਦੀ ਖੁਸ਼ਬੋਈ ਅਧਮੋਈ ਹੋਈ ਦਿਸਦੀ ਏ ਮੈਂ ਉਦਾਸ … ਜਦ ਕਦੀ ਓਸ ਦੀ ਇਬਾਦਤ ‘ਚ ਮੇਰੀ ਕਲਮ ਆਪ ਮੁਹਾਰੇ ਕੋਰੇ ਕਾਗ਼ਜ਼ ਦੀ ਹਿੱਕ ਤੇ ਤਾਜ਼ੇ ਜ਼ਖ਼ਮਾਂ ਨੂੰ ਝਰੀਟਦੀ ਏ ਮੈਂ ਉਦਾਸ … ਜਦ ਕਦੀ ਮੈਂ ਸੜਦੇ ਸ਼ਹਿਰ ਦੇ ਬਲ਼ਦੇ ਸਿਵਿਆਂ ‘ਚੋਂ ਉਸ ਨੂੰ ਧੂੰਆਂ ਬਣ ਕੇ ਉੱਡਦਾ ਹੋਇਆ ਤੱਕਦਾ ਹਾਂ ਮੈਂ ਉਦਾਸ … ਜਦ ਕਦੀ ਉਹਦੇ ਵਿਹੜੇ ਵਾਲੀ ਹਵਾ ‘ਚੋਂ ਵੈਣਾਂ ਦੀ ਵਾਸ਼ਨਾ ਮੇਰੇ ਮਨ ਦੇ ਵਿਹੜੇ ਨੂੰ ਅਣਭੋਲ ਹੀ ਤੁਰੀ ਆਉਂਦੀ ਏ ਮੈਂ ਉਦਾਸ … ਜਦ ਕਦੀ ਗੁੰਮਨਾਮ ਖ਼ਾਮੋਸ਼ੀਆਂ ਦੇ ਦਰਦ ਦਾ ਦਰਿਆ ਉਹਦੇ ਅਤੇ ਮੇਰੇ ਸੀਨੇ ਤੇ ਇੱਕ ਹੀ ਵਹਿਣ ‘ਚੇ ਵਗਦਾ ਏ ਮੈਂ ਉਦਾਸ ਹੋ ਜਾਂਦਾ ਹਾਂ ਹਰ ਵਕਤ ਉਸ ਦੀਆਂ ਯਾਦਾਂ ਦਾ ਆਲਮ ਮੇਰੇ ਸਾਹਵਾਂ ‘ਚ ਭਟਕਦੀ ਜਿੰਦਗੀ ਦਾ ਯਮਰਾਜ ਬਣ ਬੈਠਾ ਏ, ਕਿਉਂਕਿ, ਉਦਾਸੀ ਨੂੰ ਮੇਰੀ ਮਹਿਬੂਬਾ ਹੋਣ ਦਾ ਭਰਮ, ਸੱਚਾ ਖ਼ਾਬ ਬਣ ਬੈਠਾ ਏ।