ਕਵਿਤਾ: ਭਗਤ ਸਿੰਘ ਇਨਸਾਨ ਸੀ!

ਭਗਤ ਸਿੰਘ ਇਨਸਾਨ ਸੀ!
ਭਗਤ ਸਿੰਘ ਤੂਫ਼ਾਨ ਸੀ,
ਉਹ ਯੋਧਾ ਬਲਵਾਨ ਸੀ,
ਸਿੱਖ, ਹਿੰਦੂ ਦੇ ਨਾਲੋਂ ਪਹਿਲਾਂ,
ਉਹ ਚੰਗਾ ਇਨਸਾਨ ਸੀ,
ਉਹ ਯਾਰੋ ਇਨਸਾਨ ਸੀ!

ਬੱਸ ਕਰੋ ਹੁਣ ਫਿਰਕਪ੍ਰਸਤੋ,
ਬੰਦ ਕਰੋ ਹੁਣ ਡੌਰੂ ਆਪਣਾ,
ਅਜੇ ਤਾਂ ਆਖੋ ਸਿੱਖ ਜਾਂ ਹਿੰਦੂ,
ਆਖੋਂਗੇ ? ਮੁਸਲਮਾਨ ਸੀ,
ਉਹ ਚੰਗਾ ਇਨਸਾਨ ਸੀ,
ਉਹ ਯਾਰੋ ਇਨਸਾਨ ਸੀ!

ਧਰਮ ਅਫੀਮ ਹੈ ਕਹਿਣਾ ਉਸਦਾ,
ਜਿਸਦੇ ਨਾਂ ਤੇ ਵੰਡੀਆਂ ਪਾਵੋਂ,
ਸੋਚ, ਸਿਧਾਤਾਂ ਦੀ ਖਾਤਰ ਜੋ,
ਹੋਇਆ ਕੱਲ ਕੁਰਬਾਨ ਸੀ,
ਉਹ ਯਾਰੋ ਇਨਸਾਨ ਸੀ,
ਉਹ ਚੰਗਾ ਇਨਸਾਨ ਸੀ!

ਸਭ ਨੂੰ ਪਤਾ ਹੈ ਮਕਸਦ ਥੋਡਾ,
ਹੁਣ ਇਹ ਰਹਿਣਾ ਪਿਆ ਅਧੂਰਾ,
ਭੁੱਲ ਜਾਵੋ ਕਿ ਚਾਲ ਤੁਹਾਡੀ,
ਤਿੱਖੀ ਕੋਈ ਕਿਰਪਾਨ ਸੀ,
ਉਹ ਚੰਗਾ ਇਨਸਾਨ ਸੀ,
ਉਹ ਯਾਰੋ ਇਨਸਾਨ ਸੀ!

ਸਾਡੇ ਦਿਲ ਵਿੱਚ ਅੱਜ ਵੀ ਜੀਂਦੇ,
ਬਿਜਲੀ ਬਣਕੇ ਉਸਦੇ ਖਿਆਲ,
ਕਰਨਾ ਹੈ ਅਸੀਂ ਰਲ਼ ਕੇ ਪੂਰਾ,
ਜੋ ਉਸਦਾ ਅਰਮਾਨ ਸੀ,
ਉਹ ਚੰਗਾ ਇਨਸਾਨ ਸੀ,
ਉਹ ਯਾਰੋ ਇਨਸਾਨ ਸੀ!

ਖੁੱਲੇ ਅੰਬਰ ਵਰਗੀਆਂ ਸੋਚਾਂ,
ਦਾ ਮਾਲਕ ਸੀ ਭਗਤ ਸਿੰਘ,
ਇਸ ਧਰਤੀ ਤੇ ਕੰਧਾਂ ਦੀ ਥਾਂ,
ਉਹ ਚਾਹੁੰਦਾ ਮੈਦਾਨ ਸੀ,
ਉਹ ਚੰਗਾ ਇਨਸਾਨ ਸੀ,
ਉਹ ਯਾਰੋ ਇਨਸਾਨ ਸੀ!

ਉਸਦੇ ਅੱਖਰ ਲਟ ਲਟ ਬਲ਼ਦੇ,
ਲੁਕਣੀ ਨਾ ਹੁਣ ਉਸਦੀ ਲੋਅ,
ਵਿੱਚ ਮਨੁੱਖਤਾ ਇਕਸਾਰਤਾ,
ਉਸਦਾ ਇਹ ਪੈਗ਼ਾਮ ਸੀ,
ਉਹ ਚੰਗਾ ਇਨਸਾਨ ਸੀ,
ਉਹ ਯਾਰੋ ਇਨਸਾਨ ਸੀ!

ਫਾਂਸੀ, ਫਾਹੇ ਜੋ ਵੀ ਹੋਵਣ,
'ਮਿੱਟੀ' ਬੱਸ ਮੁਕਾ ਸਕਦੇ,
ਅੱਜ ਵੀ ਉਸਦੀ 'ਸੋਚ' ਜਵਾਨ,
ਪਹਿਲਾਂ ਜਿਵੇਂ ਜਵਾਨ ਸੀ,
ਉਹ ਚੰਗਾ ਇਨਸਾਨ ਸੀ,
ਉਹ ਯਾਰੋ ਇਨਸਾਨ ਸੀ!!

"ਇਨਕਲਾਬ ਜ਼ਿੰਦਾਬਾਦ"

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....