Posts

Showing posts with the label ਨਜ਼ਮ

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਨਜ਼ਮ: ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਜੇ ਕਦੇ ਆਪਣੇ ਦੇਸ, ਤੁਸੀਂ ਵਾਪਸ ਜਾਵੋਂ, ਆਪਣਿਆਂ ਤੋਂ ਅੱਖ ਬਚਾ, ਦੇਸ'ਚ ਜਾ ਕੇ ਵੇਖੋਂ ਤੁਹਾਡੀ ਵਿਚਾਰਧਾਰਾ ਦਾ ਰੰਗ? ਤੁਹਾਡੇ ਖਿਆਲਾਂ ਦੀਆਂ ਬਿਜਲੀਆਂ? ਤੁਹਾਡੀਆਂ ਸੋਚਾਂ ਦਾ ਖੁੱਲਾ ਅਸਮਾਨ? ਅਤੇ ਅਜ਼ਾਦੀ ਨੂੰ ਮਾਣਨ ਵਾਲਾ ਸਰੂਰ? ਕੁਝ ਵੀ ਤਾਂ ਨਹੀਂ ਦਿਸਣਾ, ਓਸ ਦੇਸ ਵਿੱਚ। ਬੱਸ! ਹਾਕਮਾਂ ਦਾ ਰੰਗ ਹੀ ਬਦਲਿਆ, ਦਿਲ ਤਾਂ ਫਰੰਗੀਆਂ ਦੇ ਦਿਲਾਂ ਵਰਗੇ ਹੀ ਨੇ ਤਾਂ ਹੀ ਤਾਂ ਤੁਹਾਡੇ ਵੀਰ ਮੁੜ ਗੋਰਿਆਂ ਦੇ ਵਤਨਾਂ'ਚ ਦਿਨ ਕੱਟਦੇ ਨੇ, ਧਰਮਾਂ ਦੇ ਨਾਂ ਤੇ ਅੱਗੇ ਵਾਂਗ ਹੀ ਮਨੁੱਖ, ਮਨੁੱਖ ਨੂੰ ਵੱਢਦੇ ਨੇ, ਗਰੀਬ ਪਾਣੀ ਲਈ ਵੀ ਤਰਸਦੇ, ਤਰਸਦੇ ਮਰਦੇ ਨੇ, ਮਾਡਰਨ ਸੋਚਾਂ ਦੇ, ਔਰਤ ਉੱਪਰ ਉਵੇਂ ਹੀ, ਜੁ਼ਲਮ ਵਰ੍ਹਦੇ ਨੇ। ਪਰ ਤੁਹਾਡੀਆਂ ਸ਼ਹਾਦਤਾਂ ਅਜਾਈ ਨਹੀਂ ਜਾਣਗੀਆਂ, ਸਮਾਂ ਬੜਾ ਤਾਕਤਵਰ ਹੁੰਦਾ ਹੈ, ਕ੍ਰਾਂਤੀ ਪੁਰਾਣੀ ਨਹੀਂ ਹੁੰਦੀ ਕਦੇ! ਹੋਰ ਭਗਤ ਸਿੰਘ ਉਠਣਗੇ, ਹੋਰ ਸੁਖਦੇਵ ਆਉਣਗੇ, ਹੋਰ ਰਾਜਗੁਰੂ ਫਾਂਸੀਆਂ ਚੁੰਮਣਗੇ, ਭਾਰਤ ਮਾਂ ਨੂੰ ਅਜ਼ਾਦ ਕਰਾਉਣਗੇ, ਪਰ ਇਸ ਵਾਰੀ ਭਾਰਤ ਮਾਤਾ, ਬਦੇਸ਼ੀਆਂ ਦੇ ਕਬਜ਼ੇ'ਚ ਨਹੀਂ, ਇਸ ਵਾਰ ਉਹ ਆਪਣੇ ਹੀ ਪੁੱਤਰਾਂ ਵਿਚਕਾਰ, ਬੇਵੱਸ ਨਜ਼ਰ ਆ ਰਹੀ ਹੈ!!!

ਨਜ਼ਮ: ਸਾਜ਼ਸ਼ (ਪਾਸ਼ ਨੂੰ ਸਮਰਪਿਤ)......

ਸਾਜ਼ਸ਼ (ਪਾਸ਼ ਨੂੰ ਸਮਰਪਿਤ) “ਪਾਸ਼ ਨੂੰ ਪੜ੍ਹਿਆ?” ਜਦ ਮੇਰੇ ਦੋਸਤ ਨੇ ਪੁੱਛਿਆ ਸੀ, ਤਾਂ ਮੇਰੀ ਪੜ੍ਹਾਈ ਦੀ ਕਾਲਜ ਜਾਣ ਤੋਂ ਪਹਿਲਾਂ ਹੀ ਮੌਤ ਹੋ ਜਾਣ ਕਰਕੇ, ਹੈਰਾਨੀ ਭਰੇ ਹਾਵ ਭਾਵ ਮੇਰੇ ਚਿਹਰੇ ਉਤੇ ਉਭਰੇ ਵੇਖ, ਉਹ ਸਮਝ ਗਿਆ ਸੀ ਕਿ ਜਵਾਬ “ਨਹੀਂ” ਹੈ. ------------- ਇਸ ਗੱਲ ਤੋਂ ਬਾਅਦ ਮੈਂ ‘ਪਾਸ਼L’ ਲੱਭਿਆ! ਪੜ੍ਹਿਆ!! ਫਿਰ ਸਮਝ ਆਈ, ਕਿ ਕਿਉਂ, ਨਹੀਂ ਸੀ ਪਤਾ 'ਤੇਰੇ' ਵਾਰੇ। ੧੦ + ੨ ਤੱਕ ਕਦੀ ਕਿਸੇ ਸਲੇਬਸ ਦੀ ਕਿਤਾਬ 'ਚੋਂ ਤੇਰੀ ਨਜ਼ਮ ਦਾ ਮੁੱਖ ਕਿਉਂ ਨਹੀਂ ਸੀ ਤੱਕਿਆ? ਤੇਰੀ ਤਿੱਖੀ ਸੋਚ ਦੀ ਮਹਿਕ ਕਿਉਂ ਨਹੀਂ ਸੀ ਆਈ? ਮੁਰਦੇ ਵਿੱਚ ਜਾਨ ਪਾਉਣ ਵਾਲੇ ਸ਼ਬਦਾਂ ਦਾ ਤੀਰ ਮੇਰੀ ਹਿੱਕ ਵਿੱਚ ਕਿਉਂ ਨਹੀਂ ਸੀ ਖੁੱਭਿਆ? ----------------- ਹਾਂ, ਹੁੰਦਾ ਵੀ ਕਿਵੇਂ? ਜਿਸ ‘ਸੋਚ’ ਖਿਲਾਫ ਤੇਰੀ ਲੜਾਈ ਸੀ ਓਸ ਸੋਚ ਦੇ ਪੈਰਾਂ ਵਿੱਚ ਹੀ ਤਾਂ ਸਕੂਲਾਂ ਦੇ ਸਲੇਬਸ ਦੀਆਂ ਕਿਤਾਬਾਂ ਰੁਲ਼ਦੀਆਂ ਫਿਰਦੀਆਂ ਹਨ! ਜਿਹੜੀਆਂ ਜੰਮਦੀਆਂ ਕਲੀਆਂ ਨੂੰ ਮਹਿਕ ਵਿਹੂਣਾ ਹੀ ਰੱਖਣਾ ਲੋਚਦੀਆਂ ਨੇ! ਸਿਰਫ਼ ਕੁਰਸੀ ਦੀਆਂ ਲੱਤਾਂ ਵਾਰੇ ਹੀ ਸੋਚਦੀਆਂ ਨੇ!! ----------------- ਅੱਜ ਫਿਰ ਓਸ ਗੱਲ ਤੋਂ ਬਾਅਦ ਤੇਰੇ ਜਨਮ ਦਿਨ ਤੇ ਮੇਰੀਆਂ ਸੋਚਾਂ ਦੇ ਝਰਨੇ 'ਚੋਂ ਇਹ ਖਿਆਲ ਕਿਰਿਆ ਕਿ ਪਤਾ ਨਹੀਂ, ਐਨੇ ਸਾਲਾਂ ਬਾਅਦ ਅੱਜ ਵੀ ਤੇਰਾ ਨਾਮ ਪੁੰਗਰਦੇ ਪੱਤਿਆਂ ਤੇ ਤ੍ਰੇਲ ਦੀਆਂ ਬੂੰਦਾਂ ਵਾਂਗ ਚਮਕਦਾ ਹੋਵੇਗਾ ਕਿ ਨਹੀਂ? ਜੰਮਦੀਆਂ ਕਿਰਨਾਂ ਦੇ ਮੁੱਖ ਤੇ

ਨਜ਼ਮ: ਫੁੱਲ ਦੀ ਆਸ.......

ਫੁੱਲ ਦੀ ਆਸ ਫੁੱਲ ਕੰਡਿਆਂ ਨਾਲ ਭਿੜਦਾ, ਭਿੜਦਾ ਭਿੜਦਾ ਹੈ ਖਿੜਦਾ ਕੰਡਿਆਂ ਦਾ ਕਾਰਜ ਤਾਂ ਹੈ ਉਸ ਦੀ ਰਖਵਾਲੀ ਕਰਨਾ, ਪਰ ਕਰਦੇ ਨੇ ਉਲਟ। ਪਰ ਫੁੱਲ ਦੀ ਸੋਚ ਇਨ੍ਹਾਂ ਤੋਂ ਹੈ ਵੱਖਰੀ ਕਿਉਂਕਿ ਉਸ ਦੀ ਝੋਲ ਨਹੀਂ ਹੈ ਸੱਖਣੀ ਉਸ ਵਿੱਚ ਖ਼ੁਸ਼ਬੋਅ ਕੁਝ ਰੰਗ ਥੋੜਾ ਸੁਹਜ ਥੋੜੀ ਸੁੰਦਰਤਾ। ਪਰ, ਕੰਡਿਆਂ ਨੂੰ ਸੰਵਾਰਨਾ ਨਹੀਂ ਵਿਗਾੜਨਾ ਹੀ ਆਉਂਦਾ ਏ ਫੁੱਲ ਮਾਣ ਤੋਂ ਰਹਿਤ ਆਪਣਾ ਆਪ ਲੁਟਾਉਣਾ ਜਾਣੇ ਆਸ'ਚ ਜਿਉਂਦਾ ਮਹਿਕ ਖਿਲਾਰੇ। ਕੰਡਿਆਂ ਵਿੱਚ ਪਲ਼ਦਾ, ਝੱਖੜਾਂ'ਚ ਵਧਦਾ ਤੁਫ਼ਾਨਾਂ, ਹਨੇਰੀਆਂ'ਚ, ਘਿਰਿਆ ਹੋਇਆ ਵੀ ਖਿੜਿਆ ਰਹਿੰਦਾ, ਚਹਿਕਦਾ ਰਹਿੰਦਾ, ਮਹਿਕਦਾ ਰਹਿੰਦਾ। ਜ਼ਿੰਦਗੀ ਦੇ ਬਾਗ'ਚ ਨਵੀਂਆਂ ਖਿੜਦੀਆਂ ਕਲੀਆਂ ਲਈ, ਅਧੂਰਾ ਕਰਮ ਛੱਡ, ਆਖਰ ਇਕ ਦਿਨ, ਮਿੱਟੀ ਦਾ ਕਣ ਹੋ ਨਿੱਬੜਦਾ, ਐਪਰ ਉਸ ਨੂੰ ਅਹਿਸਾਸ ਸੀ ਕਿ ਫੁੱਲ ਦੀ ਉਮਰ ਥੋੜੀ ਹੁੰਦੀ ਹੈ ਪਰ ਮਹਿਕ ਵਧੇਰੀ! ਮਹਿਕ ਲੰਮੇਰੀ!! ਮਹਿਕ ਚੰਗੇਰੀ!!!

ਨਜ਼ਮ: ਜੀਉਣ ਦਾ ਖਿਆਲ....

ਜੀਉਣ ਦਾ ਖਿਆਲ ਅੱਜ ਫੇਰ, ਦਿਲ ਕੀਤਾ, ਕਿ ਤੈਨੂੰ ਕੁਝ ਕਹਾਂ, ਜੋ ਚਿਰਾਂ ਦਾ ਅੰਦਰ ਹੀ ਅੰਦਰ ਮੇਰਾ ਆਪਾ ਖੋਰਦਾ ਰਿਹਾ ਸੀ! ਯਾਦ ਹੈ ਕਦੇ ਆਪਣਾ ਇਕੱਠਿਆਂ ਦਾ, ਸੁਪਨੇ ਨੂੰ ਅੱਖ ਦੇ ਕੈਮਰੇ 'ਚ ਕੈਦ ਕਰਨਾ ਖਲਾਅ ਵਿੱਚ ਬਿਨ ਪਰਾਂ ਤੋਂ ਤਰਨਾ ਨੀਂਦ ਨੂੰ ਅੱਖਾਂ 'ਚ ਭਰ ਕੇ ਖਰਨਾ ਜੀਂਦੇ ਜੀਅ ਕਦੀ ਕਦੀ ਮਰਨਾ ਕਦੀ ਬਹੁਤ ਦੂਰ ਆਪੇ ਤੋਂ ਚਲੇ ਜਾਣਾ, ਵਾਪਸ ਆ ਕੇ ਖਾਲੀ ਖਾਲੀ ਆਪੇ ਨੂੰ ਟੋਹਣਾ, ਅਧੂਰੇਪਣ ਜਿਹੇ ਨਾਲ ਭਖਦੇ ਜਿਸਮ ਨੂੰ ਛੋਹਣਾ। ਕਦੀ ਕਦੀ ਮਨ ਦਾ ਦੂਰ ਦਿਸਦੇ ਰੁੱਖ ਦੀ ਛਾਵੇਂ, ਬਹਿਣਾ ਲੋਚਣਾ ਕੱਲੇ ਹੋ ਕੁਝ ਸੋਚਣਾ 'ਕੱਠੇ ਹੋ ਕੁਝ ਸੋਚਣਾ ਪਰ ਦਿਲ ਦਾ ਰਾਜ਼ ਦਫ਼ਨ ਕਰਨਾ ਸਾਹਾਂ ਦੇ ਹੇਠਾਂ। ਕਦਮ ਨਾਲ ਕਦਮ ਮਿਲਾ, ਵਗਦੀ ਨਦੀ ਦੇ ਕੰਢੇ ਕੰਢੇ ਤੁਰਨਾ, ਤੁਰਨਾ ਜਾਂ ਭੁਰਨਾ, ਨੈਣਾਂ 'ਚ ਨੈਣ ਪਾ, ਵਾਪਸ ਮੁੜਨਾ। ਹਾਂ, ਯਾਦ ਆਇਆ, ਸੱਚ ਦੱਸੀਂ! ਤੂੰ ਉਸ ਦਿਨ ਮੇਰੇ ਤੋਂ ਓਹਲੇ ਹੋ ਕੇ ਏਸ ਨਦੀ ਨੂੰ ਕੀ ਕਿਹਾ ਸੀ? ਇਹ ਸੁੱਕ ਕਿਉਂ ਰਹੀ ਏ? ਇਹ ਮੁੱਕ ਕਿਉਂ ਰਹੀ ਏ? ਇਹ ਸਾਡੇ ਦੋਵਾਂ ਦੇ ਅੱਜ ਫੇਰ ਇੱਥੇ ਆਉਣ ਤੇ ਲੁਕ ਕਿਉਂ ਰਹੀ ਏ? ਸ਼ਾਇਦ ਤੇਰੇ ਬੋਲਣ ਤੋਂ ਪਹਿਲਾਂ, ਮਰਦੀ ਹੋਈ ਨਦੀ ਹੀ ਬੋਲ ਪਵੇ। ਜੇ ਆਪਾਂ ਆਪਣਾ ਸੁਪਨਾ ਇਸ ਨੂੰ ਦੇ ਦਈਏ, ਸ਼ਾਇਦ ਇਹਨੂੰ ਕੁਝ ਚਿਰ ਹੋਰ ਜੀਉਣ ਦਾ ਖਿਆਲ ਆ ਜਾਵੇ, ਹਾਂ ਸੱਚ, ਸ਼ਾਇਦ ਇਸਨੂੰ ਵੀ ਸੁਪਨੇ ਨੂੰ ਕੈਦ ਕਰਨ ਦਾ ਅਣਮੁੱਲਾ, ਅਣਛੋਹਿਆ, ਅਣਹੋਇਆ, ਅਨੋਖਾ ਕਮਾਲ ਆ ਜਾਵੇ! ਜੀਉਣ ਦਾ ਖਿਆਲ ਆ ਜਾਵੇ!!

ਨਜ਼ਮ: ਵਿਸ਼ਾਲਤਾ.....

ਵਿਸ਼ਾਲਤਾ ਸਮਿਆਂ ਤੋਂ ਜਿਹੜੀ ਕਸ਼ਮਕਸ਼, ਮੇਰੇ ਜਜ਼ਬਾਤ ਦੇ ਘੇਰੇ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਸੀ, ਉਹ ਅੱਜ ਕਾਮਯਾਬ ਹੋ ਗਈ ਏ! ਅੱਜ ਸੱਚ, ਮੇਰੇ ਮਨ ਦੀ ਦਹਿਲੀਜ਼ ਨੂੰ ਪਾਰ ਕਰਨ ਵਿੱਚ ਕਾਮਯਾਬ ਹੋ ਰਿਹਾ ਏ। ਲੈ ਸੁਣ, ਨਿਆਰੀ ਜ਼ਿੰਦਗੀ ਕਾਸ਼! ਤੂੰ ਬੁਝਾਰਤ ਨਾ ਹੋ ਕੇ ਖੁੱਲੀ ਕਿਤਾਬ ਹੁੰਦੀ! ਜਾਂ ਪੱਲਰਦੀ ਆਸ ਹੁੰਦੀ! ਹੋਰ ਸੁਣ, ਪਿਆਰੀ ਜ਼ਿੰਦਗੀ ਕਾਸ਼! ਤੂੰ ਚੁੱਪ ਦੀ ਚੀਕ ਨਾ ਹੋ ਕੇ, ਪ੍ਰੀਤ ਦਾ ਗੀਤ ਹੁੰਦੀ! ਜਾਂ ਸਾਹਾਂ ਦੀ ਪ੍ਰੀਤ ਹੁੰਦੀ! ਜਾਂ ਮਿੱਠਾ ਜਿਹਾ ਮੀਤ ਹੁੰਦੀ! ਪਰ ਭੁੱਲ ਕੇ ਕਦੀ ਵੀ ਰੀਤ ਨਾ ਹੁੰਦੀ! ਨਿਰੀ ਰੀਤ ਨਾ ਹੁੰਦੀ! ਬਲਕਿ  ਹਾਂ ਇਕ ਮਾਣਮੱਤਾ ਮੋਹ ਭਰਿਆ ਪਿਆਰਾ ਜਿਹਾ ਨਿਆਰਾ ਜਿਹਾ ਗੀਤ ਹੁੰਦੀ!

ਨਜ਼ਮ: ਲੋਹੇ ਦੀ ਕੁਰਸੀ.....

ਲੋਹੇ ਦੀ ਕੁਰਸੀ ਬੇਦੋਸ਼ੇ ਖ਼ੂਨ 'ਚੋਂ ਨਿੱਕਲੀਆਂ ਚੀਕਾਂ ਇਹ ਨਹੀਂ ਸੁਣਦੀ, ਲੋਹੇ ਦੀ ਕੁਰਸੀ ਜਿਉਂ ਹੋਈ। ਪਰ ਇਹ ਹੈ ਦੁਨਿਆਵੀ, ਮਜ਼ਲੂਮਾਂ ਤੇ ਹਾਵੀ, ਵਰਤਾਉਂਦੀ ਭਾਵੀ। ਲਗਭਗ! ਸਾਰੇ ਹੀ ਜੀਵਾਂ 'ਨ ਇਸਦਾ ਹੈ ਵੈਰ, ਇਹ ਨਹੀਂ ਮੰਗਦੀ ਕਿਸੇ ਦੀ ਖੈਰ! ਬੰਬਾਂ ਦੇ ਢੇਰਾਂ ਤੋਂ ਵਾਹਵਾ ਦੁਰ, ਸੁਰੱਖਿਅਤ, ਮਹਿਫ਼ੂਜ਼ ਹਥਿਆਰਾਂ 'ਚ ਘਿਰੀਓ ਅਰਾਮ ਫ਼ਰਮਾਅ ਰਹੀ ਹੈ। ਮਗਰ, ਮਜ਼ਲੂਮਾਂ ਦੀ ਹਿੱਕੜੀ ਤੇ ਡਾਹੀ ਗਈ ਏ, ਸਮੇਂ ਦੇ ਹਾਕਮ ਵਲੋਂ। ਹੌਕੇ, ਹੰਝੂ, ਹਾੜੇ ਨਹੀਂ ਪਿਘਲਾਅ ਸਕਦੇ ਇਸਨੂੰ, ਇਸਦਾ ਲੋਹਾ, ਟੈਂਕਾਂ ਅਤੇ ਬੰਬਾਂ ਦੇ ਲੋਹੇ ਨਾਲ ਹੂ-ਬਹੂ ਮਿਲਦਾ ਹੈ। ਵਹਿਸ਼ਤ, ਦਹਿਸ਼ਤ ਦਾ ਸੁਮੇਲ, ਖੂਨੀ, ਡਾਢੀ, ਬਗਾਨੀ ਲੋਹੇ ਦੀ ਕੁਰਸੀ! ਬੇਦਰਦ ਲੋਹੇ ਦੀ ਕੁਰਸੀ!!

ਨਜ਼ਮ: ਅਮਰ ਰੂਹਾਂ......

ਕਵਿਤਾ: ਅਮਰ ਰੂਹਾਂ ਉਹ ਮੇਰੇ ਵੱਲ ਵੇਖਦੀ, ਮੁਸਕਰਾਉਂਦੀ ਹੈ, ਤੇ ਹੁਣੇ ਹੀ ਪਲ ਵਿੱਚ ਅੱਖਾਂ ਲਾਲ ਕਰ ਮੁੱਖ ਤੇ ਲੋਹੜੇ ਦੀ ਲਾਲੀ ਲਿਆ ਗੁੱਸੇ ਭਰਿਆ ਅੰਦਾਜ਼ ਬਣਾ, ਤੱਕਣ ਲਗਦੀ ਹੈ। ……… ਮੈਂ ਤਾਂ ਸਿਰਫ ਉਸਨੂੰ ਇੰਨਾ ਹੀ ਕਿਹਾ ਸੀ ਕਿ, ਸੁਣ! “ਦਿਲ ਦੀ ਗੱਲ ਕਹਿਣ ਲੱਗਾ ਹਾਂ, ਅੱਜ ਤੈਨੂੰ ਮੁਦੱਤ ਬਾਅਦ ” ਬਿਨਾਂ ਸ਼ਬਦਾਂ ਤੋਂ ‘ਹਾਂ’ ਵਿੱਚ ਸਿਰ ਹਿਲਾਉਂਦੀ ਨੇ ਗੱਲ ਕਰਨ ਦਾ ਇਸ਼ਾਰਾ ਕੀਤਾ ਸੀ। ……… “ਮੈਨੂੰ ਰੂਹਾਂ ਦਿਸਦੀਆਂ ਨੇ” ਮੇਰੇ ਇੰਨਾ ਕਹਿਣ ਬਾਅਦ ਉਸ ਨੇ ਇੰਨਾ ਸੁਣਨ ਬਾਅਦ “ਕਿੱਥੇ?” ਜਰੂਰ ਕਿਹਾ ਸੀ… “ਮੇਰੀ ਲਾਇਬਰੇਰੀ ਵਿੱਚ” ਜਦੋਂ ਇਹ ਬੋਲ ਮੈਂ ਕਹੇ ਸੀ ਤਾਂ, ਉਸਦੇ ਨੈਣ ਕਟੋਰੇ ਖਾਰੇ ਹੰਝੂਆਂ ਨਾਲ ਉਪਰ ਤੱਕ ਭਰੇ, ਛਲਕ ਰਹੇ ਸਨ। ……… “ਕੀ ਤੂੰ ਹੁਣ ਇਨ੍ਹਾਂ ਨਾਲ ਰਲ਼ਣਾ ਚਾਹੁੰਦਾ ਏਂ?” ਸਵਾਲ ਹਵਾ ਦੀਆਂ ਲਹਿਰਾਂ ਪਾਰ ਕਰ ਕੇ ਕੰਨਾਂ ਤੱਕ ਪੁੱਜ ਚੁੱਕਾ ਸੀ। “ਹਾਂ” ਇੰਨਾ ਹੀ ਕਹਿ ਸਕਿਆ ਸਾਂ ਉਸਨੂੰ। ……… “ਇਹ ਉਮਰਾਂ ਦੀ ਸਾਧਨਾ ਦਾ ਫਲ਼, ਤੂੰ ਬਿੰਦ ਝੱਟ ਵਿੱਚ ਪਾਉਣਾ ਚਾਹੁੰਨਾ ਏਂ? ” ਸਵਾਲਾਂ ਦੀ ਝੜੀ ਲਾਈ ਜਾ ਰਹੀ ਸੀ ਉਹ। “ਹਾਂ” ਮੈਂ ਡਰਦੇ ਡਰਦੇ ਆਖਿਆ ਸੀ। “ਇਹ ਕਿੰਝ ਹੋ ਸਕਦਾ ਏ?” ਨਵਾਂ ਪ੍ਰਸ਼ਨ ਸੀ ਮੇਰੇ ਲਈ। “ਤੇਰੇ ਹੁੰਦਿਆਂ ਹੋਇਆਂ ਵੀ ਨਹੀਂ?” ਉਲਟਾ ਉਸ ਨੂੰ ਪੁੱਛਿਆ ਸੀ ਮੈਂ। “ਸ਼ਾਇਦ…” ‘ਕਲਮ’ ਦਾ ਜਵਾਬ ਸੀ।

ਨਜ਼ਮ: ਰੇਤ ਅਤੇ ਰੱਤ....

ਰੇਤ ਅਤੇ ਰੱਤ ਕੀ ਰੇਤ ਵੀ ਆਪਣੀ ਰੱਤ ਪੀਂਦੀ ਏ? ਜਿਉਂ ਨੈਣ ਆਪਣੇ ਹੰਝੂ ਆਪ ਹੀ ਪੀਂਦੇ ਨੇ! ਇਰਾਕ ਦੀ ਰੇਤ ਪੰਜਾਬ ਦੀ ਰੇਤ ਅਫ਼ਗਾਨਿਸਤਾਨ ਦੀ ਰੇਤ ਵੀਅਤਨਾਮ ਦੀ ਰੇਤ ਪਤਾ ਨਹੀਂ ਕਿੱਥੋਂ ਕਿੱਥੋਂ ਦੀ ਰੇਤ! ਜ਼ਾਲਮ ਤੇ ਜੰਗ ਦਾ ਮੇਲ਼, ਮਜ਼ਲੂਮ ਦੀ ਮੌਤ ਦਾ ਖੇਲ ਤੇ ਜਦੋਂ ਵੀ, ਸ਼ਾਤ ਵਸਦੀ ਜਗ੍ਹਾ ਦੀ ਰੇਤ ਦਾ, ਪਿਆ ਜ਼ਾਲਮ ਨਾਲ ਗੂੜ੍ਹਾ ਸਬੰਧ ਤੇ ਉਦੋਂ ਹੀ ਹੋ ਜਾਂਦਾ ਏ, ਮਿੱਟੀ ਵਿੱਚ ਰੁਲ਼ਦੀਆਂ ਲਾਸ਼ਾਂ ਦੇ ਲਹੂ ਦਾ, ਰੇਤ ਵਲੋਂ ਪੀਣ ਦਾ ਪ੍ਰਬੰਧ। ਇਹ ਕਿੰਨੀ ਕੁ ਹੋਰ ਪਿਆਸੀ? ਸੋਚਦਾ ਹਾਂ ਤੇ ਬੱਸ ਉਦਾਸੀ ਹੀ ਉਦਾਸੀ ਤੇ ਇੰਨੇ ਹੀ ਚਿਰ 'ਚੇ, ਕਿਸੇ ਦੀ ਜੀਵਨ ਤੋਂ ਖ਼ਲਾਸੀ? ਰੇਤ ਵਿੱਚੋਂ ਅਵਾਜ਼ ਆਈ ਆਦਮ ਬੋ! ਆਦਮ ਬੋ! ਮਨੁੱਖਤਾ ਦੇ ਮਾਸ ਨਾਲੋਂ ਨਾ ਹੋਰ ਚੰਗੀ ਕੋਈ ਖ਼ੁਸ਼ਬੋਅ! ਮੌਤ ਵੀ ਕਤਲ ਹੋ ਗਈ ਜ਼ਿੰਦਗੀ ਅਪੰਗ ਹੋ ਗਈ ਪਰ ਰੇਤ ਅਜੇ ਵੀ ਪਿਆਸੀ? ਇਹ ਜਨਮਾਂ ਦੀ ਪਿਆਸ ਇਸ ਦੀ ਪਤਾ ਨਹੀਂ ਕਦੋਂ ਬੁਝਣੀ ਏ? ਰੇਤ ਅਤੇ ਰੱਤ ਦੀ ਯਾਰੀ ਪਤਾ ਨਹੀਂ ਕਿੰਨਾ ਚਿਰ ਅਜੇ ਹੋਰ ਨਿਭਣੀ ਏ? ਹਾਏ ਕਦੇ ਤਾਂ, ਮਨੁੱਖਤਾ ਦੀ ਸੋਚ ਜਾਗੇ, ਹਾੜੇ! ਹਾੜੇ! ਰੱਬ ਖੈਰ ਕਰੇ ਕਦੇ ਤਾਂ ਮਨੁੱਖ, ਮਨੁੱਖਤਾ ਦੇ ਦਿਲ 'ਚੋਂ ਦੂਰ ਵੈਰ ਕਰੇ! ਆਮੀਨ!!

ਨਜ਼ਮ: ਸੱਚ ਦੀ ਲਾਸ਼....

ਸੱਚ ਦੀ ਲਾਸ਼ ਸ਼ਾਇਦ, ਥੋੜੇ ਜਿਹੇ ਸਾਹ ਤਾਂ ਅਜੇ ਬਚੇ ਹੋਏ ਹੀ ਹੋਣਗੇ? ਪਰ ਨਹੀਂ, ਮੈਂ ਗਲਤ ਹੀ ਸੋਚਦਾ ਸੀ! ‘ਸੱਚ ਮਰ ਗਿਆ ਹੈ’ ਪਰ ਫਿਰ ਵੀ, ਪਤਾ ਨਹੀਂ ਕਿਉਂ? ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ। ਐਪਰ ‘ਝੂਠ’ ਉੱਚੀ ਉੱਚੀ ਚੀਕ ਰਿਹਾ ਹੈ ਕਿ “ਮੈਥੋਂ ਸਿਵਾ ਕੋਈ ਨਹੀਂ ਹੈ ਇੱਥੇ ਹੁਣ, ਸਭ ਨੂੰ ਹੱਥੀਂ ਮਾਰਿਆ ਹੈ ਮੈਂ, ਮੁਹੱਬਤ, ਇਮਾਨ, ਯਕੀਨ, ਸੱਚ ਆਦਿ ਸਭ ਕੁਝ ਹੋਰ ਵੀ, ਜੋ ਇਨਸਾਨ ਬਣਨ ਲਈ ਲੋੜੀਂਦੇ ਨੇ, ਤੂੰ ਕਿੰਨਾ ਵੀ ਕਿਸੇ ਨੂੰ ਇਹ ਸਿੱਧ ਕਰ ਕਿ ਇਹ ਸਭ ਧਰਤੀ ਤੇ ਹੈ, ਪਰ ਨਹੀਂ, ਤੇਰੀ ਗੱਲ ਕੋਈ ਨਹੀਂ ਸੁਣੇਗਾ।” “ਮੇਰੀ ਗੱਲ ਮੰਨ” ‘ਝੂਠ’ ਅਜੇ ਵੀ ਆਪਣੀ ਤਕਰੀਰ ਜਾਰੀ ਰੱਖ ਰਿਹਾ ਹੈ, “ਮੈਂ ਸੱਚ ਦੀ ਲਾਸ਼ ਆਪ ਆਪਣੇ ਹੱਥੀਂ ਦਫਨ ਕੀਤੀ ਹੈ।” ਪਰ ਪਤਾ ਨਹੀਂ ਕਿਉਂ? ਮੇਰੀ ਆਸ ਦੀ ਕਿਰਨ ਅਜੇ ਵੀ ਸਹਿਕਦੀ ਹੈ ਕਿ ਸ਼ਾਇਦ, ਸੱਚ ਦਾ ਕਤਰਾ, ਸਮੁੰਦਰ ਬਣਨ ਲਈ ਆਦਮੀ ਦੀ ਕੁੱਖ ਵਿੱਚ ਅਜੇ ਵੀ ਸ਼ਾਇਦ ਮਚਲ ਰਿਹਾ ਹੋਵੇ ਆਪਣੀ ਲਾਸ਼ ਨੂੰ ਜਿੰਦਗੀ ਵਿੱਚ ਬਦਲਣ ਦੀ ਤਾਕਤ ਰੱਖਦਾ ਹੋਵੇ!

ਨਜ਼ਮ: ਲਾਲ ਸਿੰਘ 'ਦਿਲ' ਨੂੰ ਸ਼ਰਧਾਂਜਲੀ...

ਮਹਾਨ ਕਵੀ ਲਾਲ ਸਿੰਘ 'ਦਿਲ' ਦੀ ਮਿੱਟੀ ਦੇ ਤੁਰ ਜਾਣ ਤੇ ਮੇਰੀ ਕਲਮ ਵਲੋਂ ਕੁਝ ਸ਼ਬਦ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ: ਦਿਲ ਤੂੰ ਗਿਆ! ਘੋਰ ਚੁੱਪ ਛਾ ਗਈ ਲਗਦੀ ਏ ਜਦ 'ਦਿਲ' ਹੀ ਧੜਕਣਾ ਬੰਦ ਕਰ ਦੇਵੇ ਤਾਂ, ਚੁੱਪ ਦਾ ਪਸਰ ਜਾਣਾ ਯਕੀਨਨ ਹੈ। ਹੁਣ, ਇਸ ਵਿਰਾਨਗੀ 'ਚੋਂ ਕਈ ਕਲਮਾਂ ਉਠਣਗੀਆਂ! ਲੰਮੇ ਲੰਮੇ ਵੈਣ ਪੈਣਗੇ ਜੁਦਾਈ ਦੇ ਨਾਂ ਤੇ। ਲਹੂ ਦੀ ਲੋਅ 'ਕੈਸ਼' ਕਰਨ ਲਈ ਕਾਗ਼ਜ਼ ਹੱਥ ਪੈਰ ਮਾਰਨਗੇ ਤੇਰੀ ਸੋਚ ਨਾਲੋਂ ਆਪਣੀ ਸਿਆਹੀ ਦਾ ਰੰਗ ਗੂੜ੍ਹਾ ਕਰਨ ਲਈ ਪੂਰਾ ਤਾਣ ਲਾਉਣਗੇ। ਪਰ ਤੇਰੇ ਲਹੂ ਦੇ ਵਗਦਿਆਂ ਹੋਇਆਂ, ਸ਼ਾਇਦ ਇਹ ਕਲਮਾਂ ਕਦੀ, ਤੇਰੇ ਖੋਖੇ ਤੇ ਚਾਹ ਪੀਣ ਵੀ ਨਹੀਂ ਸਨ ਆਈਆਂ ਹੋਣੀਆਂ! ……………… ਮੈਂ ਤੈਨੂੰ ਸਾਹਵੇਂ ਖੜ੍ਹ ਕੇ ਵੇਖਿਆ ਤਾਂ ਨਹੀਂ, ਪਰ ਤੇਰੇ ਕੁਝ ਅੱਖਰਾਂ ਨੂੰ ਜਰੂਰ ਵਾਚਿਆ ਸੀ, ਤੇਰੀਆਂ ਭਾਵਨਾਵਾਂ 'ਚੋਂ ਉੱਠਦਾ ਧੂੰਆ ਜਰੂਰ ਤੱਕਿਆ ਸੀ, ਲਹੂ ਦੇ ਜਲੌਅ ਵਿੱਚ ਕਿਰਚਾਂ ਮੱਚਦੀਆਂ ਮਹਿਸੂਸ ਕੀਤੀਆਂ ਸਨ! ……………… ਅੱਜ ਤੇਰੀ ਰੂਹ ਆਹ ਵੇਖ! ਮੇਰੇ ਸਾਹਵੇਂ ਖਲੋਤੀ, ਮੈਨੂੰ ਲਿਖਦੇ ਨੂੰ ਵੇਖ ਰਹੀ ਏ, 'ਕਲਮ' ਦਾ ਫ਼ਰਜ਼ ਕੀ ਏ? ਯਾਦ ਕਰਾ ਰਹੀ ਏ! ਯਾਦ ਕਰਾ ਰਹੀ ਏ!!

ਨਜ਼ਮ: ਅਹਿ ਅਜ਼ਾਦੀ...

ਅਹਿ ਅਜ਼ਾਦੀ ਅਹਿ ਅਜ਼ਾਦੀ! ਸੁਣ! ਤੈਨੂੰ ਭਾਰਤ ਆਈ ਨੂੰ ਅੱਜ, ਭਾਵੇਂ ੬੦ ਸਾਲ ਹੋ ਗਏ ਨੇ ਪਰ ਤੂੰ ਸਦਾ ਉਨ੍ਹਾਂ ਤੋਂ ਦੂਰ ਹੀ ਰਹੀ ਜਿਨ੍ਹਾਂ ਨੇ ਤੇਰੇ ਰਾਹਾਂ ਵਿੱਚ ਆਪਣੇ ਸਾਹ, ਫੁੱਲਾਂ ਦੀ ਥਾਵੇਂ ਵਿਛਾਏ ਸਨ ਜਿਨ੍ਹਾਂ ਨੇ ਆਪਣੇ ਖ਼ੂਨ ਨਾਲ ਤੇਰੇ ਝੰਡੇ ਉੱਪਰ, ਰੰਗ ਚੜ੍ਹਾਏ ਸਨ। ਪਰ, ਤੂੰ ਹਾਕਮ ਨਾਲ ਰਲ਼ ਕੇ ਪਤਾ ਨਹੀਂ, ਕਿਹੜੇ ਨਸ਼ੇ ਵਿੱਚ ਮਗਰੂਰ ਹੀ ਰਹੀ? ਤੂੰ ਆਈ ਸੀ ਮੁੱਹਬਤ ਹੋਰਾਂ ਦੀ ਬਣਕੇ, ਪਰ ਹਾਕਮ ਦੀ ਬਣੀ ਹੂਰ ਹੀ ਰਹੀ ਉਨ੍ਹਾਂ ਦੀ ਤੈਂ ਕਦੀ ਵੀ, ਪਰਵਾਹ ਨਹੀਂ ਕੀਤੀ ਜਿਨ੍ਹਾਂ ਦੇ ਖ਼ੂਨ ਨਾਲ ਲਬਰੇਜ਼ ਹੈ, ਤੇਰੀ ਧਰਤੀ ਦੀ ਜ਼ਰਖੇਜ਼ ਤੇਰਾ ਕਣ ਕਣ, ਤੇਰਾ ਇਹ ਦੇਸ ਤੇਰੇ ਇਹ ਵਣ, ਤੇਰੇ ਇਹ ਖੇਤ ਜਰਾ ਜਰਾ ਤੇਰਾ, ਗਵਾਹ ਹੈ ਉਨ੍ਹਾਂ ਦੀ ਵਫ਼ਦਾਰੀ ਦਾ। ਕਦੇ ਤਾਂ ਆਪਣੀ ਬੁੱਕਲ ਦਾ ਨਿੱਘ, ਉਨ੍ਹਾਂ ਨੂੰ ਦੇਹ, ਜੋ ਇਸ ਦੇ ਅਸਲੀ ਹੱਕਦਾਰ ਨੇ ਅੱਜ ਵੀ, ਆਹ ਵੇਖ, ਤੇਰੀ ਛੋਹ ਲਈ ਤਰਸਦੇ ਨਿੱਕੇ ਨਿੱਕੇ ਹੱਥ, ਜਿਨ੍ਹਾਂ ਹੱਥਾਂ ਵਿੱਚ ਅੱਖਰਾਂ ਦੀ ਥਾਂ ਤੇ ਮਜਬੂਰੀਆਂ ਦੇ ਠੂਠੇ ਫੜੇ ਹੋਏ ਨੇ ਤੇਰੇ ਮੋਹ ਲਈ ਤਰਸਦੇ ਨੇ ਭੁੱਖੀਆਂ ਕਿਰਚਾਂ ਨਾਲ ਭਰੇ ਹੋਏ ਨੈਣ ਜਿਹੜੇ ਤੇਰੇ ਰਾਹ ਵਿੱਚ ਸਾਲਾਂ ਤੋਂ ਸਿਜਦੇ ਕਰਦੇ ਆ ਰਹੇ ਨੇ, ਰੋਟੀ ਦੇ ਇੱਕ ਟੁੱਕ ਦੀ ਖਾਤਿਰ। ਤੈਨੂੰ ਪਾਉਣ ਦੀ ਪਿਆਸ ਅਜੇ ਅਧੂਰੀ ਹੈ ਉਨ੍ਹਾਂ ਦਿਲਾਂ ਦੀ, ਜਿਹੜੇ ਤੇਰੀ ਲਾਟ ਉੱਤੇ ਲਟ ਲਟ ਕਰ ਕੇ ਬਲ਼ ਗਏ ਸੀ ਇੱਕ ਦਿਨ। ਸੱਚ ਹੈ ਸਦੀਆਂ ਦਾ ਕਿ, ਭਾਵੇਂ ਪਰਵਾਨਿਆਂ ਨੇ ਸ਼ਮ੍ਹਾ ਲਈ ਹਮੇਸ਼ਾਂ ਜਾਨ