Posts

ਕਵਿਤਾ: ਇੱਕ ਕਿਸਮਤ ਵੀ...

ਇੱਕ ਕਿਸਮਤ ਵੀ ਇੱਕ ਕਿਸਮਤ ਵੀ ਮੇਰੀ ਵੈਰਨ ਏ ਦੂਜਾ ਰੱਬ ਵੀ ਮੇਰਾ ਯਾਰ ਨਹੀਂ ਤੀਜਾ ਦੁਨੀਆਂ ਮੈਨੂੰ ਚਾਹੁੰਦੀ ਨਹੀਂ ਬਾਕੀ ਤੂੰ ਵੀ ਤਾਂ ਵਫਾਦਾਰ ਨਹੀਂ ਹਰ ਚੀਜ਼ ਨੇ ਮੈਨੂੰ ਡੰਗਿਆ ਏ ਕੋਈ ਖਾਲੀ ਵੀ ਗਿਆ ਵਾਰ ਨਹੀਂ ਪਰ ਫੇਰ ਵੀ ਹੌਂਸਲਾ ਕੀਤਾ ਏ 'ਕੰਗ' ਸਮਾਂ ਕਿਸੇ ਲਈ ਖਾਰ ਨਹੀਂ ਫੁੱਲ, ਖਾਰ ਦੇ ਸੰਗ ਖਿੜਾਉਂਦਾ ਏ ਇੱਥੇ ਮਰਦੀ ਕਦੇ ਬਹਾਰ ਨਹੀਂ ਨਫਰਤ ਜੇ ਖੁੱਲੀ ਫਿਰਦੀ ਏ ਫਿਰ ਕੈਦੀ ਵੀ ਇਹ ਪਿਆਰ ਨਹੀਂ!

ਕਵਿਤਾ: ਦਿਲ ਮੇਰੇ 'ਚੋਂ...

ਦਿਲ ਮੇਰੇ 'ਚੋਂ ਦਿਲ ਮੇਰੇ 'ਚੋਂ ਲਾਟ ਜੋ ਉੱਠਦੀ, ਤੇਰੇ ਨਾਮ ਦੀ ਲੋਅ ਕਰਦੀ ਫੱਟ ਹਿਜਰ ਦਾ ਡੂੰਘਾ ਦਿਲ ਤੇ, ਜ਼ਿੰਦ ਨਈਂ ਮੇਰੀ ਹੁਣ ਜਰਦੀ

ਗ਼ਜ਼ਲ: ਜੋ ਆਪਣਾ ਇਤਿਹਾਸ...

ਗ਼ਜ਼ਲ ਜੋ ਆਪਣਾ ਇਤਿਹਾਸ ਭੁਲਾਈ ਜਾਂਦੇ ਨੇ। ਉਂਗਲ਼ਾਂ ਉੱਤੇ ਗ਼ੈਰ ਨਚਾਈ ਜਾਂਦੇ ਨੇ। ਜੋ ਫਿਰਦੇ ਨੇ ਗੈਰਾਂ ਦੇ ਅੱਜ ਪਿੱਛੇ ਪਿੱਛੇ, ਉਹ ਆਪਣੀ ਪਹਿਚਾਣ ਗਵਾਈ ਜਾਂਦੇ ਨੇ। ਇਕ ਤਾਂ ਡੂੰਘੇ ਜ਼ਖ਼ਮ ਸੀ ਦਿੱਤੇ ਦੁਸ਼ਮਣ ਨੇ, ਆਪਣੇ ਵੀ ਉੱਤੋਂ ਲੂਣ ਹੀ ਪਾਈ ਜਾਂਦੇ ਨੇ। ਨ੍ਹੇਰ ਕਰੇਗਾ ਦੂਰ ਦਿਲਾਂ ਦਾ ਵੀ ਇਕ ਦਿਨ, ਸਭ ਸੂਰਜ ਤੋਂ ਆਸ ਲਗਾਈ ਜਾਂਦੇ ਨੇ। ਸੱਚ ਦਾ ਕਾਤਿਲ ਤੁਰਿਆ ਫਿਰਦਾ ਨੰਗੇਧੜ, ਬੇਦੋਸ਼ੇ ਨੂੰ ਫਾਂਸੀ ਲਾਈ ਜਾਂਦੇ ਨੇ। ਇੰਨਾ ਖ਼ੌਫ਼ ਕਿ ਸਭ ਕੁਝ ਅੱਖੀਂ ਤੱਕ ਕੇ ਵੀ, ਲੋਕੀਂ ਮੂੰਹ ਤੇ ਤਾਲਾ ਲਾਈ ਜਾਂਦੇ ਨੇ। ਮੈਂ ਤਾਂ ਜੋ ਤੱਕਿਆ ਸੀ ਦੱਸਣ ਲੱਗਾ ਸਾਂ, ਯਾਰ ਹੀ ਮੈਨੂੰ ਚੁੱਪ ਕਰਾਈ ਜਾਂਦੇ ਨੇ। ਲੋਕੀਂ ਕਿੰਨੇ ਬੇਦਸਤੂਰੇ ਹੋ ਗਏ ਨੇ, ਮਾਲਿਕ ਨੂੰ ਹੀ ਚੋਰ ਬਣਾਈ ਜਾਂਦੇ ਨੇ। ਕੱਲਾ ਕੱਲੇ ਨਾਲ ਲੜੇ ਇਹ ਗੱਲ ਗਈ, ਇਕ ਸੱਚ ਨਾ' ਲੱਖ ਝੂਠ ਲੜਾਈ ਜਾਂਦੇ ਨੇ। ਬਿਰਖਾਂ ਦੀ ਆਹ ਸੁਣ ਕੇ ਪੌਣਾਂ ਰੋਂਦੀਆਂ ਪਰ, ਲੱਕੜਹਾਰੇ ਜਸ਼ਨ ਮਨਾਈ ਜਾਂਦੇ ਨੇ! 'ਕੰਗ' ਚਮਕਦੇ ਰਹਿਣ ਮੁੱਹਬਤ ਦੇ ਤਾਰੇ, ਜਿਹੜੇ ਹਰ ਚਿਰਾਗ ਰੁਸ਼ਨਾਈ ਜਾਂਦੇ ਨੇ।

ਕਵਿਤਾ: ਤੇਰੀ ਯਾਦ ਆਈ...

ਤੇਰੀ ਯਾਦ ਆਈ ਹਾਂ, ਅੱਜ ਫੇਰ ਤੇਰੀ ਯਾਦ ਆਈ। ਹੌਕੇ ਬਿਨ, ਕੁਝ ਨਹੀਂ ਲਿਆਈ। ਹਾਂ, ਸੱਚੀਂ ਅੱਜ ਤੇਰੀ ਯਾਦ ਆਈ, ਰੁੱਸ ਗਈ ਸੀ, ਮੈਂ ਮਸਾਂ ਮਨਾਈ। ਕਿੰਨਾ ਹੀ ਚਿਰ ਵੇਂਹਦੀ ਰਹੀ ਸੀ, ਥੋੜਾ ਸੰਗ ਕੇ, ਜਦ ਸੀ ਸ਼ਰਮਾਈ। ਚਿਰ ਤੋਂ ਪਿਆਸਾ ਤੇਰੀ ਦੀਦ ਦਾ, ਅੱਜ ਫਿਰ ਤੂੰ ਆ ਮੇਰੇ ਮੂੰਹ ਲਾਈ। ਖੈਰ, ਤੂੰ ਅੱਜ ਮੁਦੱਤ ਬਾਅਦ ਸਹੀ, ਹਾਂ ਮੁੜ ਕੇ ਤਾਂ ਆਈ, ਹਾਂ ਤੂੰ ਆਈ।।

ਕਵਿਤਾ: ਭਗਤ ਸਿੰਘ ਇਨਸਾਨ ਸੀ!

ਭਗਤ ਸਿੰਘ ਇਨਸਾਨ ਸੀ! ਭਗਤ ਸਿੰਘ ਤੂਫ਼ਾਨ ਸੀ, ਉਹ ਯੋਧਾ ਬਲਵਾਨ ਸੀ, ਸਿੱਖ, ਹਿੰਦੂ ਦੇ ਨਾਲੋਂ ਪਹਿਲਾਂ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਬੱਸ ਕਰੋ ਹੁਣ ਫਿਰਕਪ੍ਰਸਤੋ, ਬੰਦ ਕਰੋ ਹੁਣ ਡੌਰੂ ਆਪਣਾ, ਅਜੇ ਤਾਂ ਆਖੋ ਸਿੱਖ ਜਾਂ ਹਿੰਦੂ, ਆਖੋਂਗੇ ? ਮੁਸਲਮਾਨ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਧਰਮ ਅਫੀਮ ਹੈ ਕਹਿਣਾ ਉਸਦਾ, ਜਿਸਦੇ ਨਾਂ ਤੇ ਵੰਡੀਆਂ ਪਾਵੋਂ, ਸੋਚ, ਸਿਧਾਤਾਂ ਦੀ ਖਾਤਰ ਜੋ, ਹੋਇਆ ਕੱਲ ਕੁਰਬਾਨ ਸੀ, ਉਹ ਯਾਰੋ ਇਨਸਾਨ ਸੀ, ਉਹ ਚੰਗਾ ਇਨਸਾਨ ਸੀ! ਸਭ ਨੂੰ ਪਤਾ ਹੈ ਮਕਸਦ ਥੋਡਾ, ਹੁਣ ਇਹ ਰਹਿਣਾ ਪਿਆ ਅਧੂਰਾ, ਭੁੱਲ ਜਾਵੋ ਕਿ ਚਾਲ ਤੁਹਾਡੀ, ਤਿੱਖੀ ਕੋਈ ਕਿਰਪਾਨ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਸਾਡੇ ਦਿਲ ਵਿੱਚ ਅੱਜ ਵੀ ਜੀਂਦੇ, ਬਿਜਲੀ ਬਣਕੇ ਉਸਦੇ ਖਿਆਲ, ਕਰਨਾ ਹੈ ਅਸੀਂ ਰਲ਼ ਕੇ ਪੂਰਾ, ਜੋ ਉਸਦਾ ਅਰਮਾਨ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਖੁੱਲੇ ਅੰਬਰ ਵਰਗੀਆਂ ਸੋਚਾਂ, ਦਾ ਮਾਲਕ ਸੀ ਭਗਤ ਸਿੰਘ, ਇਸ ਧਰਤੀ ਤੇ ਕੰਧਾਂ ਦੀ ਥਾਂ, ਉਹ ਚਾਹੁੰਦਾ ਮੈਦਾਨ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਉਸਦੇ ਅੱਖਰ ਲਟ ਲਟ ਬਲ਼ਦੇ, ਲੁਕਣੀ ਨਾ ਹੁਣ ਉਸਦੀ ਲੋਅ, ਵਿੱਚ ਮਨੁੱਖਤਾ ਇਕਸਾਰਤਾ, ਉਸਦਾ ਇਹ ਪੈਗ਼ਾਮ ਸੀ, ਉਹ ਚੰਗਾ ਇਨਸਾਨ ਸੀ, ਉਹ ਯਾਰੋ ਇਨਸਾਨ ਸੀ! ਫਾਂਸੀ, ਫਾਹੇ ਜੋ ਵੀ ਹੋਵਣ, 'ਮਿੱਟੀ' ਬੱਸ ਮੁਕਾ ਸਕਦੇ, ਅੱਜ ਵੀ ਉਸਦੀ 'ਸੋਚ' ਜਵਾਨ, ਪਹਿਲਾਂ ਜਿਵੇਂ ਜਵ

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਨਜ਼ਮ: ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਜੇ ਕਦੇ ਆਪਣੇ ਦੇਸ, ਤੁਸੀਂ ਵਾਪਸ ਜਾਵੋਂ, ਆਪਣਿਆਂ ਤੋਂ ਅੱਖ ਬਚਾ, ਦੇਸ'ਚ ਜਾ ਕੇ ਵੇਖੋਂ ਤੁਹਾਡੀ ਵਿਚਾਰਧਾਰਾ ਦਾ ਰੰਗ? ਤੁਹਾਡੇ ਖਿਆਲਾਂ ਦੀਆਂ ਬਿਜਲੀਆਂ? ਤੁਹਾਡੀਆਂ ਸੋਚਾਂ ਦਾ ਖੁੱਲਾ ਅਸਮਾਨ? ਅਤੇ ਅਜ਼ਾਦੀ ਨੂੰ ਮਾਣਨ ਵਾਲਾ ਸਰੂਰ? ਕੁਝ ਵੀ ਤਾਂ ਨਹੀਂ ਦਿਸਣਾ, ਓਸ ਦੇਸ ਵਿੱਚ। ਬੱਸ! ਹਾਕਮਾਂ ਦਾ ਰੰਗ ਹੀ ਬਦਲਿਆ, ਦਿਲ ਤਾਂ ਫਰੰਗੀਆਂ ਦੇ ਦਿਲਾਂ ਵਰਗੇ ਹੀ ਨੇ ਤਾਂ ਹੀ ਤਾਂ ਤੁਹਾਡੇ ਵੀਰ ਮੁੜ ਗੋਰਿਆਂ ਦੇ ਵਤਨਾਂ'ਚ ਦਿਨ ਕੱਟਦੇ ਨੇ, ਧਰਮਾਂ ਦੇ ਨਾਂ ਤੇ ਅੱਗੇ ਵਾਂਗ ਹੀ ਮਨੁੱਖ, ਮਨੁੱਖ ਨੂੰ ਵੱਢਦੇ ਨੇ, ਗਰੀਬ ਪਾਣੀ ਲਈ ਵੀ ਤਰਸਦੇ, ਤਰਸਦੇ ਮਰਦੇ ਨੇ, ਮਾਡਰਨ ਸੋਚਾਂ ਦੇ, ਔਰਤ ਉੱਪਰ ਉਵੇਂ ਹੀ, ਜੁ਼ਲਮ ਵਰ੍ਹਦੇ ਨੇ। ਪਰ ਤੁਹਾਡੀਆਂ ਸ਼ਹਾਦਤਾਂ ਅਜਾਈ ਨਹੀਂ ਜਾਣਗੀਆਂ, ਸਮਾਂ ਬੜਾ ਤਾਕਤਵਰ ਹੁੰਦਾ ਹੈ, ਕ੍ਰਾਂਤੀ ਪੁਰਾਣੀ ਨਹੀਂ ਹੁੰਦੀ ਕਦੇ! ਹੋਰ ਭਗਤ ਸਿੰਘ ਉਠਣਗੇ, ਹੋਰ ਸੁਖਦੇਵ ਆਉਣਗੇ, ਹੋਰ ਰਾਜਗੁਰੂ ਫਾਂਸੀਆਂ ਚੁੰਮਣਗੇ, ਭਾਰਤ ਮਾਂ ਨੂੰ ਅਜ਼ਾਦ ਕਰਾਉਣਗੇ, ਪਰ ਇਸ ਵਾਰੀ ਭਾਰਤ ਮਾਤਾ, ਬਦੇਸ਼ੀਆਂ ਦੇ ਕਬਜ਼ੇ'ਚ ਨਹੀਂ, ਇਸ ਵਾਰ ਉਹ ਆਪਣੇ ਹੀ ਪੁੱਤਰਾਂ ਵਿਚਕਾਰ, ਬੇਵੱਸ ਨਜ਼ਰ ਆ ਰਹੀ ਹੈ!!!

ਗ਼ਜ਼ਲ: ਮੈਨੂੰ ਤੇਰਾ ਯਾਰ.....

ਗ਼ਜ਼ਲ ਮੈਨੂੰ ਤੇਰਾ ਯਾਰ ਗਵਾਚਾ ਲਗਦਾ ਹੈ। ਨੈਣਾਂ ਅੰਦਰ ਇਕ ਇਕਲਾਪਾ ਲਗਦਾ ਹੈ। ਕਿਉਂ ਪੁੱਛਦਾਂ ਹਾਂ ਹਰ ਵੇਲ਼ੇ ਆਪਣੇ ਹਾਲਾਤ? ਕੀ ਮੈਨੂੰ ਕੋਈ ਪੈ ਗਿਆ ਘਾਟਾ ਲਗਦਾ ਹੈ? ਹਿਜਰ ਤੇਰੇ ਦਾ ਦੀਵਾ ਜਦ ਵੀ ਜਗਿਆ ਹੈ, ਮੈਨੂੰ ਮੇਰੀ ਲੋਅ ਵਿੱਚ ਵਾਧਾ ਲਗਦਾ ਹੈ। ਕਿੰਝ ਵਿਖਾਵਾਂ ਤੈਨੂੰ ਮਨ ਦੇ ਭਾਵ ਅਜੇ? ਮਨ ਮੇਰਾ ਤਾਂ ਸੋਚ ਨੇ ਖਾਧਾ ਲਗਦਾ ਹੈ। ਭੁੱਖਾਂ ਪਿਆਸਾਂ ਅਜ ਕਲ੍ਹ ਸ਼ਬਦ ਮਿਟਾ ਦਿੰਦੇ, ਸ਼ਬਦਾਂ ਵਿੱਚ ਹੱਲ ਹਰ ਤਿ੍ਸ਼ਨਾ ਦਾ ਲਗਦਾ ਹੈ। ਗ਼ਜ਼ਲਾਂ ਦਾ ਸਰਮਾਇਆ ਜਦ ਤੋਂ ਮਿਲਿਆ ਹੈ, ਹਰ ਸੌਦੇ ਵਿੱਚ 'ਕੰਗ' ਮੁਨਾਫ਼ਾ ਲਗਦਾ ਹੈ।