Posts

ਨਜ਼ਮ - ਗੱਲ ਗੱਲ ਤੇ ਨਜ਼ਮ...

ਗੱਲ ਗੱਲ ਤੇ ਨਜ਼ਮ ਫੁਰਦੀ, ਮਨ ਦਾ ਮੁਕਾਮ ਕੈਸਾ ਬਿਨ ਪੀਤਿਆਂ ਨਸ਼ਾ ਹੈ, ਸ਼ਬਦਾਂ ਦਾ ਜਾਮ ਕੈਸਾ ਲੱਗਦਾ ਹੁਣ ਮੇਰੀ ਰੂਹ ਤਾਂ, ਚਾਹੁੰਦੀ ਅਜ਼ਾਦ ਹੋਣਾ, ਹੈ ਜਿਸਮ ਸਾਰਾ ਜਲ਼ਦਾ, ਇਹ ਸ਼ਮਸ਼ਾਨ ਕੈਸਾ ਪੈਰ ਮੇਰੇ ਹਨ ਜਿਮੀਂ ਤੇ! ਪਰ ਮੈਨੂੰ ਨਹੀਂ ਯਕੀਨ, ਦਿਲ ਸੋਚਦਾ ਹੈ ਹਰ ਪਲ, ਇਹ ਅਸਮਾਨ ਕੈਸਾ ਤੂੰ ਆਪਣੀ ਲੋਅ 'ਚੋਂ ਮੈਨੂੰ, ਕੁਝ ਕਿਰਨਾਂ ਹੋਰ ਦੇ, ਮੈਂ ਤੇਰਾ ਹੀ ਰਹਾਂ ਗਾ, ਮੇਰਾ ਫ਼ੁਰਮਾਨ ਕੈਸਾ ਤੂੰ ਮੇਰੀ ਰੂਹ ਨੂੰ ਆਪਣਾ, ਕਦੀ ਕਹਿ ਕੇ ਮਹਿਰਮ ਵੇਖ, ਇਸ ਜਿਸਮ ਨੂੰ ਤਿਆਗਾਂ, ਦਿਲ ਦਾ ਅਰਮਾਨ ਕੈਸਾ ਮੈਂ, 'ਮੈਂ' ਦੀ ਵਲਗਣ ਵਿੱਚੋਂ, ਅਜ਼ਾਦ ਹੋਣਾ ਕਦ ਨੂੰ? ਜਦ ਰੂਹ ਨੇ 'ਤੂੰ' ਕਹਾਉਣਾ, ਪਾਉਣਾ ਸਨਮਾਨ ਕੈਸਾ ਅੱਜ ਕਰਦੇ ਸਲਾਮ ਲੋਕੀਂ, ਤੱਕ ਮੈਂ ਸੀ ਖੁਸ਼ ਹੋਇਆ, ਸੁਣ ਮੇਰੇ ਮਹਿਰਮਾਂ ਵੇ, ਤੇਰਾ ਹੈ ਨਾਮ ਕੈਸਾ ਕਰਦਾ ਹੈ ਸਭ ਕੁਝ ਉਹ ਹੀ, ਪਰ ਨਾਂ ਹੈ ਮੇਰਾ ਵੱਜਦਾ, ਉਹ ਕਰਦਾ ਕਿਹੜੇ ਵੇਲੇæ? ਹੈ ਗੁੰਮਨਾਮ ਕੈਸਾ "ਮਿੱਟੀ ਤੂੰ ਰੱਖ ਲੈ ਕੋਲ਼, ਰੂਹ ਮੈਨੂੰ ਭੇਜ ਦੇ ਹੁਣ", ਆਹ ਵੇਖੋ! ਮੌਤ ਦਾ ਬਈ, ਆਇਆ ਪੈਗ਼ਾਮ ਕੈਸਾ ਅੱਜ ਸ਼ਿਅਰਾਂ ਦੀਆਂ ਡਾਰਾਂ, ਹਨ ਕਿਹੜੇ ਪਾਸੇ ਤੁਰੀਆਂ? 'ਕੰਗ' ਬਣ ਗਿਆਂ ਏਂ ਰੁੱਖ ਤੂੰ? ਹੈ ਇਹ ਗੁਮਾਨ ਕੈਸਾ।

ਕਵਿਤਾ - ਪਰਵਾਜ਼

ਪਰਵਾਜ਼ ਪਿੰਜਰੇ ਵੀ ਪਾ ਕੇ ਭਾਵੇਂ, ਤੂੰ ਰੱਖ ਲਈ ਹੁਣ ਪਰਵਾਜ਼ ਦੱਸ ਕੈਦ ਕਿੰਝ ਕਰੇਂਗਾ? ਹੁਣ ਤੂੰ ਉਸ ਦੀ ਅਵਾਜ਼ ਹੁਣ ਏਥੇ ਹਰ ਜਿਸਮ ਹੀ, ਬੇ-ਪਰਦ ਹੋ ਰਿਹਾ, ਕੀ ਮੁੱਕ ਜਾਊ ਮੇਰੀ ਹੋਂਦ? ਭੈ ਖਾਂਦਾ ਹੈ ਅੱਜ ਰਾਜ਼ ਤੂੰ ਪਿੱਛੇ ਮੁੜ ਕੇ ਵੇਖੀਂ, ਜਦ ਦੂਰ ਜਾਵੇਂ ਗਾ, ਤੇਰੇ ਨੈਣਾਂ 'ਚੋਂ ਚਿਰਾਗ , ਲੈ ਲਊ ਗੀ ਤੇਰੀ ਯਾਦ "ਕੀ ਤੇਰਾ ਵੀ ਲਹੂ ਲਾਲ? ਹਾਂ ਮੇਰਾ ਵੀ ਲਹੂ ਲਾਲ", ਅੱਜ 'ਗੋਰਾ' ਮਾਸ ਪੁੱਛਦਾ, ਹੈ ਦੱਸਦਾ 'ਕਾਲਾ' ਮਾਸ ਹੁਣ ਪੈਸਾ ਹੀ ਪਿਆਰਾ, ਲੱਗਦਾ ਹੈ ਹੋ ਗਿਆ, ਪਰ ਭੁੱਲਦਾ ਜਾ ਰਿਹਾ ਹਾਂ, ਮੈਂ ਇਨਸਾਂ ਦੀ ਜਾਤ ਮੋਤੀ ਤਾਂ ਸਾਗਰ ਵਿੱਚੋਂ, ਖੁਦ ਹੀ ਲੱਭਣੇ ਪੈਣੇ, ਨਾ ਕਰ ਹੁਣ ਪਰੇਸ਼ਾਂ, ਤੂੰ ਕੋਈ ਕਰਾਮਾਤ ਜਿਨ੍ਹਾਂ ਰਾਖੀ ਦਾ ਭਰਮ ਹੈ, ਮੇਰੇ ਦਿਲ ਵਿੱਚ ਪਾਲ਼ਿਆ, ਉਹ ਕੰਡੇ ਖਾ ਰਹੇ ਨੇ, ਅੱਜ ਮੇਰਾ ਗੁਲਾਬ ਜਿਸ ਸਾਜ਼ ਨੇ ਕਦੇ ਵੀ, ਅਵਾਜ਼ ਉੱਚੀ ਕੀਤੀ, ਸਜ਼ਾ ਫਿਰ ਹਾਕਮ ਹੱਥੋਂ, ਸਦਾ ਹੀ ਪਾਈ ਸਾਜ਼ ਏਥੇ ਚਿੜੀਆਂ ਤਾਂਈ ਸਾਰੇ, ਫੜ ਫੜ ਕੇ ਮਾਰਦੇ, 'ਕੰਗ' ਛੋਹ ਕੇ ਵੀ ਵੇਖੋ, ਕਦੀ ਤਾਂ ਜ਼ਾਲਿਮ ਬਾਜ਼।

ਕਵਿਤਾ - ਸਭ ਸਾਫ਼ ਸਾਫ਼...

ਸਭ ਸਾਫ਼ ਸਾਫ਼ ਦੱਸਾਂ? ਉੱਭਰੀ ਲਕੀਰ ਵਾਂਗ ਦਰ ਤੇਰੇ ਤੇ ਆ ਖੜਾ ਹਾਂ, ਮੈਂ ਫਕੀਰ ਵਾਂਗ ਤੂੰ ਮੋੜੀਂ ਨਾ ਮੈਨੂੰ ਦਰ ਤੋਂ, ਰੁੱਠੜੀ ਤਕਦੀਰ ਵਾਂਗ ਅੱਜ ਭਰਦੇ ਮੇਰਾ ਕਾਸਾ, ਤੂੰ ਵਿੱਛੜੀ ਹੀਰ ਵਾਂਗ ਮੈਂ ਹਾਂ ਫਕੀਰ ਭਾਵੇਂ, ਪਰ ਫਿਰ ਵੀ ਨਹੀਂ ਗਰੀਬ, ਤੇਰੀ ਯਾਦ ਨੂੰ ਮੈਂ ਸਮਝਾਂ, ਕਿਸੇ ਜਾਗੀਰ ਵਾਂਗ ਜਦ ਯਾਦ ਕਰਾਂ ਪਲ ਓਹ, ਜਿਸ ਵਕਤ ਜੁਦਾ ਹੋਇਓਂ ਪਲ ਜ਼ਿਹਨ ਵਿੱਚ ਖੁੱਭਦਾ, ਕਿਸੇ ਕਰੀਰ ਵਾਂਗ ਹੋਈ ਦਿਲ ਦੀ ਛੱਤ ਬੋਝਲ, ਗ਼ਮਾਂ ਦੇ ਕੱਲਰ ਨਾਲ, ਲੱਗਦਾ ਹੈ ਜਿਸਮ ਟੁੱਟਣਾ, ਮਾੜੇ ਸ਼ਤੀਰ ਵਾਂਗ ਮੈਂ ਅੱਜ ਤੱਕ ਤੇਰੇ ਕੋਲੋਂ, ਕੁਝ ਵੀ ਤਾਂ ਨਹੀਂ ਲੁਕਾਇਆ, ਤੇਰੇ ਸਾਹਮਣੇ ਰਿਹਾ ਹਾਂ, ਨਿੱਤਰੇ ਹੋਏ ਨੀਰ ਵਾਂਗ ਲੱਖ ਮੋੜਿਆਂ ਨਹੀਂ ਮੁੜਦੇ, ਕੁਝ ਬੋਲ ਐਸੇ ਹੁੰਦੇ, ਮੁੜ ਚੜ੍ਹਦੇ ਨਾ ਕਮਾਨੀਂ, ਛੱਡੇ ਹੋਏ ਤੀਰ ਵਾਂਗ ਇਹ ਇੱਜ਼ਤਾਂ 'ਚ ਰੰਗੀਓ, ਹੁਣ ਚੁੰਨੀ ਸਾਂਭ ਸਿਰ ਤੇ, ਨਾ ਪੈਰਾਂ ਦੇ ਵਿੱਚ ਰੋਲ਼, ਕਿਸੇ ਪਾਟੀ ਲੀਰ ਵਾਂਗ ਉਹ ਤੁਰ ਪਿਆ ਸੀ ਆਪੇ, ਕਿਸੇ ਫਕੀਰ ਵਾਂਗ ਤੂੰ ਰੋਕਦਾ ਕਿਵੇਂ 'ਕੰਗ'? ਨੈਣਾਂ ਦੇ ਨੀਰ ਵਾਂਗ