ਕਵਿਤਾ - ਸਭ ਸਾਫ਼ ਸਾਫ਼...

ਸਭ ਸਾਫ਼ ਸਾਫ਼ ਦੱਸਾਂ? ਉੱਭਰੀ ਲਕੀਰ ਵਾਂਗ
ਦਰ ਤੇਰੇ ਤੇ ਆ ਖੜਾ ਹਾਂ, ਮੈਂ ਫਕੀਰ ਵਾਂਗ

ਤੂੰ ਮੋੜੀਂ ਨਾ ਮੈਨੂੰ ਦਰ ਤੋਂ, ਰੁੱਠੜੀ ਤਕਦੀਰ ਵਾਂਗ
ਅੱਜ ਭਰਦੇ ਮੇਰਾ ਕਾਸਾ, ਤੂੰ ਵਿੱਛੜੀ ਹੀਰ ਵਾਂਗ

ਮੈਂ ਹਾਂ ਫਕੀਰ ਭਾਵੇਂ, ਪਰ ਫਿਰ ਵੀ ਨਹੀਂ ਗਰੀਬ,
ਤੇਰੀ ਯਾਦ ਨੂੰ ਮੈਂ ਸਮਝਾਂ, ਕਿਸੇ ਜਾਗੀਰ ਵਾਂਗ

ਜਦ ਯਾਦ ਕਰਾਂ ਪਲ ਓਹ, ਜਿਸ ਵਕਤ ਜੁਦਾ ਹੋਇਓਂ
ਪਲ ਜ਼ਿਹਨ ਵਿੱਚ ਖੁੱਭਦਾ, ਕਿਸੇ ਕਰੀਰ ਵਾਂਗ

ਹੋਈ ਦਿਲ ਦੀ ਛੱਤ ਬੋਝਲ, ਗ਼ਮਾਂ ਦੇ ਕੱਲਰ ਨਾਲ,
ਲੱਗਦਾ ਹੈ ਜਿਸਮ ਟੁੱਟਣਾ, ਮਾੜੇ ਸ਼ਤੀਰ ਵਾਂਗ

ਮੈਂ ਅੱਜ ਤੱਕ ਤੇਰੇ ਕੋਲੋਂ, ਕੁਝ ਵੀ ਤਾਂ ਨਹੀਂ ਲੁਕਾਇਆ,
ਤੇਰੇ ਸਾਹਮਣੇ ਰਿਹਾ ਹਾਂ, ਨਿੱਤਰੇ ਹੋਏ ਨੀਰ ਵਾਂਗ

ਲੱਖ ਮੋੜਿਆਂ ਨਹੀਂ ਮੁੜਦੇ, ਕੁਝ ਬੋਲ ਐਸੇ ਹੁੰਦੇ,
ਮੁੜ ਚੜ੍ਹਦੇ ਨਾ ਕਮਾਨੀਂ, ਛੱਡੇ ਹੋਏ ਤੀਰ ਵਾਂਗ

ਇਹ ਇੱਜ਼ਤਾਂ 'ਚ ਰੰਗੀਓ, ਹੁਣ ਚੁੰਨੀ ਸਾਂਭ ਸਿਰ ਤੇ,
ਨਾ ਪੈਰਾਂ ਦੇ ਵਿੱਚ ਰੋਲ਼, ਕਿਸੇ ਪਾਟੀ ਲੀਰ ਵਾਂਗ

ਉਹ ਤੁਰ ਪਿਆ ਸੀ ਆਪੇ, ਕਿਸੇ ਫਕੀਰ ਵਾਂਗ
ਤੂੰ ਰੋਕਦਾ ਕਿਵੇਂ 'ਕੰਗ'? ਨੈਣਾਂ ਦੇ ਨੀਰ ਵਾਂਗ

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....