ਗੀਤ - ਆ ਰੂਹਾਂ ਦੀ ....

ਆ ਰੂਹਾਂ ਦੀ ਗੱਲ ਕੋਈ ਕਰੀਏ,
ਪਿਆਰ ਦੀ ਆਜਾ ਪੌਡ਼ੀ ਚਡ਼੍ਹੀਏ
ਦੁਨੀਆਂ ਕੋਲੋਂ ਹੁਣ ਨਾ ਡਰੀਏ,
ਡੂੰਘੇ ਇਸ਼ਕ ਝਨਾਂ ਨੂੰ ਤਰੀਏ
ਆ ਰੂਹਾਂ ਦੀ....

ਤੇਰੇ ਦਿਲ ਦਾ ਵਰਕਾ ਵਰਕਾ, ਮੈਂ ਤਾਂ ਅੱਜ ਪਡ਼੍ਹ ਲੈਣਾ ਏਂ
ਤੇਰੇ ਨੈਣਾਂ ਵਿੱਚ ਮੈਂ ਡੁੱਬ ਕੇ, ਤੈਨੂੰ ਆਪਣਾ ਕਹਿਣਾ ਏਂ
ਖ਼ਾਬ ਭਰੀ ਇਸ ਦੁਨੀਆਂ ਅੰਦਰ,
ਸੁੱਚਾ ਸਬਕ ਇਸ਼ਕ ਦਾ ਪਡ਼੍ਹੀਏ
ਆ ਖ਼ਾਬਾਂ ਨੂੰ ਆਪਾਂ ਫਡ਼ੀਏ
ਆ ਰੂਹਾਂ ਦੀ....

ਸੱਤ ਜਨਮਾਂ ਦੀ ਗੱਲ ਹੈ ਖੋਟੀ, ਸਾਂਝ ਹੈ ਸਾਡੀ ਰੂਹਾਂ ਦੀ
ਦੁਨੀਆ ਸਾਡੇ ਲਈ ਹੈ ਛੋਟੀ, ਕੌਣ ਕਰੇ ਗੱਲ ਜੂਹਾਂ ਦੀ
ਜੀਣਾ ਮਰਨਾ ਸਾਥ ਅਸਾਡਾ,
ਦੁੱਖ ਤੇ ਸੁੱਖ ਨੂੰ ਹੱਸ ਕੇ ਜਰੀਏ
ਦੋਂਵੇਂ ਇਕ ਬਰਾਬਰ ਧਰੀਏ
ਆ ਰੂਹਾਂ ਦੀ....

'ਕੰਗ' ਅਮਾਨਤ ਪਿਆਰ ਦੀ ਹੀਰੇ, ਤੇਰੇ ਲੇਖੇ ਲਾ ਦੇਵੇ
ਆਪਣਾ ਆਪਾ ਤੇਰੀ ਖਾਤਿਰ, ਤੇਰੇ ਉੱਤੋਂ ਲੁਟਾ ਦੇਵੇ
ਇਕ ਦੂਜੇ ਵਿੱਚ ਐਦਾਂ ਖੋਈਏ,
ਕਲਬੂਤਾਂ 'ਚੇ ਫਰਕ ਨਾ ਕਰੀਏ
ਆਜਾ ਹੁਣ ਨੀ ਆਪਾਂ ਅਡ਼ੀਏ
ਆ ਰੂਹਾਂ ਦੀ....

੧੪ ਫਰਵਰੀ ੨੦੦੮

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....